ਭਾਰਤੀ ਨਾਗਰਿਕ Nimisha Priya ਨੂੰ ਫਾਂਸੀ ਅਗਲੇ ਹਫ਼ਤੇ
ਵਿਦੇਸ਼ ਮੰਤਰਾਲੇ ਨੇ ਪੂਰੇ ਮਾਮਲੇ ’ਤੇ ਨੇੜਿਓਂ ਨਜ਼ਰ ਬਣਾਈ; ਸਜ਼ਾ ਮੁਆਫ਼ੀ ਲਈ ਕੋਸ਼ਿਸ਼ਾਂ ਜਾਰੀ
ਉਬੀਰ ਨਕਸ਼ਬੰਦੀ
ਨਵੀਂ ਦਿੱਲੀ, 8 ਜੁਲਾਈ
ਯਮਨ ਦੇ ਨਾਗਰਿਕ ਦੇ ਕਤਲ ਲਈ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਭਾਰਤੀ ਨਾਗਰਿਕ ਨਿਮਿਸ਼ਾ ਪ੍ਰਿਆ ਨੂੰ ਅਗਲੇ ਹਫ਼ਤੇ 16 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਹੈ। ਪ੍ਰਿਆ ਯੂਏਈ ਵਿਚ ਨਰਸ ਦਾ ਕੰਮ ਕਰਦੀ ਸੀ ਤੇ ਕੇਰਲਾ ਦੀ ਰਹਿਣ ਵਾਲੀ ਹੈ।
ਵਿਦੇਸ਼ ਮੰਤਰਾਲੇ ਵਿਚਲੇ ਸੂਤਰਾਂ ਨੇ ਦੱਸਿਆ ਕਿ ਮੰਤਰਾਲਾ ਇਸ ਮਾਮਲੇ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ। ਸੂਤਰਾਂ ਨੇ ਕਿਹਾ, ‘‘ਅਸੀਂ ਸਥਾਨਕ ਅਧਿਕਾਰੀਆਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਨਿਯਮਤ ਸੰਪਰਕ ਵਿੱਚ ਹਾਂ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਹੈ। ਅਸੀਂ ਇਸ ਮਾਮਲੇ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।’’
ਪ੍ਰਿਆ, ਜੋ ਕੇਰਲਾ ਦੇ ਪਲੱਕੜ ਦੇ ਕੋਲੇਨਗੋਡ ਕਸਬੇ ਦੀ ਰਹਿਣ ਵਾਲੀ ਹੈ, ਦੀ ਮੌਤ ਦੀ ਸਜ਼ਾ ਨੂੰ ਪਿਛਲੇ ਸਾਲ 30 ਦਸੰਬਰ ਨੂੰ ਯਮਨ ਦੇ ਰਾਸ਼ਟਰਪਤੀ ਨੇ ਮਨਜ਼ੂਰੀ ਦਿੱਤੀ ਸੀ। ਪ੍ਰਿਆ ਵਿਆਹੀ ਹੋਈ ਹੈ ਅਤੇ ਇੱਕ ਬੱਚੀ ਦੀ ਮਾਂ ਹੈ। ਉਹ 2011 ਵਿੱਚ ਯਮਨ ਚਲੀ ਗਈ ਸੀ। ਇਹ ਉਹ ਥਾਂ ਹੈ ਜਿੱਥੇ ਉਸ ਦੀ ਮੁਲਾਕਾਤ ਯਮਨੀ ਨਾਗਰਿਕ ਤਲਾਲ ਅਬਦੋ ਮਹਿਦੀ ਨਾਲ ਹੋਈ।
ਪ੍ਰਿਆ ਦਾ ਪਤੀ ਅਤੇ ਨਾਬਾਲਗ ਧੀ ਵਿੱਤੀ ਕਾਰਨਾਂ ਕਰਕੇ 2014 ਵਿੱਚ ਭਾਰਤ ਵਾਪਸ ਆ ਗਏ। ਉਸੇ ਸਾਲ ਯਮਨ ਖਾਨਾਜੰਗੀ ਵਿੱਚ ਫਸ ਗਿਆ ਸੀ, ਜਿਸ ਕਰਕੇ ਪਿਓ ਧੀ ਵਾਪਸ ਨਹੀਂ ਜਾ ਸਕੇ, ਕਿਉਂਕਿ ਯਮਨ ਨੇ ਨਵੇਂ ਵੀਜ਼ੇ ਜਾਰੀ ਕਰਨ ’ਤੇ ਰੋਕ ਲਾ ਦਿੱਤੀ ਸੀ। ਮਗਰੋਂ ਮਹਿਦੀ ਨੇ ਪ੍ਰਿਆ ਨੂੰ ਯਮਨ ਦੀ ਰਾਜਧਾਨੀ ਸਨਾ ਵਿੱਚ ਕਲੀਨਿਕ ਸਥਾਪਤ ਕਰਨ ਵਿੱਚ ਮਦਦ ਕੀਤੀ। ਯਮਨ ਦੇ ਕਾਨੂੰਨ ਮੁਤਾਬਕ ਵਿਦੇਸ਼ੀ ਸਿਰਫ਼ ਉਦੋਂ ਹੀ ਦੇਸ਼ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਜੇਕਰ ਉਨ੍ਹਾਂ ਕੋਲ ਸਥਾਨਕ ਭਾਈਵਾਲ ਹੋਣ।
ਪ੍ਰਿਆ ਨੂੰ 2017 ਵਿੱਚ ਮਹਿਦੀ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਹਾਲਾਂਕਿ ਪ੍ਰਿਆ ਨੇ ਦਾਅਵਾ ਕੀਤਾ ਸੀ ਕਿ ਇਹ ਸਭ ਕੁਝ ਸਵੈ-ਰੱਖਿਆ ਵਿਚ ਹੋਇਆ ਸੀ। ਪ੍ਰਿਆ ਨੇ ਆਪਣੇ ਬਚਾਅ ਵਿੱਚ ਦੋਸ਼ ਲਗਾਇਆ ਕਿ ਮਹਿਦੀ ਉਸ ਨੂੰ ਪੈਸੇ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ। ਉਸ ਨੇ ਦੋਸ਼ ਲਗਾਇਆ ਕਿ ਮਹਿਦੀ ਨੇ ਉਸ ਦੇ ਜਾਅਲੀ ਦਸਤਾਵੇਜ਼ ਬਣਾਏ ਅਤੇ ਉਸ ਦਾ ਪਤੀ ਹੋਣ ਦਾ ਦਾਅਵਾ ਕੀਤਾ। ਇਹੀ ਨਹੀਂ ਮਹਿਦੀ ਨੇ ਜਬਰੀ ਉਸ ਦਾ ਸਰੀਰਕ ਅਤੇ ਭਾਵਨਾਤਮਕ ਸ਼ੋਸ਼ਣ ਵੀ ਕੀਤਾ।
ਯਮਨ ਦੀ ਹੇਠਲੀ ਕੋਰਟ ਨੇ 2018 ਵਿੱਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਪ੍ਰਿਆ ਦਾ ਪਰਿਵਾਰ ਉਸ ਦੀ ਰਿਹਾਈ ਲਈ ਲੜ ਰਿਹਾ ਹੈ। ਉਨ੍ਹਾਂ ਨੇ ਹੇਠਲੀ ਅਦਾਲਤ ਦੇ ਹੁਕਮਾਂ ਵਿਰੁੱਧ ਯਮਨ ਦੀ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ, ਪਰ ਉਨ੍ਹਾਂ ਦੀ ਅਪੀਲ 2023 ਵਿੱਚ ਰੱਦ ਕਰ ਦਿੱਤੀ ਗਈ। ਯਮਨੀ ਰਾਸ਼ਟਰਪਤੀ ਵੱਲੋਂ ਪ੍ਰਿਆ ਦੀ ਅਪੀਲ ਰੱਦ ਕਰਨ ਮਗਰੋਂ ਹੁਣ ਉਸ ਦੀ ਰਿਹਾਈ ਪੀੜਤ ਪਰਿਵਾਰ ਅਤੇ ਉਨ੍ਹਾਂ ਦੇ ਕਬਾਇਲੀ ਆਗੂਆਂ ਦੀ ਮਾਫ਼ੀ ’ਤੇ ਨਿਰਭਰ ਕਰਦੀ ਹੈ।
ਯਮਨੀ ਮੀਡੀਆ ਦਾ ਦਾਅਵਾ ਹੈ ਕਿ ਪ੍ਰਿਆ ਨੇ ਕਿਸੇ ਹੋਰ ਵਿਅਕਤੀ ਦੀ ਮਦਦ ਨਾਲ ਮਹਿਦੀ ਦਾ ਕਤਲ ਕੀਤਾ ਅਤੇ ਉਸ ਦੇ ਸਰੀਰ ਨੂੰ ਆਪਣੇ ਘਰ ਦੀ ਪਾਣੀ ਵਾਲੀ ਟੈਂਕੀ ਵਿੱਚ ਸੁੱਟਣ ਤੋਂ ਪਹਿਲਾਂ ਉਸ ਦੇ ਟੁਕੜੇ ਕੀਤੇ। ਉਸ ਨੂੰ ਯਮਨ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2018 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਪ੍ਰਿਆ ਨੂੰ ਬਚਾਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਹੋਈਆਂ ਹਨ। ਦੇਸ਼ ਦੇ ਅੰਦਰ ਉਸ ਦਾ ਪਰਿਵਾਰ ਅਤੇ ਹੋਰ ਸਮੂਹ ਉਸ ਦੀ ਜਾਨ ਬਚਾਉਣ ਲਈ ਕੰਮ ਕਰ ਰਹੇ ਹਨ। ਉਸ ਦੀ ਮਾਂ ਪ੍ਰੇਮਾ ਕੁਮਾਰੀ ‘ਬਲੱਡ ਮਨੀ’ ਬਦਲੇ ਮਾਫ਼ੀ ਪ੍ਰਾਪਤ ਕਰਨ ਲਈ ਮਹਿਦੀ ਦੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਸਨਾ ਵਿੱਚ ਹੈ। ਯਮਨ ਦੇ ਕਾਨੂੰਨ ਅਨੁਸਾਰ ਮੌਤ ਦੀ ਸਜ਼ਾ ਉਦੋਂ ਹੀ ਰੱਦ ਕੀਤੀ ਜਾ ਸਕਦੀ ਹੈ ਜੇਕਰ ਪੀੜਤ ਦਾ ਪਰਿਵਾਰ ‘ਬਲੱਡ ਮਨੀ’ ਬਦਲੇ ਦੋਸ਼ੀ ਨੂੰ ਮਾਫ਼ ਕਰਨ ਲਈ ਸਹਿਮਤ ਹੁੰਦਾ ਹੈ।
ਹਾਲਾਂਕਿ ਇਸ ਸਾਲ ਸਤੰਬਰ ਵਿੱਚ ਗੱਲਬਾਤ ਵਿੱਚ ਰੁਕਾਵਟ ਆ ਗਈ ਕਿਉਂਕਿ ਭਾਰਤੀ ਦੂਤਾਵਾਸ ਵੱਲੋਂ ਨਿਯੁਕਤ ਵਕੀਲ ਅਬਦੁੱਲਾ ਅਮੀਰ ਨੇ ਲਗਪਗ 17,12,000 ਰੁਪਏ ($20,000) ਦੀ ਫੀਸ ਇਕੱਠੀ ਕੀਤੀ, ਜਿਸ ਨੂੰ ਬਾਅਦ ਵਿੱਚ ਉਸ ਨੇ ਦੁੱਗਣਾ ਕਰਕੇ ਲਗਪਗ 34,24,000 ਲੱਖ ਰੁਪਏ ਕਰ ਦਿੱਤਾ। ਬਾਅਦ ਵਿੱਚ, ‘ਸੇਵ ਨਿਮਿਸ਼ਾ ਪ੍ਰਿਆ ਇੰਟਰਨੈਸ਼ਨਲ ਐਕਸ਼ਨ ਕੌਂਸਲ’ ਵੱਲੋਂ ਇਕੱਠੇ ਕੀਤੇ ਗਏ ਫੰਡਾਂ ਦੇ ਇੱਕ ਹਿੱਸੇ ਦੀ ਵਰਤੋਂ ਕਰੀਬ 17,12,000 ਲੱਖ ਰੁਪਏ ($20,000) ਦੀ ਪਹਿਲੀ ਕਿਸ਼ਤ ਦਾ ਨਿਪਟਾਰਾ ਕਰਨ ਲਈ ਕੀਤੀ ਗਈ। ਹਾਲਾਂਕਿ ਫੰਡ ਪਾਰਦਰਸ਼ਤਾ ਨੂੰ ਲੈ ਕੇ ਅਸਹਿਮਤੀ ਨੇ ਹੋਰ ਪੇਚੀਦਗੀਆਂ ਪੈਦਾ ਕੀਤੀਆਂ।