DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੀਗੋ: ਸਰਕਾਰ ਵੱਲੋਂ ਜਾਂਚ ਦੇ ਹੁਕਮ

ਡੀ ਜੀ ਸੀ ਏ ਨੇ ਚਾਰ ਮੈਂਬਰੀ ਕਮੇਟੀ ਬਣਾ ਕੇ 15 ਦਿਨਾਂ ਵਿੱਚ ਰਿਪੋਰਟ ਮੰਗੀ

  • fb
  • twitter
  • whatsapp
  • whatsapp
featured-img featured-img
ਬੰਗਲੁਰੂ ਦੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਫਸੇ ਮੁਸਾਫ਼ਰ ਆਪੋ ਆਪਣਾ ਸਾਮਾਨ ਲੱਭਦੇ ਹੋਏ। -ਫੋਟੋ: ਪੀਟੀਆਈ
Advertisement

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇੰਡੀਗੋ ਦੀਆਂ ਉਡਾਣਾਂ ਦੇ ਚੱਲ ਰਹੇ ਰੇੜਕੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਬੀਤੇ ਕੁਝ ਦਿਨਾਂ ਤੋਂ ਏਅਰਲਾਈਨ ਦੀਆਂ ਹਜ਼ਾਰਾਂ ਉਡਾਣਾਂ ਰੱਦ ਤੇ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ। ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਤਿੰਨ ਦਿਨਾਂ ਵਿੱਚ ਇੰਡੀਗੋ ਦਾ ਸੰਚਾਲਨ ਸੁਚਾਰੂ ਹੋਣ ਦੀ ਗੱਲ ਕਹੀ ਹੈ।

ਉਧਰ, ਹਵਾਬਾਜ਼ੀ ਨਿਗਰਾਨ ਸੰਸਥਾ ਡੀ ਜੀ ਸੀ ਏ ਨੇ ਵੀ ਚਾਰ ਮੈਂਬਰੀ ਕਮੇਟੀ ਬਣਾ ਕੇ 15 ਦਿਨਾਂ ਵਿੱਚ ਏਅਰਲਾਈਨ ਤੋਂ ਜਵਾਬ ਮੰਗਿਆ ਹੈ। ਇੰਡੀਗੋ ਦੇ ਸੀ ਈ ਓ ਪੀਟਰ ਐਲਬਰਸ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਏਅਰਲਾਈਨ ਦੀਆਂ1000 ਦੇ ਕਰੀਬ ਉਡਾਣਾਂ ਰੱਦ ਹੋਣ ਅਤੇ 10-15 ਦਸੰਬਰ ਤਕ ਸੰਚਾਲਨ ਸੁਚਾਰੂ ਹੋਣ ਦੀ ਉਮੀਦ ਹੈ। ਏਅਰਲਾਈਨ ਦੇ ਸੀਈਓ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੀਤੇ ਦਿਨਾਂ ਵਿੱਚ ਚੁੱਕੇ ਕਦਮ ਨਾਕਾਫ਼ੀ ਸਾਬਤ ਹੋਣ ਕਾਰਨ ਉਨ੍ਹਾਂ ਸਾਰੇ ਸਿਸਟਮ ਅਤੇ ਸਮਾਂ ਸਾਰਨੀ ਨੂੰ ਨਵਿਆਉਣ ਦਾ ਫੈਸਲਾ ਕੀਤਾ ਹੈ ਜਿਸ ਕਾਰਨ ਅੱਜ 1000 ਉਡਾਣਾਂ ਰੱਦ ਹੋਈਆਂ।

Advertisement

ਅਧਿਕਾਰੀ ਨੇ ਵੀਡੀਓ ਸੁਨੇਹੇ ਵਿੱਚ ਯਾਤਰੀਆਂ ਤੋਂ ਹੋ ਰਹੀ ਅਸੁਵਿਧਾ ਲਈ ਮੁਆਫੀ ਮੰਗੀ ਹੈ। ਡੀ ਜੀ ਸੀ ਏ ਵੱਲੋਂ ਰਾਤ ਦੀ ਡਿਊਟੀ ਸਬੰਧੀ ਨੇਮਾਂ ਵਿੱਚ ਛੋਟ ਦੇਣ ਨਾਲ ਏਅਰਲਾਈਨ ਦੀ ਵੱਡੀ ਮਦਦ ਹੋਈ ਹੈ। ਇਸੇ ਦੌਰਾਨ ਅੱਜ ਦਿੱਲੀ ਹਵਾਈ ਅੱਡੇ ਤੋਂ ਦੇਰ ਰਾਤ ਤਕ ਕੋਈ ਉਡਾਣ ਨਹੀਂ ਗਈ। ਦਿੱਲੀ ਹਵਾਈ ਅੱਡਾ ਅਪਰੇਟਰ ਨੇ ਦੱਸਿਆ ਕਿ ਹੋਰਨਾਂ ਏਅਰਲਾਈਨਾਂ ਦੀਆਂ ਉਡਾਣਾਂ ਤੈਅ ਸਮੇਂ ਮੁਤਾਬਕ ਚੱਲੀਆਂ। ਬੰਗਲੂਰੂ, ਜੰਮੂ ਕਸ਼ਮੀਰ ਦੇ ਹਵਾਈ ਅੱਡਿਆਂ ’ਤੇ ਵੀ ਇੰਡੀਗੋ ਦੀਆਂ ਉਡਾਣਾਂ ਰੱਦ ਰਹੀਆਂ। ਉਧਰ, ਏਅਰਲਾਈਨਜ਼ ਪਾਇਲਟ ਐਸੋਸੀਏਸ਼ਨ ਇੰਡੀਆ ਨੇ ਡੀਜੀਸੀਏ ਵੱਲੋਂ ਰਾਤਰੀ ਡਿਊਟੀ ਵਿੱਚ ਦਿੱਤੀ ਚੋਣਵੀਂ ਅਤੇ ਅਸੁਰੱਖਿਅਤ ਰਾਹਤ ’ਤੇ ‘ਸਖਤ’ ਇਤਰਾਜ਼ ਜਤਾਉੱਂਦਿਆਂ ਕਿਹਾ ਕਿ ਇਸ ਫੈਸਲੇ ਨਾਲ ਖਤਰਨਾਕ ਰਵਾਇਤ ਕਾਇਮ ਹੋਵੇਗੀ। ਡੀਜੀਸੀਏ ਨੇ ਸਾਰੇ ਪਾਇਲਟਾਂ ਅਤੇ ਉਨ੍ਹਾਂ ਦੀਆਂ ਐਸੋਸੀਏਸ਼ਨਾਂ ਨੂੰ ਏਅਰਲਾਈਨ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। -ਪੀਟੀਆਈ

Advertisement

ਇੰਡੀਗੋ ਘੜਮੱਸ ਕਾਰਨ ਰੇਲਵੇ ਨੇ 116 ਕੋਚ ਵਧਾਏ

ਨਵੀਂ ਦਿੱਲੀ: ਉੱਤਰੀ ਰੇਲਵੇ ਨੇ ਇੰਡੀਗੋ ਏਅਰਲਾਈਨ ਦੇ ਰੇੜਕੇ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਲਈ ਰੇਲਗੱਡੀਆਂ ਵਿੱਚ 116 ਕੋਚ ਵਧਾਏ ਹਨ। ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਕਿਹਾ ਕਿ ਜੰਮੂ ਰਾਜਧਾਨੀ ਐਕਸਪ੍ਰੈੱਸ ਅਤੇ ਡਿਬਰੂਗੜ੍ਹ ਰਾਜਧਾਨੀ ਐਕਸਪ੍ਰੈੱਸ ਵਿੱਚ ਤਿੰਨ ਏ ਸੀ ਕੋਚ ਵਧਾਏ ਗਏ ਹਨ। ਚੰਡੀਗੜ੍ਹ ਸ਼ਤਾਬਦੀ ਅਤੇ ਅੰਮ੍ਰਿਤਸਰ ਸ਼ਤਾਬਦੀ ਵਿੱਚ ਵੀ ਇਕ-ਇਕ ਏ ਸੀ ਚੇਅਰਕਾਰ ਕੋਚ ਵਧਾਇਆ ਗਿਆ ਹੈ। ਇਸੇ ਤਰ੍ਹਾਂ ਰੇਲਵੇ ਨੇ ਹੋਰਨਾਂ ਕਈ ਗੱਡੀਆਂ ਵਿੱਚ ਵੀ ਕੋਚ ਵਧਾ ਦਿੱਤੇ ਹਨ। ਇਹ ਪ੍ਰਬੰਧ ਸਮੱਸਿਆ ਦੇ ਖ਼ਤਮ ਹੋਣ ਤਕ ਜਾਰੀ ਰਹਿਣਗੇ। -ਪੀਟੀਆਈ

ਸੰਕਟ ਅਜਾਰੇਦਾਰੀ ਦਾ ਨਤੀਜਾ: ਰਾਹੁਲ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਇੰਡੀਗੋ ਦਾ ਸੰਕਟ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਜਾਰੇਦਾਰੀ ਮਾਡਲ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਰ ਖੇਤਰ ਵਿੱਚ ਮੈਚ ਫਿਰਸਿੰਗ ਦੀ ਥਾਂ ਖੁੱਲ੍ਹੀ ਮੁਕਾਬਲੇਬਾਜ਼ੀ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਡਾਣਾਂ ਰੱਦ ਹੋਣ, ਦੇਰੀ ਤੇ ਬੇਬਸੀ ਦੀ ਕੀਮਤ ਆਮ ਲੋਕਾਂ ਨੂੰ ਤਾਰਨੀ ਪੈ ਰਹੀ ਹੈ। ਉਨ੍ਹਾਂ ਅਖ਼ਬਾਰ ’ਚ ਛਪਿਆ ਆਪਣਾ ਲੇਖ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ, ‘‘ਪ੍ਰਗਤੀਸ਼ੀਲ ਭਾਰਤ ਵਪਾਰ ਸਬੰਧੀ ਨਵਾਂ ਸਮਝੌਤਾ ਇਕ ਵਿਚਾਰ ਹੈ ਜਿਸ ਦਾ ਸਮਾਂ ਆ ਗਿਆ ਹੈ।’’

ਹਵਾਈ ਕਿਰਾਏ ਅਸਮਾਨੀਂ ਚੜ੍ਹੇ

ਨਵੀਂ ਦਿੱਲੀ (ਮਨਧੀਰ ਦਿਓਲ): ਇੰਡੀਗੋ ਦੀਆਂ ਅੱਜ 700 ਤੋਂ ਵੱਧ ਉਡਾਣਾਂ ਰੱਦ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਸੀਮਤ ਉਡਾਣਾਂ ਦੇ ਸੰਚਾਲਨ ਅਤੇ ਆਖ਼ਰੀ ਸਮੇਂ ਦੀਆਂ ਸੀਟਾਂ ਤੇਜ਼ੀ ਨਾਲ ਗਾਇਬ ਹੋਣ ਕਾਰਨ ਕਿਰਾਇਆਂ ਵਿੱਚ ਤੇਜ਼ੀ ਆ ਗਈ ਹੈ। ਸਪਾਈਸ ਜੈੱਟ ਦਾ 6 ਦਸੰਬਰ ਦੀ ਕੋਲਕਾਤਾ-ਮੁੁੰਬਈ ਉਡਾਣ ਦਾ ਕਿਰਾਇਆ 90,000 ਅਤੇ ਏਅਰ ਇੰਡੀਆ ਦੀ ਮੁੰਬਈ-ਭੁਬਨੇਸ਼ਵਰ ਦਾ ਕਿਰਾਇਆ 84,485 ਰੁਪਏ ’ਤੇ ਪਹੁੰਚ ਗਿਆ ਹੈ। ਦਿੱਲੀ-ਮੁੰਬਈ ਦਾ ਕਿਰਾਇਆ ਲਗਪਗ 60,000 ਰੁਪਏ ਨੂੰ ਛੂਹ ਗਿਆ ਹੈ, ਜੋ ਆਮ ਦਿਨਾਂ ਵਿੱਚ 20,000 ਰੁਪਏ ਹੁੰਦਾ ਹੈ।

Advertisement
×