ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਸੰਕਟ ਵਿੱਚ ਘਿਰੀ ਇੰਡੀਗੋ ਏਅਰਲਾਈਨ ਨੂੰ ਆਪਣੀਆਂ ਉਡਾਣਾਂ ਵਿੱਚ 10 ਫ਼ੀਸਦੀ ਕਟੌਤੀ ਕਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ ਏਅਰਲਾਈਨ ਦਾ ਕੰਮਕਾਜ ਸਥਿਰ ਕਰਨ ਅਤੇ ਲਗਾਤਾਰ ਰੱਦ ਹੋ ਰਹੀਆਂ ਉਡਾਣਾਂ ਰੋਕਣ ਲਈ ਦਿੱਤਾ ਗਿਆ ਹੈ। ਅੱਜ ਛੇ ਪ੍ਰਮੁੱਖ ਮੈਟਰੋ ਹਵਾਈ ਅੱਡਿਆਂ ਤੋਂ ਇੰਡੀਗੋ ਦੀਆਂ 422 ਉਡਾਣਾਂ ਰੱਦ ਹੋਈਆਂ।
ਮੰਤਰੀ ਨੇ ਅੱਜ ਇੰਡੀਗੋ ਦੇ ਸੀ ਈ ਓ ਪੀਟਰ ਐਲਬਰਜ਼ ਨੂੰ ਮੰਤਰਾਲੇ ਵਿੱਚ ਤਲਬ ਕੀਤਾ ਸੀ। ਮੀਟਿੰਗ ਦੌਰਾਨ ਮੰਤਰੀ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਸਪੱਸ਼ਟ ਕੀਤਾ ਕਿ ਪ੍ਰਬੰਧਕੀ ਅਸਫਲਤਾ ਕਾਰਨ ਯਾਤਰੀਆਂ ਦੀ ਖੱਜਲ-ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੀਟਿੰਗ ਦੀ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿੱਚ ਸੀ ਈ ਓ ਹੱਥ ਜੋੜ ਕੇ ਬੈਠੇ ਨਜ਼ਰ ਆਏ।
ਮੀਟਿੰਗ ਮਗਰੋਂ ਵੀਡੀਓ ਸੰਦੇਸ਼ ਰਾਹੀਂ ਸੀ ਈ ਓ ਐਲਬਰਜ਼ ਨੇ ਯਾਤਰੀਆਂ ਤੋਂ ਮੁਆਫ਼ੀ ਮੰਗਦਿਆਂ ਹਾਲਾਤ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਾਲਾਤ ਹੁਣ ਸਥਿਰ ਹਨ ਅਤੇ ਅੱਜ 1800 ਤੋਂ ਵੱਧ ਜਹਾਜ਼ਾਂ ਨੇ ਉਡਾਣ ਭਰੀ। 6 ਦਸੰਬਰ ਤੱਕ ਰੱਦ ਹੋਈਆਂ ਉਡਾਣਾਂ ਦਾ 100 ਫ਼ੀਸਦੀ ਰਿਫੰਡ ਕਰ ਦਿੱਤਾ ਗਿਆ ਹੈ।
ਇੰਡੀਗੋ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ
ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਲੋਕ ਸਭਾ ਵਿੱਚ ਸਪੱਸ਼ਟ ਕੀਤਾ ਕਿ ਯਾਤਰੀਆਂ ਨੂੰ ਪਰੇਸ਼ਾਨ ਕਰਨ ਵਾਲੀ ਕਿਸੇ ਵੀ ਏਅਰਲਾਈਨ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ। ਇੰਡੀਗੋ ਦੀਆਂ ਉਡਾਣਾਂ ਵਿੱਚ ਆਈ ਰੁਕਾਵਟ ਲਈ ਕੰਪਨੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ ਜੀ ਸੀ ਏ ਨੇ ਇੰਡੀਗੋ ਦੇ ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਉਧਰ, ਵਿਰੋਧੀ ਧਿਰਾਂ ਨੇ ਮੰਤਰੀ ਦੇ ਬਿਆਨ ਤੋਂ ਅਸੰਤੁਸ਼ਟੀ ਜ਼ਾਹਰ ਕਰਦਿਆਂ ਸਦਨ ’ਚੋਂ ਵਾਕਆਊਟ ਕਰ ਦਿੱਤਾ।

