ਨਵੀਂ ਦਿੱਲੀ, 13 ਫਰਵਰੀ
ਵੈਲੇਨਟਾਈਨ ਡੇਅ ਤੋਂ ਪਹਿਲਾਂ 30 ਮੁਲਕਾਂ ਵਿੱਚ ਕੀਤੇ ਅਤੇ ਜਾਰੀ ਕੀਤੇ ਗਏ ਇੱਕ ਨਵੇਂ ਆਲਮੀ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਭਾਰਤ ਵਾਸੀ ਆਪਣੇ ਪਿਆਰ ਜੀਵਨ ਤੋਂ ਸਭ ਤੋਂ ਘੱਟ ਸੰਤੁਸ਼ਟ ਹਨ। ‘ਲਵ ਲਾਈਫ ਸੰਤੁਸ਼ਟੀ 2025’ ਸਰਵੇਖਣ ਦੇ ਨਤੀਜੇ ਦਾਅਵਾ ਕਰਦੇ ਹਨ ਕਿ ਇਸ ਮਾਮਲੇ ਵਿਚ ਕੋਲੰਬੀਆ (82 ਫ਼ੀਸਦੀ), ਥਾਈਲੈਂਡ (81 ਫ਼ੀਸਦੀ), ਮੈਕਸਿਕੋ (81 ਫ਼ੀਸਦੀ), ਇੰਡੋਨੇਸ਼ੀਆ (81 ਫ਼ੀਸਦੀ) ਅਤੇ ਮਲੇਸ਼ੀਆ (79 ਫ਼ੀਸਦੀ) ਆਦਿ ਮੋਹਰੀ ਹਨ। ਦੂਜੇ ਪਾਸੇ ਭਾਰਤ 63 ਫ਼ੀਸਦੀ, ਦੱਖਣੀ ਕੋਰੀਆ 59 ਫ਼ੀਸਦੀ ਅਤੇ ਜਪਾਨ 56 ਫ਼ੀਸਦੀ ਨਾਲ ਇਸ ਪੱਖੋਂ ਸਭ ਤੋਂ ਪਿੱਛੇ ਸਨ। ਇਹ ਸਰਵੇ ਪ੍ਰਮੁੱਖ ਮਾਰਕੀਟ ਖੋਜ ਅਤੇ ਪੋਲਿੰਗ ਕੰਪਨੀ ਇਪਸੋਸ ਵੱਲੋਂ 30 ਦੇਸ਼ਾਂ ਵਿੱਚ 23,765 ਬਾਲਗ਼ਾਂ ਉਤੇ ਕੀਤਾ ਗਿਆ। ਭਾਰਤ ਵਿੱਚ ਇਸ ਸਰਵੇਖਣ ਵਿਚ 2,000 ਤੋਂ ਵੱਧ ਬਾਲਗ਼ਾਂ ਨੂੰ ਸ਼ਾਮਲ ਕੀਤਾ ਗਿਆ। ਇਸ ਸਬੰਧੀ ਇਕ ਬਿਆਨ ਵਿਚ ਇਪਸੋਸ ਯੂਯੂ ਅਤੇ ਸਿੰਥੇਸੀਓ, ਇੰਡੀਆ ਦੇ ਗਰੁੱਪ ਸਰਵਿਸ ਲਾਈਨ ਲੀਡਰ ਅਸ਼ਵਨੀ ਸਿਰਸੀਕਰ ਨੇ ਕਿਹਾ, ‘ਭਾਰਤੀ ਜ਼ਿਆਦਾਤਰ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਹਨ ਅਤੇ ਦੂਜੇ ਪਾਸੇ ਜਿਹੜੇ ਲੋਕ ਨਿਊਕਲੀਅਰ ਪਰਿਵਾਰਾਂ ਵਿੱਚ ਰਹਿੰਦੇ ਹਨ, ਉਨ੍ਹਾਂ ’ਤੇ ਪਰਿਵਾਰਕ ਜ਼ਿੰਮੇਵਾਰੀਆਂ, ਕੰਮ ਦਾ ਦਬਾਅ, ਕਰੀਅਰ ਅਤੇ ਸਮਾਜਿਕ ਦਬਾਅ ਭਾਰੂ ਰਹਿੰਦਾ ਹੈ, ਜਿਸ ਕਾਰਨ ਰੋਮਾਂਸ, ਆਪਸੀ ਖਿੱਚ ਅਤੇ ਪਿਆਰ ਲਈ ਘੱਟ ਸਮਾਂ ਬਚਦਾ ਹੈ।’ ਸਰਵੇਖਣ ਮੁਤਾਬਕ 64 ਫ਼ੀਸਦੀ ਭਾਰਤੀਆਂ ਨੇ ਕਿਹਾ ਕਿ ਉਹ ਪਿਆਰ ਮਹਿਸੂਸ ਕਰਦੇ ਹਨ, ਪਰ ਸਿਰਫ 57 ਫ਼ੀਸਦੀ ਭਾਰਤੀਆਂ ਨੇ ਆਪਣੀ ਰੋਮਾਂਟਿਕ ਜ਼ਿੰਦਗੀ ’ਚ ਜਿਨਸੀ ਪੱਖੋਂ ਸੰਤੁਸ਼ਟ ਹੋਣ ਦੀ ਗੱਲ ਆਖੀ ਹੈ। ਹਾਲਾਂਕਿ ਲੱਭਤਾਂ ਅਨੁਸਾਰ ਵਧੇਰੇ ਭਾਰਤੀ (67 ਫ਼ੀਸਦੀ) ਆਪਣੇ ਜੀਵਨ ਸਾਥੀ ਨਾਲ ਆਪਸੀ ਰਿਸ਼ਤੇ ਤੋਂ ਸੰਤੁਸ਼ਟ ਪਾਏ ਗਏ ਹਨ। ‘ਦਿਲਚਸਪ ਗੱਲ ਇਹ ਹੈ ਕਿ ਜਿਨਸੀ ਰਿਸ਼ਤਿਆਂ ਅਤੇ ਸਾਥੀ ਨਾਲ ਖੁਸ਼ੀ ਆਪਸ ਵਿਚ ਸਬੰਧਤ ਦੇਖੀ ਗਈ। ਜਿਹੜੇ ਦੇਸ਼ਾਂ ਵਿੱਚ ਲੋਕ ਆਪਣੇ ਸਾਥੀ ਨਾਲ ਸਬੰਧਾਂ ਤੋਂ ਵਧੇਰੇ ਸੰਤੁਸ਼ਟ ਹਨ, ਉਨ੍ਹਾਂ ਦੇ ਰੋਮਾਂਟਿਕ ਤੇ ਜਿਨਸੀ ਪੱਖ ਤੋਂ ਸੰਤੁਸ਼ਟ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ।... ਪਰ ਕੁਝ ਮੁਲਕਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਸੀ, ਜਿਵੇਂ ਕਿ ਬ੍ਰਾਜ਼ੀਲ, ਦੱਖਣੀ ਕੋਰੀਆ ਅਤੇ ਭਾਰਤ ਵਿਚ ਲੋਕ ਆਪਣੇ ਰੋਮਾਂਟਿਕ ਤੇ ਜਿਨਸੀ ਪੱਖ ਤੋਂ ਸੰਤੁਸ਼ਟੀ ਦੇ ਪੱਧਰ ਦੇ ਮੁਕਾਬਲੇ ਆਪਣੇ ਸਾਥੀ ਤੋਂ ਘੱਟ ਸੰਤੁਸ਼ਟ ਹਨ।’ -ਪੀਟੀਆਈ