ਭਾਰਤੀ ਜਲ ਸੈਨਾ (INDIAN NAVY) ਦਾ ਕਰਮਚਾਰੀ ਅਪਰੇਸ਼ਨ ਸਿੰਧੂਰ ਸਮੇਤ ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
ਜੈਪੁਰ, 26 ਜੂਨ
ਭਾਰਤੀ ਜਲ ਸੈਨਾ ਦੇ ਮੁੱਖ ਦਫ਼ਤਰ ਦਿੱਲੀ ਵਿੱਚ ਤਾਇਨਾਤ ਭਾਰਤੀ ਜਲ ਸੈਨਾ ਦੇ ਕਰਮਚਾਰੀ ਨੂੰ ਜੈਪੁਰ ਵਿੱਚ ਪਾਕਿਸਤਾਨੀ ਹੈਂਡਲਰ ਨੂੰ ਪੈਸੇ ਦੇ ਲਾਲਚ ’ਚ ਰੱਖਿਆ-ਸਬੰਧਤ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਨੇਵੀ ਬਿਲਡਿੰਗ ਵਿੱਚ ਡਾਇਰੈਕਟੋਰੇਟ ਆਫ਼ ਡੌਕਯਾਰਡ ਵਿੱਚ ਅੱਪਰ ਡਿਵੀਜ਼ਨ ਕਲਰਕ ਵਜੋਂ ਕੰਮ ਕਰਦੇ ਵਿਸ਼ਾਲ ਯਾਦਵ ਨੇ ਕਥਿਤ ਤੌਰ ’ਤੇ ਅਪਰੇਸ਼ਨ ਸਿੰਧੂਰ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਦੇ ਵੇਰਵੇ ਸਾਂਝੇ ਕੀਤੇ।
ਪੁਲੀਸ ਦੇ ਇੰਸਪੈਕਟਰ ਜਨਰਲ (ਸੀਆਈਡੀ-ਸੁਰੱਖਿਆ) ਵਿਸ਼ਨੂੰ ਕਾਂਤ ਗੁਪਤਾ ਨੇ ਦੱਸਿਆ ਕਿ ਯਾਦਵ, ਜੋ ਮੂਲ ਰੂਪ ਵਿੱਚ ਹਰਿਆਣਾ ਦੇ ਰੇਵਾੜੀ ਦਾ ਰਹਿਣ ਵਾਲਾ ਹੈ, ਨੇ ਮਹਿਲਾ ਪਾਕਿਸਤਾਨੀ ਹੈਂਡਲਰ ਨੂੰ ਗੁਪਤ ਜਾਣਕਾਰੀ ਲੀਕ ਕੀਤੀ। ਇਸ ਮਹਿਲਾ ਨੇ ਯਾਦਵ ਨੂੰ ਆਪਣੀ ਪਛਾਣ ਭਾਰਤੀ ਵਜੋਂ ਦੱਸੀ ਸੀ।
ਗੁਪਤਾ ਨੇ ਕਿਹਾ, "ਯਾਦਵ ਨੇ ਲੀਕ ਕੀਤੀ ਜਾਣਕਾਰੀ ਲਈ ਲਗਪਗ 2 ਲੱਖ ਰੁਪਏ ਪ੍ਰਾਪਤ ਕਰਨ ਦੀ ਗੱਲ ਕਬੂਲੀ ਹੈ। ਇਸ ਵਿੱਚ ਅਪਰੇਸ਼ਨ ਸਿੰਧੂਰ ਨਾਲ ਸਬੰਧਤ ਜਾਣਕਾਰੀ ਲੀਕ ਕਰਨ ਲਈ 50,000 ਰੁਪਏ ਸ਼ਾਮਲ ਸਨ ਅਤੇ ਕੁਝ ਭੁਗਤਾਨ ਕ੍ਰਿਪਟੋਕਰੰਸੀ ਵਿੱਚ ਵੀ ਕੀਤੇ ਗਏ ਸਨ।
ਵਿਸ਼ੇਸ਼ ਸਰਕਾਰੀ ਵਕੀਲ ਸੁਦੇਸ਼ ਕੁਮਾਰ ਸਤਵਾਨ ਨੇ ਖੁਲਾਸਾ ਕੀਤਾ ਕਿ ਖੂਫੀਆ ਏਜੰਸੀਆਂ ਨੇ ਇੱਕ ਪੁਰਾਣੇ ਕੇਸ ਦੀ ਜਾਂਚ ਦੌਰਾਨ ਯਾਦਵ ਨੂੰ ਫੜਿਆ ਸੀ, ਜਿਸ ਦੌਰਾਨ ਇੱਕ ਸੁਰਾਗ ਉਨ੍ਹਾਂ ਨੂੰ ਉਸ ਤੱਕ ਲੈ ਗਿਆ।
ਸਤਵਾਨ ਨੇ ਦੱਸਿਆ ਕਿ ਏਜੰਸੀਆਂ ਨੇ ਫਿਰ ਉਸ ਨੂੰ ਨਿਗਰਾਨੀ ਹੇਠ ਰੱਖਿਆ, ਅਤੇ ਜਦੋਂ ਇਹ ਪੁਖਤਾ ਹੋ ਗਿਆ ਕਿ ਉਸ ਨੇ ਪਾਕਿਸਤਾਨੀ ਖੂਫੀਆ ਏਜੰਸੀ ਦੇ ਹੈਂਡਲਰਾਂ ਨੂੰ ਗੁਪਤ ਜਾਣਕਾਰੀ ਭੇਜੀ ਸੀ ਤਾਂ ਯਾਦਵ ਤੋਂ ਪੁੱਛਗਿੱਛ ਕੀਤੀ ਗਈ। ਅਖੀਰ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਸ ਦੇ ਮੋਬਾਈਲ ਫੋਨ ਵਿੱਚ ਸੰਵੇਦਨਸ਼ੀਲ ਦਸਤਾਵੇਜ਼ ਮਿਲੇ।
ਪੁਲੀਸ ਨੇ ਦੱਸਿਆ ਕਿ ਯਾਦਵ ਦੇ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਵਿੱਚ ਵਿੱਤੀ ਲੈਣ-ਦੇਣ, ਸੰਵੇਦਨਸ਼ੀਲ ਸੰਦੇਸ਼ਾਂ ਅਤੇ ਹੈਂਡਲਰ ਨਾਲ ਆਦਾਨ-ਪ੍ਰਦਾਨ ਕੀਤੇ ਗਏ ਗੁਪਤ ਰੱਖਿਆ ਡੇਟਾ ਸਮੇਤ ਵਿਆਪਕ ਸਬੂਤ ਮਿਲੇ ਹਨ। ਜਾਂਚ ਜਾਰੀ ਹੈ, ਅਤੇ ਅਧਿਕਾਰੀ ਉਸ ਦੇ ਕ੍ਰਿਪਟੋਕਰੰਸੀ ਲੈਣ-ਦੇਣ ਅਤੇ ਸੰਪਰਕਾਂ ਦੀ ਜਾਂਚ ਕਰ ਰਹੇ ਹਨ।
ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ 30 ਜੂਨ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।-ਪੀਟੀਆਈ