ਪੇਈਚਿੰਗ, 27 ਫਰਵਰੀ
ਚੀਨ ਅਤੇ ਭਾਰਤ ਦੀਆਂ ਫੌਜਾਂ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਖ਼ਤਮ ਕਰਨ ਲਈ ਤੈਅ ਹੋਏ ਸਮਝੌਤੇ ਨੂੰ ਵਿਆਪਕ ਅਤੇ ਅਸਰਦਾਰ ਢੰਗ ਨਾਲ ਲਾਗੂ ਕਰ ਰਹੀਆਂ ਹਨ। ਚੀਨੀ ਰੱਖਿਆ ਮੰਤਰਾਲੇ ਦੇ ਤਰਜਮਾਨ ਸੀਨੀਅਰ ਕਰਨਲ ਵੂ ਕਿਆਨ ਨੇ ਵੀਰਵਾਰ ਨੂੰ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਪੂਰਬੀ ਲੱਦਾਖ ਸੈਕਟਰ ’ਚ ਹਾਲਾਤ ਸੁਖਾਵੇਂ ਹੋਣ ਨਾਲ ਜੁੜੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘‘ਮੌਜੂਦਾ ਸਮੇਂ ’ਚ ਚੀਨੀ ਅਤੇ ਭਾਰਤੀ ਫੌਜਾਂ ਸਰਹੱਦੀ ਇਲਾਕਿਆਂ ਨਾਲ ਸਬੰਧਤ ਸਮਝੌਤਿਆਂ ਨੂੰ ਵਿਆਪਕ ਅਤੇ ਅਸਰਦਾਰ ਢੰਗ ਨਾਲ ਲਾਗੂ ਕਰ ਰਹੀਆਂ ਹਨ। ਅਸੀਂ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਭਾਰਤ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹਾਂ।’’ ਭਾਰਤ ਅਤੇ ਚੀਨ ਨੇ ਪਿਛਲੇ ਸਾਲ ਦੇਪਸਾਂਗ ਅਤੇ ਡੈਮਚੌਕ ਤੋਂ ਫੌਜਾਂ ਦੀ ਵਾਪਸੀ ਲਈ ਇਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਮਗਰੋਂ ਇਹ ਅਮਲ ਪੂਰਾ ਕਰ ਲਿਆ ਹੈ। ਪੂਰਬੀ ਲੱਦਾਖ ’ਚ ਟਕਰਾਅ ਵਾਲੀਆਂ ਇਨ੍ਹਾਂ ਦੋਵੇਂ ਥਾਵਾਂ ਤੋਂ ਫੌਜ ਦੇ ਪਿੱਛੇ ਹਟਣ ਨਾਲ ਚਾਰ ਸਾਲ ਤੋਂ ਵੱਧ ਸਮੇਂ ਤੋਂ ਭਾਰਤ ਅਤੇ ਚੀਨ ਵਿਚਕਾਰ ਸਬੰਧਾਂ ’ਚ ਪੈਦਾ ਹੋਇਆ ਤਣਾਅ ਖ਼ਤਮ ਹੋ ਗਿਆ ਹੈ। ਸਮਝੌਤੇ ਨੂੰ ਅੰਤਿਮ ਰੂਪ ਦਿੱਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 23 ਅਕਤੂਬਰ ਨੂੰ ਰੂਸ ਦੇ ਕਜ਼ਾਨ ’ਚ ਗੱਲਬਾਤ ਕੀਤੀ ਸੀ। ਮੀਟਿੰਗ ਦੌਰਾਨ ਦੋਵੇਂ ਧਿਰਾਂ ਨੇ ਵਾਰਤਾਂ ਦੇ ਵੱਖ ਵੱਖ ਢੰਗ-ਤਰੀਕੇ ਬਹਾਲ ਕਰਨ ਦਾ ਫ਼ੈਸਲਾ ਲਿਆ ਸੀ। ਇਸ ਮਗਰੋਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਪਿਛਲੇ ਸਾਲ 18 ਦਸੰਬਰ ਨੂੰ ਪੇਈਚਿੰਗ ’ਚ 23ਵੀਂ ਵਿਸ਼ੇਸ਼ ਪ੍ਰਤੀਨਿਧ ਪੱਧਰ ਦੀ ਵਾਰਤਾ ਦੌਰਾਨ ਮੁਲਾਕਾਤ ਕੀਤੀ ਸੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 26 ਜਨਵਰੀ ਨੂੰ ਚੀਨ ਦੀ ਰਾਜਧਾਨੀ ਦਾ ਦੌਰਾ ਕੀਤਾ ਸੀ ਅਤੇ ਆਪਣੇ ਚੀਨੀ ਹਮਰੁਤਬਾ ਸੁਨ ਵੇਈਡੌਂਗ ਨਾਲ ਗੱਲਬਾਤ ਕੀਤੀ ਸੀ। ਕਈ ਦੌਰ ਦੀ ਗੱਲਬਾਤ ਮਗਰੋਂ ਦੋਵੇਂ ਮੁਲਕ ਦੁਵੱਲੇ ਸਬੰਧਾਂ ਨੂੰ ਆਮ ਵਾਂਗ ਬਣਾਉਣ ’ਚ ਜੁਟੇ ਹੋਏ ਹਨ। ਭਾਰਤ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਬਹਾਲ ਨਹੀਂ ਹੋਵੇਗੀ, ਚੀਨ ਨਾਲ ਸਬੰਧ ਆਮ ਵਾਂਗ ਨਹੀਂ ਹੋ ਸਕਦੇ ਹਨ। -ਪੀਟੀਆਈ