ਅਮਰੀਕਾ ਦੇ ਪਿੱਟਸਬਰਗ ਵਿੱਚ ਭਾਰਤੀ ਮੂਲ ਦੇ ਮੋਟਲ ਮੈਨੇਜਰ ਰਾਕੇਸ਼ ਇਹਾਗਾਬਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਮੁਲਜ਼ਮ ਸਟੈਨਲੀ ਯੂਜੀਨ ਵੈਸਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਗੋਲੀਬਾਰੀ 3 ਅਕਤੂਬਰ ਨੂੰ ਬਾਅਦ ਦੁਪਹਿਰ 1 ਵਜੇ ਦੇ ਕਰੀਬ ਰੌਬਿਨਸਨ ਟਾਊਨਸ਼ਿਪ ਦੇ ਪਿੱਟਸਬਰਗ ਮੋਟਲ ਵਿੱਚ ਹੋਈ। ਪੁਲੀਸ ਅਨੁਸਾਰ ਜਦੋਂ 50 ਸਾਲਾ ਇਹਾਗਾਬਨ ਨੇ ਬੰਦੂਕਧਾਰੀ ਕੋਲੋਂ ਪੁੱਛਿਆ, ‘ਕੀ ਤੂੰ ਠੀਕ ਹੈਂ, ਦੋਸਤ?’ ਤਾਂ ਵੈਸਟ ਨੇ ਉਸ ’ਤੇ ਗੋਲੀ ਚਲਾ ਦਿੱਤੀ।ਮੋਟਲ ਮੈਨੇਜਰ ਨੂੰ ਗੋਲੀ ਮਾਰਨ ਤੋਂ ਪਹਿਲਾਂ ਮੁਲਜ਼ਮ ਨੇ ਉਥੇ ਕਾਰ ਵਿੱਚ ਇੱਕ ਬੱਚੇ ਨਾਲ ਬੈਠੀ ਔਰਤ ’ਤੇ ਵੀ ਗੋਲੀਆਂ ਚਲਾਈਆਂ ਸਨ। ਔਰਤ ਦੀ ਹਾਲਤ ਗੰਭੀਰ ਹਾਲਤ ਹੈ, ਜਦਕਿ ਬੱਚਾ ਸੁਰੱਖਿਅਤ ਹੈ। ਗੋਲੀਬਾਰੀ ਤੋਂ ਬਾਅਦ ਵੈਸਟ ਗੱਡੀ ’ਤੇ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਗੱਡੀ ਦਾ ਪਿਟਸਬਰਗ ਦੇ ਈਸਟ ਹਿਲਜ਼ ਇਲਾਕੇ ਤੱਕ ਪਿੱਛਾ ਕੀਤਾ, ਜਿੱਥੇ ਉਸ ਨੇ ਅਧਿਕਾਰੀਆਂ ’ਤੇ ਗੋਲੀਬਾਰੀ ਕੀਤੀ। ਬਾਅਦ ਵਿੱਚ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਮੁਕਾਬਲੇ ਵਿੱਚ ਸ਼ਹਿਰ ਦਾ ਇੱਕ ਜਾਸੂਸ ਜ਼ਖ਼ਮੀ ਹੋ ਗਿਆ।