ਸ਼ਹਿਦ ਦੀਆਂ ਮੱਖੀਆਂ ਕਾਰਨ ਇੰਡੀਗੋ ਦੀ ਸੂਰਤ-ਜੈਪੁਰ ਉਡਾਣ ਪੌਣਾ ਘੰਟਾ ਪਛੜੀ
ਸੂਰਤ, 8 ਜੁਲਾਈ
ਹਵਾਈ ਕੰਪਨੀ ਇੰਡੀਗੋ ਦੀ ਸੂਰਤ ਤੋਂ ਜੈਪੁਰ ਜਾਣ ਵਾਲੀ ਉਡਾਣ, ਜਹਾਜ਼ ਦੇ ਸਾਮਾਨ ਰੱਖਣ ਵਾਲੇ ਕੰਪਾਰਟਮੈਂਟ ’ਚ ਸ਼ਹਿਦ ਦੀਆਂ ਮੱਖੀਆਂ ਦਿਖਾਈ ਦੇਣ ਕਾਰਨ 45 ਮਿੰਟ ਪਛੜ ਗਈ। ਸੂਰਤ ਹਵਾਈ ਅੱਡੇ ਦੇ ਡਾਇਰੈਕਟਰ ਏਐੱਨ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੁਪਹਿਰ ਵੇਲੇ ਵਾਪਰੀ। ਉਨ੍ਹਾਂ ਦੱਸਿਆ ਕਿ ਜਹਾਜ਼ ਜਦੋਂ ਹਵਾਈ ਅੱਡੇ ’ਤੇ ਖੜ੍ਹਾ ਸੀ ਤਾਂ ਗਰਾਊਂਡ ਸਟਾਫ ਨੇ ਕਾਰਗੋ ਦਰਵਾਜ਼ੇ ਦੇ ਕਿਨਾਰੇ ’ਤੇ ਸ਼ਹਿਦ ਦੀਆਂ ਮੱਖੀਆਂ ਬੈਠੀਆਂ ਦੇਖੀਆਂ। ਇਹ ਦਰਵਾਜ਼ਾ ਜਹਾਜ਼ ’ਚ ਸਮਾਨ ਰੱਖਣ ਸਮੇਂ ਖੁੱਲ੍ਹਾ ਸੀ। ਸ਼ਰਮਾ ਨੇ ਕਿਹਾ, ‘‘ਸੂਚਨਾ ਮਿਲਣ ਮਗਰੋਂ ਸਾਡਾ ਫਾਇਰ ਬ੍ਰਿਗੇਡ ਅਮਲਾ ਮੌਕੇ ’ਤੇ ਪੁਹੁੰਚਿਆ ਤੇ ਪਾਣੀ ਛਿੜਕ ਕੇ ਖੁੱਲ੍ਹੇ ਦਰਵਾਜ਼ੇ ਦੇ ਕਿਨਾਰੇ ਤੋਂ ਮੱਖੀਆਂ ਹਟਾਈਆਂ। ਇਸ ਘਟਨਾ ਕਾਰਨ ਸੂਰਤ-ਜੈਪੁਰ ਉਡਾਣ ਦੀ ਰਵਾਨਗੀ ’ਚ ਲਗਪਗ 45 ਮਿੰਟ ਦੇਰੀ ਹੋਈ।’’ ਉਨ੍ਹਾਂ ਕਿਹਾ ਕਿ ਘਟਨਾ ’ਚ ਕੋਈ ਵੀ ਜ਼ਖਮੀ ਨਹੀਂ ਹੋਇਆ। ਸਾਰੇ ਯਾਤਰੀ ਪਹਿਲਾਂ ਹੀ ਜਹਾਜ਼ ’ਚ ਬੈਠ ਚੁੱਕੇ ਸਨ ਅਤੇ ਇੱਕ ਵਿਅਕਤੀ ਨੇ ਇਹ ਘਟਨਾ ਆਪਣੇ ਫੋਨ ’ਚ ਰਿਕਾਰਡ ਕਰ ਲਈ ਤੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ। ਸ਼ਰਮਾ ਮੁਤਾਬਕ ਸੂਰਤ ਹਵਾਈ ਅੱਡੇ ’ਤੇ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। -ਪੀਟੀਆਈ