ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤੀ ਸਨਅਤਕਾਰਾਂ ਨੂੰ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਬਣਾਈਆਂ ਨੀਤੀਆਂ ਅਤੇ ਸੁਧਾਰਾਂ ਤੋਂ ਲਾਹਾ ਖੱਟਣ ਤੇ ਵੱਧ ਨਿਵੇਸ਼ ਕਰਨ ਤੋਂ ਨਾ ਝਿਜਕਣ। ਉਨ੍ਹਾਂ ਜਿੱਥੇ ਸਨਅਤੀ ਸੈਕਟਰ ਨੂੰ ਮੁਲਕ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ’ਚ ਸਰਕਾਰ ਦਾ ਭਾਈਵਾਲ ਬਣਨ ਲਈ ਆਖਿਆ, ਉੱਥੇ ਹੀ ਸਿਰਫ਼ ਬਜਟ ਦੀ ਸ਼ੁਰੂਆਤ ਦੀ ਬਜਾਇ ਸਾਰਾ ਸਾਲ ਹੀ ਸਰਕਾਰ ਨਾਲ ਰਾਬਤਾ ਕਾਇਮ ਰੱਖਣ ’ਤੇ ਜ਼ੋਰ ਦਿੱਤਾ। ਉਹ ਇੱਥੇ ‘ਇੰਡੀਅਨ ਫਾਊਂਡੇਸ਼ਨ ਫਾਰ ਕੁਆਲਿਟੀ ਮੈਨੇਜਮੈਂਟ’ (ਆਈ ਐੱਫ ਕਿਊ ਐੱਮ) ਵੱਲੋਂ ਕਰਵਾਏ ਸਿੰਪੋਜ਼ੀਅਮ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਲਈ ਗੁਣਵੱਤਾ ਪ੍ਰਬੰਧਨ, ਉਤਪਾਦਨ ਅਤੇ ਸੇਵਾਵਾਂ ’ਚ ਅਜਿਹੇ ਖੇਤਰਾਂ ਦੀ ਪਛਾਣ ਕਰਨ ਦੀ ਲੋੜ ਹੈ, ਜਿੱਥੇ ਸਭ ਤੋਂ ਵੱਧ ਦਖ਼ਲ ਦੇਣ ਦੀ ਲੋੜ ਹੈ।ਇਸ ਦੌਰਾਨ ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸੇਖਰਨ ਵੱਲੋਂ ਪੁੱਛੇ ਸੁਆਲ ਦੇ ਜੁਆਬ ’ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤਿੰਨ ਨੁਕਤਿਆਂ ਸਬੰਧੀ ਦੱਸਿਆ, ਜਿਨ੍ਹਾਂ ’ਚ ਵੱਧ ਨਿਵੇਸ਼ ਕਰਨਾ, ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ’ਚ ਸਰਕਾਰ ਦਾ ਭਾਈਵਾਲ ਬਣਨਾ ਅਤੇ ਸਰਕਾਰ ਨਾਲ ਸਾਰਾ ਸਾਲ ਹੀ ਸੰਪਰਕ ’ਚ ਰਹਿਣਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਰਕਾਰ, ਸਨਅਤਾਂ ਦੀਆਂ ਲੋੜਾਂ ਮੁਤਾਬਕ ਤੇਜ਼ੀ ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਵੱਲੋਂ ਇਸ ਦਿਸ਼ਾ ’ਚ ਚੁੱਕੇ ਕਈ ਕਦਮਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਭਾਰਤ ਦੀ ਜੀਡੀਪੀ ਵਿੱਚ ਸਭ ਤੋਂ ਅਹਿਮ ਯੋਗਦਾਨ ਲਘੂ, ਸੂਖਮ ਅਤੇ ਦਰਮਿਆਨੀਆਂ ਸਨਅਤਾਂ ਪਾਉਂਦੀਆਂ ਹਨ ਤੇ ਸਰਕਾਰ ਵੱਲੋਂ ਇਹ ਗੱਲ ਯਕੀਨੀ ਬਣਾਈ ਗਈ ਹੈ ਕਿ ‘ਸਿਡਬੀ’ ਇਨ੍ਹਾਂ ਦੀ ਸਹਾਇਤਾ ਲਈ ਹਮੇਸ਼ਾ ਮੌਜੂਦ ਰਹੇ।