ਕਾਂਵੜ ਯਾਤਰਾ ਮਾਰਗ ’ਤੇ ਸਥਿਤ ਹੋਟਲਾਂ ਨੂੰ ਲਾਇਸੈਂਸ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼
ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਕਾਂਵੜ ਯਾਤਰਾ ਮਾਰਗ ’ਤੇ ਸਥਿਤ ਸਾਰੇ ਹੋਟਲ ਮਾਲਕਾਂ ਨੂੰ ਅੱਜ ਨਿਰਦੇਸ਼ ਦਿੱਤਾ ਕਿ ਉਹ ਕਾਨੂੰਨੀ ਲੋੜਾਂ ਮੁਤਾਬਕ ਆਪਣੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਦਰਸ਼ਿਤ ਕਰਨ। ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਕਿਹਾ ਕਿ ਉਸ ਵੱਲੋਂ ਹੋਟਲ ਜਾਂ ਢਾਬਾ ਮਾਲਕ ਦਾ ਨਾਮ ਅਤੇ ਕਿਊਆਰ ਕੋਡ ਪ੍ਰਦਰਸ਼ਿਤ ਕਰਨ ਦੇ ਹੋਰ ਮੁੱਦਿਆਂ ’ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਕਿਉਂਕਿ ਮੰਗਲਵਾਰ ਨੂੰ ਕਾਂਵੜ ਯਾਤਰਾ ਦਾ ਆਖ਼ਰੀ ਦਿਨ ਹੈ। ਬੈਂਚ ਨੇ ਕਿਹਾ, ‘‘ਸਾਨੂੰ ਦੱਸਿਆ ਗਿਆ ਹੈ ਕਿ ਯਾਤਰਾ ਦਾ ਅੱਜ ਆਖ਼ਰੀ ਦਿਨ ਹੈ... ਇਸ ਲਈ ਇਸ ਪੜਾਅ ’ਤੇ ਅਸੀਂ ਸਿਰਫ਼ ਇੱਕ ਆਦੇਸ਼ ਪਾਸ ਕਰ ਸਕਦੇ ਹਾਂ ਕਿ ਸਾਰੇ ਸਬੰਧਤ ਹੋਟਲ ਮਾਲਕ ਕਾਨੂੰਨੀ ਲੋੜਾਂ ਮੁਤਾਬਕ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ।’’ ਸੁਪਰੀਮ ਕੋਰਟ ਨੇ ਇਹ ਫੈਸਲਾ ਸਿੱਖਿਆ ਸ਼ਾਸਤਰੀ ਅਪੂਰਵਾਨੰਦ ਝਾਅ ਅਤੇ ਹੋਰਾਂ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਦੌਰਾਨ ਸੁਣਾਇਆ।