India-US Ties: ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਸਹਿਯੋਗ ਦੀਆਂ ਕਾਮਯਾਬੀਆਂ ਨੂੰ ਅੱਗੇ ਵਧਾਉਣ ਦਾ ਮੌਕਾ: ਮੋਦੀ
ਅਮਰੀਕਾ ਤੇ ਫ਼ਰਾਂਸ ਦੇ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਦੋਵਾਂ ਮੁਲਕਾਂ ਨਾਲ ਭਾਰਤ ਦੇ ਰਿਸ਼ਤਿਆਂ ’ਚ ਹੋਰ ਮਜ਼ਬੂਤੀ ਆਉਣ ਦਾ ਭਰੋਸਾ ਕੀਤਾ ਜ਼ਾਹਰ
ਨਵੀਂ ਦਿੱਲੀ, 10 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਦੌਰਾ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਦੇ ਪਹਿਲੇ ਕਾਰਜਕਾਲ ਦੌਰਾਨ ਦੋਵਾਂ ਮੁਲਕਾਂ ਵਿਚਕਾਰ ਸਹਿਯੋਗ ਵਿੱਚ ਮਿਲੀਆਂ ਸਫਲਤਾਵਾਂ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗਾ।
ਫਰਾਂਸ ਅਤੇ ਅਮਰੀਕਾ ਦੀ ਆਪਣੀ ਫੇਰੀ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਦੌਰਾ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਵਧਾਉਣ ਅਤੇ ਮਜ਼ਬੂਤ ਕਰਨ ਲਈ ਇੱਕ ਏਜੰਡਾ ਵਿਕਸਤ ਕਰਨ ਵਿੱਚ ਵੀ ਮਦਦ ਕਰੇਗਾ, ਜਿਸ ਵਿੱਚ ਤਕਨਾਲੋਜੀ, ਵਪਾਰ, ਰੱਖਿਆ, ਊਰਜਾ ਅਤੇ ਸਪਲਾਈ ਲੜੀ ਲਚਕੀਲੇਪਣ ਦੇ ਖੇਤਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਟਰੰਪ ਦੇ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਵੇਗੀ। ਉਨ੍ਹਾਂ ਕਿਹਾ, "ਅਸੀਂ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਲਾਭ ਲਈ ਮਿਲ ਕੇ ਕੰਮ ਕਰਾਂਗੇ ਅਤੇ ਦੁਨੀਆ ਲਈ ਇੱਕ ਬਿਹਤਰ ਭਵਿੱਖ ਦਾ ਸਿਰਜਾਂਗੇ।"
ਉਨ੍ਹਾਂ ਕਿਹਾ, "ਮੈਂ ਆਪਣੇ ਦੋਸਤ ਰਾਸ਼ਟਰਪਤੀ ਟਰੰਪ ਨੂੰ ਮਿਲਣ ਲਈ ਉਤਸੁਕ ਹਾਂ। ਮੈਨੂੰ ਯਾਦ ਹੈ ਕਿ ਅਸੀਂ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਬਣਾਉਣ ਲਈ ਇਕੱਠੇ ਕਿਵੇਂ ਕੰਮ ਕੀਤਾ ਸੀ।"
In Washington DC, I look forward to meeting @POTUS @realDonaldTrump. This visit will further cement India-USA friendship and boost ties in diverse sectors. I warmly recall working with President Trump during his first term and I am sure our talks will build on the ground covered…
— Narendra Modi (@narendramodi) February 10, 2025
ਮੋਦੀ 10 ਫਰਵਰੀ ਤੋਂ 12 ਫਰਵਰੀ ਤੱਕ ਫਰਾਂਸ ਦਾ ਦੌਰਾ ਕਰਨਗੇ ਅਤੇ ਉੱਥੋਂ ਉਹ ਦੋ-ਰੋਜ਼ਾ ਦੇ ਦੌਰੇ 'ਤੇ ਅਮਰੀਕਾ ਜਾਣਗੇ। ਮੋਦੀ ਨੇ ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ (French President Emmanuel Macron) ਦੇ ਸੱਦੇ 'ਤੇ ਫਰਾਂਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 'ਏਆਈ ਐਕਸ਼ਨ ਸਮਿਟ' (AI Action Summit) ਦੀ ਸਹਿ-ਪ੍ਰਧਾਨਗੀ ਕਰਨ ਲਈ ਉਤਸੁਕ ਹਨ। -ਏਜੰਸੀ