Canada News: ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ
* ਕੈਨੇਡਾ ’ਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਹੱਤਿਆ ਮਗਰੋਂ ਵਿਦੇਸ਼ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ
ਨਵੀਂ ਦਿੱਲੀ, 13 ਦਸੰਬਰ
ਕੈਨੇਡਾ ਵਿਚ ਪਿਛਲੇ ਹਫ਼ਤੇ ਤਿੰਨ ਭਾਰਤੀ ਵਿਦਿਆਰਥੀਆਂ ਦੀ ਹੱਤਿਆ ਮਗਰੋਂ ਵਿਦੇਸ਼ ਮੰਤਰਾਲੇ ਨੇ ਇਕ ਐਡਵਾਈਜ਼ਰੀ ਵਿਚ ਕੈਨੇਡਾ ਰਹਿੰਦੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਕੈਨੇਡਾ ਵਿਚ ਨਫ਼ਰਤੀ ਅਪਰਾਧ ਤੇ ਅਪਰਾਧਿਕ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਕਰਕੇ ਨਿੱਘਰਦੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਭਾਰਤੀ ਨਾਗਰਿਕ ਤੇ ਵਿਦਿਆਰਥੀ ਚੌਕਸ ਰਹਿਣ। ਅਧਿਕਾਰਤ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਇਸ ਵੇਲੇ 4 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਿਛਲੇ ਹਫ਼ਤੇ ਕੈਨੇਡਾ ਵਿਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਹੱਤਿਆ ਮਗਰੋਂ ਓਟਵਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਕੈਨੇਡੀਅਨ ਅਥਾਰਿਟੀਜ਼ ਕੋਲ ਭਾਰਤੀਆਂ ਦੀ ਸੁਰੱਖਿਆ ਦਾ ਮੁੱਦਾ ਰੱਖਿਆ ਹੈ। ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਲਈ ਕੈਨੇਡਾ ਵਿਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਭਲਾਈ ਸਭ ਤੋਂ ਉੱਤੇ ਹੈ। ਜੈਸਵਾਲ ਨੇ ਕਿਹਾ, ‘‘ਪਿਛਲੇ ਹਫ਼ਤੇ ਤਿੰਨ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਤਿੰਨ ਭਾਰਤੀ ਵਿਦਿਆਰਥੀ ਕਤਲ ਕਰ ਦਿੱਤੇ ਗਏ। ਅਸੀਂ ਇਸ ਭਿਆਨਕ ਦੁਖਾਂਤ ਤੋਂ ਗ਼ਮਗੀਨ ਹਾਂ ਜਦੋਂ ਕੈਨੇਡਾ ਵਿਚ ਸਾਡੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ।’’ ਤਰਜਮਾਨ ਨੇ ਕਿਹਾ, ‘‘ਅਸੀਂ ਪੀੜਤ ਪਰਿਵਾਰਾਂ ਨਾਲ ਸੰਵੇਦਨਾਵਾਂ ਜ਼ਾਹਿਰ ਕਰਦੇ ਹਾਂ। ਟੋਰਾਂਟੋ ਤੇ ਵੈਨਕੂਵਰ ਵਿਚਲੇ ਸਾਡੇ ਹਾਈ ਕਮਿਸ਼ਨ ਤੇ ਕੌਂਸੁਲੇਟ ਇਸ ਮਾਮਲੇ ਵਿਚ ਹਰ ਸੰਭਵ ਮਦਦ ਕਰ ਰਹੇ ਹਨ।’’ ਜੈਸਵਾਲ ਨੇ ਕਿਹਾ ਕਿ ਕੈਨੇਡਾ ਵਿਚ ਭਾਰਤੀ ਮਿਸ਼ਨ ਇਨ੍ਹਾਂ ਮਾਮਲਿਆਂ ਦੀ ਮੁਕੰਮਲ ਜਾਂਚ ਲਈ ਮੁਕਾਮੀ ਅਥਾਰਿਟੀਜ਼ ਦੇ ਸੰਪਰਕ ਵਿਚ ਹਨ। -ਪੀਟੀਆਈ
ਖਾਲਿਸਤਾਨੀ ਸਮਰਥਕ ਭਾਰਤੀ ਕੈਨੇਡੀਅਨਾਂ ਨੂੰ ਵੀਜ਼ੇ ਦੇਣੇ ਜਾਂ ਨਹੀਂ,ਸਾਡਾ ਅਧਿਕਾਰ: ਭਾਰਤ
ਨਵੀਂ ਦਿੱਲੀ (ਅਜੈ ਬੈਨਰਜੀ):
ਵਿਦੇਸ਼ ਮੰਤਰਾਲੇ ਨੇ ਭਾਰਤੀ ਮੂਲ ਦੇ ਖਾਲਿਸਤਾਨ ਪੱਖੀ ਕੈਨੇਡੀਅਨਾਂ ਨੂੰ ਵੀਜ਼ੇ ਜਾਰੀ ਕਰਨ ਵਿਚ ਦੇਰੀ ਦੀਆਂ ਰਿਪੋਰਟਾਂ ਨੂੰ ‘ਗੁੰਮਰਾਹਕੁਨ’ ਦੱਸ ਦੇ ਖਾਰਜ ਕਰ ਦਿੱਤਾ ਹੈ। ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਕ ਮੀਡੀਆ ਰਿਪੋਰਟ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਲਾਏ ਦੋਸ਼ਾਂ ਦੇ ਹਵਾਲੇ ਨਾਲ ਕਿਹਾ, ‘‘ਅਸੀਂ ਸਬੰਧਤ ਮੀਡੀਆ ਰਿਪੋਰਟ ਦੇਖੀ ਹੈ। ਇਹ ਕੈੈੈਨੇਡੀਅਨ ਮੀਡੀਆ ਦੀ ਭਾਰਤ ਦੀ ਦਿੱਖ ਨੂੰ ਢਾਹ ਲਾਉਣ ਲਈ ਗੁੰਮਰਾਹਕੁਨ ਪ੍ਰਚਾਰ ਦੀ ਇਕ ਹੋਰ ਮਿਸਾਲ ਹੈ।’’ ਜੈਸਵਾਲ ਨੇ ਸਪੱਸ਼ਟ ਕੀਤਾ ਕਿ ਵੀਜ਼ੇ ਜਾਰੀ ਕਰਨਾ ਭਾਰਤ ਸਰਕਾਰ ਦਾ ਸਿਰਮੌਰ ਅਧਿਕਾਰ ਹੈ। ਉਨ੍ਹਾਂ ਕਿਹਾ, ‘‘ਸਾਡੀ ਪ੍ਰਦੇਸ਼ਕ ਅਖੰਡਤਾ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨਾ ਸਾਡਾ ਵਿਧਾਨਕ ਅਧਿਕਾਰ ਹੈ।’’ ਜੈਸਵਾਲ ਕੈਨੇਡਾ ਵਿਚ ਉਨ੍ਹਾਂ ਰਿਪੋਰਟਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਨਵੀਂ ਦਿੱਲੀ ਖਾਲਿਸਤਾਨ ਪੱਖੀ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਰਿਹਾ ਹੈ ਜਦੋਂ ਤੱਕ ਉਹ ਵੱਖਵਾਦ ਦੀ ਹਮਾਇਤ ਬੰਦ ਨਹੀਂ ਕਰਦੇ ਉਨ੍ਹਾਂ ਨੂੰ ਵੀਜ਼ੇ ਜਾਰੀ ਨਹੀਂ ਕੀਤੇ ਜਾਣਗੇ। ਰਿਪੋਰਟ ਸਿੱਖ ਕੈਨੇਡੀਅਨਾਂ ਦੀਆਂ ਇੰਟਰਵਿਊਜ਼ ’ਤੇ ਆਧਾਰਿਤ ਸੀ।