ਲੰਡਨ ਸਥਿਤ ਯੂਨੀਵਰਸਿਟੀ ਦੇ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ 97 ਫ਼ੀਸਦ ਭਾਰਤੀ ਵਿਦਿਆਰਥੀ ਅਜਿਹੀ ਸਿੱਖਿਆ ਚਾਹੁੰਦੇ ਹਨ ਜੋ ਉਨ੍ਹਾਂ ਦਾ ਕਰੀਅਰ ਬਣਾਉਣ ਵਿੱਚ ਮਦਦ ਕਰੇ; ਉਨ੍ਹਾਂ ਦਾ ਮੰਨਣਾ ਹੈ ਕਿ ਵਿਦੇਸ਼ ਵਿੱਚ ਪੜ੍ਹਨ ਲਈ ਰੁਜ਼ਗਾਰ, ਕੰਮ ਦਾ ਤਜਰਬਾ ਅਤੇ ਹੁਨਰ ਜ਼ਰੂਰੀ ਹੈ।
ਸਿਟੀ ਸੇਂਟ ਜਾਰਜ, ਯੂਨੀਵਰਸਿਟੀ ਆਫ ਲੰਡਨ ਵੱਲੋਂ ਅਰਲਿੰਗਟਨ ਰਿਸਰਚ ਰਾਹੀਂ ਕਰਵਾਏ ਅਧਿਐਨ ਅਨੁਸਾਰ ਭਾਰਤੀ ਵਿਦਿਆਰਥੀਆਂ ਲਈ ਉੱਚ ਸਿੱਖਿਆ ਦਾ ਮਕਸਦ ਲੈਕਚਰਾਂ ਅਤੇ ਪਾਠ ਪੁਸਤਕਾਂ ਤੋਂ ਕਿਤੇ ਵੱਧ ਹੈ। ‘ਵਿਦੇਸ਼ ਵਿੱਚ ਪੜ੍ਹਾਈ ਦੀ ਮਹੱਤਤਾ’ ਨਾਮਕ ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਭਾਰਤੀ ਵਿਦਿਆਰਥੀ ਹੁਣ ਕੌਮਾਂਤਰੀ ਪੱਧਰ ’ਤੇ ਉੱਚ ਸਿੱਖਿਆ ਤੋਂ ਜੋ ਉਮੀਦਾਂ ਰੱਖਦੇ ਹਨ, ਉਸ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ ਅਤੇ ਇਹ ਕਲਾਸਰੂਮ ਵਿੱਚ ਮਿਲਣ ਵਾਲੀ ਸਿੱਖਿਆ ਤੋਂ ਪਰ੍ਹੇ ਹੈ। ਸਰਵੇਖਣ ਵਿੱਚ ਸ਼ਾਮਲ ਸਾਰੇ ਦੇਸ਼ਾਂ ਵਿੱਚੋਂ ਭਾਰਤੀ ਵਿਦਿਆਰਥੀ ਆਪਣੀ ਵਿਹਾਰਕ ਸਿੱਖਿਆ, ਤਕਨੀਕੀ ਹੁਨਰ ਅਤੇ ਪੇਸ਼ੇਵਰ ਵਿਹਾਰ ਨੂੰ ਆਪਣੇ ਵਿਦਿਅਕ ਤਜਰਬੇ ਦੇ ਮੁੱਖ ਹਿੱਸੇ ਵਜੋਂ ਸਭ ਤੋਂ ਵੱਧ ਮਹੱਤਵ ਦਿੰਦੇ ਹਨ।’’
ਸਿਟੀ ਸੇਂਟ ਜਾਰਜ, ਯੂਨੀਵਰਸਿਟੀ ਆਫ ਲੰਡਨ ਵਿੱਚ ਰੁਜ਼ਗਾਰ ਵਿਭਾਗ ਦੀ ਡਾਇਰੈਕਟਰ ਜੇਮਾ ਕੇਨੀਅਨ ਅਨੁਸਾਰ, ਭਾਰਤੀ ਵਿਦਿਆਰਥੀ ਇਸ ਗੱਲ ’ਤੇ ਵੱਧ ਜ਼ੋਰ ਦੇ ਰਹੇ ਹਨ ਕਿ ਕਿਹੜੀ ਸਿੱਖਿਆ ਹਾਸਲ ਕਰੀਏ ਜੋ ਸਿਰਫ਼ ਗਿਆਨ ਹੀ ਨਹੀਂ ਸਗੋਂ ਹੁਨਰ, ਵਿਸ਼ਵਾਸ਼ ਅਤੇ ਨੈੱਟਵਰਕ, ਜੋ ਕਰੀਅਰ ਦੀ ਸਫਲਤਾ ਲਈ ਜ਼ਰੂਰੀ ਹੈ, ਵੱਲ ਲੈ ਜਾਵੇ। ਵਿਦਿਆਰਥੀਆਂ ਅਤੇ ਮਾਪਿਆਂ ਸਮੇਤ 3,000 ਲੋਕਾਂ ’ਤੇ ਕੀਤੇ ਆਲਮੀ ਸਰਵੇਖਣ ਅਨੁਸਾਰ, ਸਾਰੇ ਸਰਵੇਖਣ ਵਿੱਚ ਭਾਰਤੀ ਵਿਦਿਆਰਥੀ ਵਿਹਾਰਕ ਸਿੱਖਿਆ ਅਤੇ ਨੌਕਰੀ ਦੇ ਮੌਕਿਆਂ ’ਤੇ ਸਭ ਤੋਂ ਵੱਧ ਜ਼ੋਰ ਦਿੰਦੇ ਹਨ।

