ਭਾਰਤ ਹੁਣ ਅਮਰੀਕਾ ਤੋਂ ਖਰੀਦੇਗਾ ਐੱਲ ਪੀ ਜੀ
ਸਰਕਾਰੀ ਤੇਲ ਕੰਪਨੀਆਂ ਨੇ ਸਾਲ ਦਾ ਕਰਾਰ ਕੀਤਾ; 2026 ਵਿੱਚ 22 ਲੱਖ ਟਨ ਰਸੋਈ ਗੈਸ ਦੀ ਹੋਵੇਗੀ ਦਰਾਮਦ
ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਨੇ 2026 ਵਿੱਚ ਅਮਰੀਕਾ ਤੋਂ ਰਸੋਈ ਗੈਸ (ਐੱਲ ਪੀ ਜੀ) ਦੀ ਦਰਾਮਦ ਲਈ ਇੱਕ ਸਾਲ ਦਾ ਸਮਝੌਤਾ ਕੀਤਾ ਹੈ। ਇਸ ਕਦਮ ਨੂੰ ਨਵੀਂ ਦਿੱਲੀ ਵੱਲੋਂ ਵਾਸ਼ਿੰਗਟਨ ਤੋਂ ਊਰਜਾ ਖਰੀਦ ਵਧਾਉਣ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਸਰਕਾਰੀ ਬਿਆਨ ਅਨੁਸਾਰ ਭਾਰਤੀ ਸਰਕਾਰੀ ਤੇਲ ਕੰਪਨੀਆਂ ਨੇ 2026 ਲਈ ਅਮਰੀਕਾ ਤੋਂ ਤਕਰੀਬਨ 22 ਲੱਖ ਟਨ ਐੱਲ ਪੀ ਜੀ ਦੀ ਦਰਾਮਦ ਲਈ ਬੱਝਵੇਂ ਕਰਾਰ ’ਤੇ ਦਸਤਖ਼ਤ ਕੀਤੇ ਹਨ। ਇਹ ਮਾਤਰਾ ਭਾਰਤ ਦੀ ਸਾਲਾਨਾ ਐੱਲ ਪੀ ਜੀ ਦਰਾਮਦ ਦਾ ਤਕਰੀਬਨ 10 ਫ਼ੀਸਦ ਹਿੱਸਾ ਹੈ ਅਤੇ ਅਮਰੀਕਾ ਤੋਂ ਐੱਲ ਪੀ ਜੀ ਦਰਾਮਦ ਲਈ ਭਾਰਤੀ ਬਾਜ਼ਾਰ ਦਾ ਇਹ ਪਹਿਲਾ ਅਜਿਹਾ ਬੱਝਵਾਂ ਕਰਾਰ ਹੈ। ਭਾਰਤ ਪੈਟਰੋਲ ਅਤੇ ਡੀਜ਼ਲ ਵਰਗੇ ਜ਼ਿਆਦਾਤਰ ਈਂਧਨਾਂ ਵਿੱਚ ਆਤਮ-ਨਿਰਭਰ ਹੈ ਪਰ ਆਪਣੀ 3.1 ਕਰੋੜ ਟਨ ਦੀ ਐੱਲ ਪੀ ਜੀ ਖਪਤ ਦਾ ਤਕਰੀਬਨ 65 ਫ਼ੀਸਦ ਹਿੱਸਾ ਦਰਾਮਦ ਕਰਦਾ ਹੈ। 2024 ਵਿੱਚ ਤਕਰੀਬਨ 90 ਫ਼ੀਸਦੀ ਦਰਾਮਦ ਯੂ ਏ ਈ, ਕਤਰ, ਕੁਵੈਤ ਅਤੇ ਸਾਊਦੀ ਅਰਬ ਤੋਂ ਹੋਈ ਸੀ। ਭਾਰਤ ਪਹਿਲਾਂ ਵੀ ਅਮਰੀਕਾ ਤੋਂ ਸਮੇਂ-ਸਮੇਂ ’ਤੇ ਮਾਲ ਦਰਾਮਦ ਕਰਦਾ ਰਿਹਾ ਹੈ ਪਰ ਬੱਝਵੇਂ ਕਰਾਰ ’ਤੇ ਦਸਤਖ਼ਤ ਪਹਿਲੀ ਵਾਰ ਕੀਤੇ ਗਏ ਹਨ।
ਇੰਡੀਅਨ ਆਇਲ ਕਾਰਪੋਰੇਸ਼ਨ (ਆਈ ਓ ਸੀ), ਭਾਰਤ ਪੈਟਰੋਲੀਅਮ (ਬੀ ਪੀ ਸੀ ਐੱਲ) ਅਤੇ ਹਿੰਦੁਸਤਾਨ ਪੈਟਰੋਲੀਅਮ (ਐੱਚ ਪੀ ਸੀ ਐੱਲ) ਵਰਗੀਆਂ ਕੰਪਨੀਆਂ 2026 ਵਿੱਚ ਐੱਲ ਪੀ ਜੀ ਦੇ ਤਕਰੀਬਨ 48 ਵੱਡੇ ਗੈਸ ਕੈਰੀਅਰ ਦਰਾਮਦ ਕਰਨਗੀਆਂ। ਇਹ ਸਪਲਾਈ ਸ਼ੈਵਰੋਨ, ਫਿਲਿਪਸ ਅਤੇ ਟੋਟਲਐਨਰਜੀਜ਼ ਵਰਗੀਆਂ ਵੱਡੀਆਂ ਕੰਪਨੀਆਂ ਰਾਹੀਂ ਕੀਤੀ ਜਾਵੇਗੀ। ਤੇਲ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਕਸ ’ਤੇ ਇਸ ਨੂੰ ਇਤਿਹਾਸਕ ਪਹਿਲ ਦੱਸਦਿਆਂ ਕਿਹਾ ਕਿ ਇਸ ਨਾਲ ਭਾਰਤ ਦੇ ਲੋਕਾਂ ਨੂੰ ਸਸਤੀ ਐੱਲ ਪੀ ਜੀ ਦੀ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।
ਇਹ ਕਦਮ ਭਾਰਤ ਦੀ ਊਰਜਾ ਸੁਰੱਖਿਆ ਮਜ਼ਬੂਤ ਕਰਨ ਦੇ ਨਾਲ-ਨਾਲ ਕਰੋੜਾਂ ਘਰਾਂ ਨੂੰ ਸਾਫ਼ ਰਸੋਈ ਈਂਧਨ ਤੱਕ ਕਿਫਾਇਤੀ ਪਹੁੰਚ ਯਕੀਨੀ ਬਣਾਉਣ ਵਿੱਚ ਵੀ ਮਦਦ ਕਰੇਗਾ। ਇਸ ਨਾਲ ਭਾਰਤ ਨੂੰ ਆਲਮੀ ਕੀਮਤਾਂ ਦੇ ਉਤਰਾਅ-ਚੜ੍ਹਾਅ ਤੋਂ ਆਪਣੇ ਖਪਤਕਾਰਾਂ ਨੂੰ ਬਚਾਉਣ ’ਚ ਵੀ ਮਦਦ ਮਿਲੇਗੀ।

