ਭਾਰਤ 2050 ਤੱਕ ਸੂਰਜੀ ਊਰਜਾ ਦਾ ਗੜ੍ਹ ਬਣੇਗਾ: ਮੁਰਮੂ
ਵਾਤਾਵਰਨ ਕਾਰਵਾਈ ਤੇ ਦਿਹਾਤੀ ਖੁਸ਼ਹਾਲੀ ਵਿਚਾਲੇ ਤਾਲਮੇਲ ਨੂੰ ਟਿਕਾੳੂ ਵਿਕਾਸ ਦੀ ਕੁੰਜੀ ਦੱਸਿਆ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਸਾਲ 2050 ਤੱਕ ਭਾਰਤ ਨਾ ਸਿਰਫ਼ ਆਪਣੇ ਸਵੱਛ ਊਰਜਾ ਦੇ ਟੀਚੇ ਪੂਰੇ ਕਰੇਗਾ ਸਗੋਂ ਆਲਮੀ ਸੂਰਜੀ ਊਰਜਾ ਦੀ ਮੰਗ ਦੇ ਏਕੀਕਰਨ ਅਤੇ ਨਵੀਆਂ ਕਾਢਾਂ, ਨਿਰਮਾਣ ਤੇ ਗਿਆਨ ਦੇ ਲੈਣ-ਦੇਣ ਦਾ ਗੜ੍ਹ ਬਣਨ ਦਾ ਟੀਚਾ ਵੀ ਰੱਖਦਾ ਹੈ। ਰਾਸ਼ਟਰਪਤੀ ਨੇ ਕੌਮਾਂਤਰੀ ਸੌਰ ਗੱਠਜੋੜ (ਆਈ ਐੱਸ ਏ) ਦੇ ਅੱਠਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਕਾਰਵਾਈ ਅਤੇ ਦਿਹਾਤੀ ਖੁਸ਼ਹਾਲੀ ਵਿਚਾਲੇ ਤਾਲਮੇਲ ਟਿਕਾਊ ਵਿਕਾਸ ਦੀ ਕੁੰਜੀ ਹੈ। ਭਾਰਤ ਦਾ ਨਵਿਆਉਣਯੋਗ ਊਰਜਾ ਦੀ ਸਮਰੱਥਾ ਤੇ ਪੌਣ ਊਰਜਾ ਦੋਵਾਂ ’ਚ ਚੌਥਾ ਅਤੇ ਸੂਰਜੀ ਊਰਜਾ ਉਤਪਾਦਨ ’ਚ ਤੀਜਾ ਸਥਾਨ ’ਤੇ ਹੋਣ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ, ‘‘ਇਹ ਸਾਡੇ ਮਜ਼ਬੂਤ ਨੀਤੀਗਤ ਢਾਂਚੇ ਤੇ ਵਚਨਬੱਧਤਾ ਦਾ ਸਬੂਤ ਹੈ।’’ ਉਨ੍ਹਾਂ ਕਿਹਾ ਕਿ ਦੇਸ਼ ਦੀ ਸਥਾਪਤ ਸੂਰਜੀ ਊਰਜਾ ਸਮਰੱਥਾ 120 ਗੀਗਾਵਾਟ ਤੋਂ ਪਾਰ ਹੋ ਚੁੱਕੀ ਹੈ ਜੋ ਸਾਲ 2030 ਤੱਕ 500 ਗੀਗਾਵਾਟ ਗ਼ੈਰ-ਜੈਵਿਕ ਈਂਧਨ ਸਮਰੱਥਾ ਹਾਸਲ ਕਰਨ ਦੀ ਦਿਸ਼ਾ ’ਚ ਵੱਡਾ ਕਦਮ ਹੈ। ‘ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰਕਸ਼ਾ ਏਵਮ ਉੱਥਾਨ ਮਹਾਭਿਆਨ’ (ਪੀ ਐੱਮ-ਕੁਸੁਮ) ਕਿਸਾਨਾਂ ਨੂੰ ਊਰਜਾ ਸੁਰੱਖਿਆ ਮੁਹੱਈਆ ਕਰਨ ਦੇ ਨਾਲ ਨਾਲ ਭਾਰਤ ਦੀ ਇਸ ਵਚਨਬੱਧਤਾ ਨੂੰ ਵੀ ਮਜ਼ਬੂਤ ਕਰ ਰਿਹਾ ਹੈ ਕਿ ਸਾਲ 2030 ਤੱਕ ਬਿਜਲੀ ਉਤਪਾਦਨ ਦੀ 40 ਫੀਸਦ ਸਮਰੱਥਾ ਗ਼ੈਰ-ਜੈਵਿਕ ਸਰੋਤਾਂ ਤੋਂ ਆਵੇਗੀ। ਉਨ੍ਹਾਂ ਕਿਹਾ, ‘‘ਭਾਰਤ ਸਾਲ 2050 ਤੱਕ ਸਿਰਫ ਆਪਣੇ ਸਵੱਛ ਊਰਜਾ ਟੀਚੇ ਹਾਸਲ ਕਰਨ ਤੱਕ ਸੀਮਤ ਨਹੀਂ ਰਹੇਗਾ।’’

