ਇੰਡੀਗੋ: 610 ਕਰੋੜ ਦੀ ਰਿਫੰਡ ਹੋਣ ਦਾ ਦਾਅਵਾ
ਹਵਾਈ ਸੇਵਾ ਕੰਪਨੀ ਇੰਡੀਗੋ ਨੇ ਰੱਦ ਜਾਂ ਜ਼ਿਆਦਾ ਦੇਰੀ ਨਾਲ ਉਡਾਣਾਂ ਲਈ ਹੁਣ ਤੱਕ 610 ਕਰੋੜ ਰੁਪਏ ਦੇ ਰਿਫੰਡ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਬੀਤੇ ਦਿਨ ਤੱਕ ਤਿੰਨ ਹਜ਼ਾਰ ਨਗ ਮੁਸਾਫ਼ਰਾਂ ਤੱਕ ਪਹੁੰਚਾ ਦਿੱਤੇ ਗਏ ਹਨ। ਸ਼ਹਿਰੀ ਹਵਾਬਾਜ਼ੀ...
ਹਵਾਈ ਸੇਵਾ ਕੰਪਨੀ ਇੰਡੀਗੋ ਨੇ ਰੱਦ ਜਾਂ ਜ਼ਿਆਦਾ ਦੇਰੀ ਨਾਲ ਉਡਾਣਾਂ ਲਈ ਹੁਣ ਤੱਕ 610 ਕਰੋੜ ਰੁਪਏ ਦੇ ਰਿਫੰਡ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਬੀਤੇ ਦਿਨ ਤੱਕ ਤਿੰਨ ਹਜ਼ਾਰ ਨਗ ਮੁਸਾਫ਼ਰਾਂ ਤੱਕ ਪਹੁੰਚਾ ਦਿੱਤੇ ਗਏ ਹਨ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਕਿਹਾ ਕਿ ਦੇਸ਼ ਦਾ ਹਵਾਬਾਜ਼ੀ ਨੈੱਟਵਰਕ ਤੇਜ਼ੀ ਨਾਲ ਆਮ ਸਥਿਤੀ ਵੱਲ ਮੁੜ ਰਿਹਾ ਹੈ ਅਤੇ ਸੰਚਾਲਨ ਪੂਰੀ ਤਰ੍ਹਾਂ ਸਥਿਰ ਹੋਣ ਤੱਕ ਸੁਧਾਰ ਸਬੰਧੀ ਕਦਮ ਲਾਗੂ ਰਹਿਣਗੇ। ਇੰਡੀਗੋ ਦੇ ਹਾਲੀਆ ਸੰਚਾਲਨ ਸੰਕਟ ਕਾਰਨ ਬਣੀ ਸਮੱਸਿਆ ਦੂਰ ਕਰਨ ਲਈ ਤੇਜ਼ ਤੇ ਅਸਰਦਾਰ ਕਦਮ ਚੁੱਕੇ ਗਏ ਹਨ ਤਾਂ ਜੋ ਮੁਸਾਫ਼ਰਾਂ ਨੂੰ ਅੱਗੇ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸੇ ਦੌਰਾਨ ਇੰਡੀਗੋ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਦੇ ਬੋਰਡ ਨੇ ਸੰਕਟ ਪ੍ਰਬੰਧਨ ਸਮੂਹ ਬਣਾਇਆ ਹੈ ਜੋ ਹਾਲਾਤ ਦੀ ਨਿਗਰਾਨੀ ਲਈ ਲਗਾਤਾਰ ਕੰਮ ਕਰ ਰਿਹਾ ਹੈ।
ਏਅਰਲਾਈਨ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕੰਪਨੀ ਦਾ ਬੋਰਡ ਆਫ ਡਾਇਰੈਕਟਰਜ਼ ਗਾਹਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਹੱਲ ਲਈ ਅਤੇ ਮੁਸਾਫ਼ਰਾਂ ਨੂੰ ਰਿਫੰਡ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
ਜਵਾਬਦੇਹੀ ਤੈਅ ਕੀਤੀ ਜਾਵੇਗੀ: ਮੋਹੋਲ
ਪੁਣੇ: ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਕਿਹਾ ਕਿ ਇੰਡੀਗੋ ਦੇ ਮੌਜੂਦਾ ਸੰਚਾਲਨ ਸੰਕਟ ਕਾਰਨ ਮੁਸਾਫ਼ਰਾਂ ਨੂੰ ਮਾਨਸਿਕ ਤਣਾਅ ਤੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸੰਕਟ ਨੂੰ ਲੈ ਕੇ ਜਵਾਬਦੇਹੀ ਤੈਅ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਚਾਰ ਮੈਂਬਰੀ ਕਮੇਟੀ ਦੀ ਰਿਪੋਰਟ ਆਉਣ ਮਗਰੋਂ ਕਾਰਵਾਈ ਕੀਤੀ ਜਾਵੇਗੀ।
ਸੰਸਦੀ ਕਮੇਟੀ ਅਧਿਕਾਰੀਆਂ ਨੂੰ ਤਲਬ ਕਰੇਗੀ
ਨਵੀਂ ਦਿੱਲੀ: ਇੰਡੀਗੋ ਦੀਆਂ ਉਡਾਣਾਂ ਵੱਡੇ ਪੱਧਰ ’ਤੇ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਹੋਈ ਖੱਜਲ-ਖੁਆਰੀ ਦਾ ਸੰਸਦੀ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ। ਆਵਾਜਾਈ, ਸੈਰ-ਸਪਾਟਾ ਅਤੇ ਸੱਭਿਆਚਾਰ ਬਾਰੇ ਸੰਸਦੀ ਸਥਾਈ ਕਮੇਟੀ ਜਲਦੀ ਹੀ ਨਿੱਜੀ ਏਅਰਲਾਈਨਾਂ ਦੇ ਉੱਚ ਅਧਿਕਾਰੀਆਂ ਅਤੇ ਸ਼ਹਿਰੀ ਹਵਾਬਾਜ਼ੀ ਰੈਗੂਲੇਟਰ (ਡੀ ਜੀ ਸੀ ਏ) ਨੂੰ ਤਲਬ ਕਰ ਸਕਦੀ ਹੈ। ਜੇ ਡੀ (ਯੂ) ਆਗੂ ਸੰਜੈ ਝਾਅ ਦੀ ਅਗਵਾਈ ਹੇਠਲੀ ਕਮੇਟੀ ਇਸ ਸੰਕਟ ਦੇ ਕਾਰਨਾਂ ਅਤੇ ਹੱਲ ਬਾਰੇ ਜਵਾਬ ਤਲਬ ਕਰੇਗੀ। ਇੰਡੀਗੋ ਨੇ ਸਥਿਤੀ ਨਾਲ ਨਜਿੱਠਣ ਲਈ ‘ਸੰਕਟ ਪ੍ਰਬੰਧਨ ਗਰੁੱਪ’ ਬਣਾਇਆ ਹੈ।

