ਗੋਰ ਦੇ ਕਾਰਜਕਾਲ ’ਚ ਹੋਰ ਮਜ਼ਬੂਤ ਹੋਣਗੇ ਭਾਰਤ-ਅਮਰੀਕਾ ਸਬੰਧ: ਮੋਦੀ
ਭਾਰਤ ’ਚ ਨਾਮਜ਼ਦ ਅਮਰੀਕੀ ਸਫ਼ੀਰ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ; ਜੈਸ਼ੰਕਰ, ਡੋਵਾਲ ਅਤੇ ਮਿਸਰੀ ਨਾਲ ਵੀ ਕੀਤੀਆਂ ਮੀਟਿੰਗਾਂ
ਭਾਰਤ ’ਚ ਅਮਰੀਕਾ ਦੇ ਨਾਮਜ਼ਦ ਸਫ਼ੀਰ ਸਰਜੀਓ ਗੋਰ ਨੇ ਸ਼ਨਿਚਰਵਾਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਗੋਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਦਸਤਖ਼ਤ ਕੀਤੀ ਤਸਵੀਰ ਭੇਟ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਗੋਰ ਦੇ ਕਾਰਜਕਾਲ ਦੌਰਾਨ ਭਾਰਤ ਅਤੇ ਅਮਰੀਕਾ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਗੋਰ ਨੇ ਕਿਹਾ ਕਿ ਅਮਰੀਕਾ, ਭਾਰਤ ਨਾਲ ਆਪਣੇ ਸਬੰਧਾਂ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਇਸ ਤੋਂ ਪਹਿਲਾਂ ਗੋਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਸਮੇਤ ਹੋਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਸਨ। ਮੋਦੀ ਨੇ ‘ਐਕਸ’ ’ਤੇ ਕਿਹਾ, ‘‘ਭਾਰਤ ’ਚ ਅਮਰੀਕਾ ਦੇ ਨਾਮਜ਼ਦ ਸਫ਼ੀਰ ਸਰਜੀਓ ਗੋਰ ਨਾਲ ਮਿਲ ਕੇ ਖੁਸ਼ੀ ਹੋਈ। ਮੈਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ।’’ ਭਾਰਤੀ ਵਸਤਾਂ ’ਤੇ ਲਾਏ ਗਏ 50 ਫ਼ੀਸਦੀ ਟੈਰਿਫ਼ ਕਾਰਨ ਪੈਦਾ ਹੋਏ ਤਣਾਅ ਦਰਮਿਆਨ ਗੋਰ ਨੇ ਇਹ ਮੁਲਾਕਾਤਾਂ ਕੀਤੀਆਂ ਹਨ। ਉਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਾਲੇ ਫੋਨ ’ਤੇ ਹੋਈ ਹਾਲੀਆ ਗੱਲਬਾਤ ਨਾਲ ਵਪਾਰ ਸਮਝੌਤੇ ਲਈ ਚੱਲ ਰਹੀ ਵਾਰਤਾ ਦੇ ਹਾਂ-ਪੱਖੀ ਨਤੀਜੇ ਨਿਕਲਣ ਦੀਆਂ ਉਮੀਦਾਂ ਬੱਝ ਗਈਆਂ ਹਨ। ਗੋਰ ਭਾਰਤ ਦੇ ਛੇ ਦਿਨਾ ਦੌਰੇ ’ਤੇ ਦਿੱਲੀ ’ਚ ਹਨ ਅਤੇ ਉਨ੍ਹਾਂ ਨਾਲ ਪ੍ਰਬੰਧਾਂ ਅਤੇ ਸਰੋਤਾਂ ਬਾਰੇ ਉਪ ਸਕੱਤਰ ਮਾਈਕਲ ਰਿਗਸ ਵੀ ਆਏ ਹੋਏ ਹਨ।
ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਅਮਰੀਕਾ ਦੇ ਸਫ਼ੀਰ-ਨਾਮਜ਼ਦ ਸਰਜੀਓ ਗੋਰ ਨੂੰ ਅੱਜ ਨਵੀਂ ਦਿੱਲੀ ’ਚ ਮਿਲ ਕੇ ਖੁਸ਼ੀ ਹੋਈ। ਭਾਰਤ-ਅਮਰੀਕਾ ਸਬੰਧਾਂ ਅਤੇ ਇਸ ਦੀ ਆਲਮੀ ਅਹਿਮੀਅਤ ਬਾਰੇ ਵਿਚਾਰ ਵਟਾਂਦਰਾ ਕੀਤਾ। ਮੈਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।’’ ਗੋਰ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਵੀ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ‘ਐਕਸ’ ’ਤੇ ਕਿਹਾ, ‘‘ਦੋਵੇਂ ਆਗੂਆਂ ਨੇ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਅਤੇ ਇਸ ਦੀਆਂ ਸਾਂਝੀਆਂ ਤਰਜੀਹਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਿਦੇਸ਼ ਸਕੱਤਰ ਨੇ ਗੋਰ ਨੂੰ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸਫ਼ਲਤਾ ਦੀ ਕਾਮਨਾ ਕੀਤੀ।’’
ਅਹਿਮ ਖਣਿਜਾਂ, ਰੱਖਿਆ ਤੇ ਵਪਾਰ ਬਾਰੇ ਹੋਈ ਗੱਲਬਾਤ: ਗੋਰ
ਭਾਰਤ ’ਚ ਅਮਰੀਕਾ ਦੇ ਨਾਮਜ਼ਦ ਸਫ਼ੀਰ ਸਰਜੀਓ ਗੋਰ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਸ਼ਾਨਦਾਰ ਰਹੀ। ਉਨ੍ਹਾਂ ਕਿਹਾ, ‘‘ਅਸੀਂ ਰੱਖਿਆ, ਵਪਾਰ ਅਤੇ ਤਕਨਾਲੋਜੀ ਸਮੇਤ ਦੁਵੱਲੇ ਮੁੱਦਿਆਂ ਬਾਰੇ ਚਰਚਾ ਕੀਤੀ। ਅਸੀਂ ਅਹਿਮ ਖਣਿਜਾਂ ਦੀ ਅਹਿਮੀਅਤ ਬਾਰੇ ਵੀ ਗੱਲਬਾਤ ਕੀਤੀ।’’ ਗੋਰ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਮਹਾਨ ਅਤੇ ਨਿੱਜੀ ਦੋਸਤ ਮੰਨਦੇ ਹਨ।