ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਸਹਿਮਤ
ਭਾਰਤ ਅਤੇ ਅਮਰੀਕਾ ਦਰਮਿਆਨ ਤਜਵੀਜ਼ ਕੀਤੇ ਗਏ ਦੁਵੱਲੇ ਵਪਾਰ ਸਮਝੌਤੇ (ਬੀ ਟੀ ਏ) ਨੂੰ ਲੈ ਕੇ ਅੱਜ ਹੋਈ ਗੱਲਬਾਤ ਨੂੰ ਵਣਜ ਮੰਤਰਾਲੇ ਨੇ ਸਕਾਰਾਤਮਕ ਅਤੇ ਦੂਰਅੰਦੇਸ਼ੀ ਕਰਾਰ ਦਿੱਤਾ ਹੈ। ਵਣਜ ਮੰਤਰਾਲੇ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਆਪਸੀ ਲਾਭਕਾਰੀ ਵਪਾਰ ਸਮਝੌਤੇ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ’ਤੇ ਸਹਿਮਤੀ ਜਤਾਈ।
ਭਾਰਤੀ ਪੱਖ ਦੀ ਅਗਵਾਈ ਵਣਜ ਵਿਭਾਗ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਨੇ ਕੀਤੀ, ਜਦਕਿ ਅਮਰੀਕੀ ਵਫ਼ਦ ਦੀ ਅਗਵਾਈ ਸਹਾਇਕ ਵਪਾਰ ਪ੍ਰਤੀਨਿਧ (ਦੱਖਣੀ ਅਤੇ ਪੱਛਮੀ ਏਸ਼ੀਆ) ਬ੍ਰੈਂਡਨ ਲਿੰਚ ਨੇ ਕੀਤੀ। ਲਿੰਚ ਇਸ ਗੱਲਬਾਤ ਵਿੱਚ ਹਿੱਸਾ ਲੈਣ ਲਈ ਲੰਘੀ ਸ਼ਾਮ ਨੂੰ ਨਵੀਂ ਦਿੱਲੀ ਪਹੁੰਚੇ ਸਨ। ਰੂਸ ਤੋਂ ਕੱਚਾ ਤੇਲ ਖਰੀਦਣ ਲਈ ਅਮਰੀਕੀ ਬਾਜ਼ਾਰ ’ਚ ਪਹੁੰਚਣ ਵਾਲੇ ਭਾਰਤੀ ਸਾਮਾਨ ’ਤੇ 25 ਫੀਸਦ ਟੈਕਸ ਅਤੇ 25 ਫੀਸਦ ਵਾਧੂ ਜੁਰਮਾਨਾ ਲਾਏ ਜਾਣ ਤੋਂ ਬਾਅਦ ਕਿਸੇ ਉੱਚ ਅਹੁਦੇ ’ਤੇ ਬੈਠੇ ਅਮਰੀਕੀ ਵਪਾਰ ਅਧਿਕਾਰੀ ਦੀ ਇਹ ਪਹਿਲੀ ਯਾਤਰਾ ਹੈ। ਅੱਜ ਦੋਵਾਂ ਧਿਰਾਂ ਨੇ ਪ੍ਰਸਤਾਵਿਤ ਵਪਾਰ ਸਮਝੌਤੇ ਨਾਲ ਜੁੜੇ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਹ ਚਰਚਾ ਸਾਰਾ ਦਿਨ ਚੱਲੀ ਅਤੇ ਇਸ ਤੋਂ ਬਾਅਦ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ। ਮੰਤਰਾਲੇ ਨੇ ਕਿਹਾ ਕਿ ਗੱਲਬਾਤ ਰਚਨਾਤਮਕ ਰਹੀ ਅਤੇ ਭਵਿੱਖ ਲਈ ਇੱਕ ਠੋਸ ਆਧਾਰ ਤਿਆਰ ਹੋਇਆ ਹੈ। ਲਿੰਚ ਨਾਲ ਅਗਰਵਾਲ ਦੀ ਇਹ ਗੱਲਬਾਤ ਵਪਾਰ ਵਾਰਤਾ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਮੰਨੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਗਸਤ ਵਿੱਚ ਭਾਰਤੀ ਉਤਪਾਦਾਂ ’ਤੇ 50 ਪ੍ਰਤੀਸ਼ਤ ਤੱਕ ਦਾ ਟੈਰਿਫ ਲਗਾਏ ਜਾਣ ਤੋਂ ਬਾਅਦ ਵਪਾਰ ਸਮਝੌਤਾ ਅੱਧ ਵਿਚਾਲੇ ਲਟਕ ਗਿਆ ਸੀ। ਹਾਲਾਂਕਿ ਪਿਛਲੇ ਹਫ਼ਤੇ ਟਰੰਪ ਦੇ ਸਕਾਰਾਤਮਕ ਬਿਆਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਖਾਵੇਂ ਰੁਖ ਨੇ ਇਸ ਰੁਕਾਵਟ ਨੂੰ ਦੂਰ ਕਰਨ ਲਈ ਮਾਹੌਲ ਬਣਾਉਣ ਦਾ ਕੰਮ ਕੀਤਾ ਹੈ।
ਫਰਵਰੀ ’ਚ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਅਧਿਕਾਰੀਆਂ ਨੂੰ ਦੁਵੱਲੇ ਵਪਾਰ ਸਮਝੌਤੇ (ਬੀ ਟੀ ਏ) ’ਤੇ ਗੱਲਬਾਤ ਕਰਨ ਦਾ ਨਿਰਦੇਸ਼ ਦਿੱਤਾ ਸੀ। ਸਮਝੌਤੇ ਦੇ ਪਹਿਲੇ ਗੇੜ ਨੂੰ 2025 ਦੀ ਸਰਦ ਰੁੱਤ ਤੱਕ ਮੁਕੰਮਲ ਕਰਨ ਦੀ ਯੋਜਨਾ ਸੀ। ਹੁਣ ਤੱਕ ਪੰਜ ਗੇੜ ਦੀ ਵਾਰਤਾ ਹੋ ਚੁੱਕੀ ਹੈ ਅਤੇ ਛੇਵੇਂ ਦੌਰ ਦੀ ਵਾਰਤਾ ਜੋ 25-29 ਅਗਸਤ ਨੂੰ ਹੋਣੀ ਸੀ, ਉੱਚ ਦਰਾਮਦ ਟੈਕਸ ਲਾਏ ਜਾਣ ਮਗਰੋਂ ਮੁਲਤਵੀ ਕਰ ਦਿੱਤੀ ਗਈ ਸੀ। ਵਣਜ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲਿੰਚ ਤੇ ਭਾਰਤੀ ਅਧਿਕਾਰੀਆਂ ਵਿਚਾਲੇ ਮੀਟਿੰਗ ਨੂੰ ਛੇਵੇਂ ਦੌਰ ਦੀ ਵਾਰਤਾ ਵਜੋਂ ਨਹੀਂ ਬਲਕਿ ਉਸ ਤੋਂ ਪਹਿਲਾਂ ਦੀ ਗੱਲਬਾਤ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ। ਅਧਿਕਾਰੀ ਨੇ ਇਹ ਵੀ ਕਿਹਾ ਕਿ ਭਾਰਤ ਤੇ ਅਮਰੀਕਾ ਹਫ਼ਤਾਵਾਰੀ ਆਧਾਰ ’ਤੇ ਵਰਚੁਅਲ ਢੰਗ ਨਾਲ ਚਰਚਾ ਕਰ ਰਹੇ ਸਨ।
ਟੈਕਸਾਂ ਦਾ ਮਹਾਰਾਜਾ ਗੱਲਬਾਤ ਦੀ ਮੇਜ਼ ’ਤੇ ਆ ਰਿਹਾ ਹੈ: ਨਵਾਰੋ
ਨਿਊਯਾਰਕ/ਵਾਸ਼ਿੰਗਟਨ: ਰਾਜਧਾਨੀ ਦਿੱਲੀ ’ਚ ਭਾਰਤੀ ਤੇ ਅਮਰੀਕੀ ਅਧਿਕਾਰੀਆਂ ਵਿਚਾਲੇ ਵਪਾਰ ਵਾਰਤਾ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਕਿਹਾ ਕਿ ਭਾਰਤ ‘ਗੱਲਬਾਤ ਦੀ ਮੇਜ਼ ’ਤੇ ਆ ਰਿਹਾ ਹੈ।’ ਉਨ੍ਹਾਂ ਮੁੜ ਦੁਹਰਾਇਆ ਕਿ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਮੁਕਾਬਲੇ ਭਾਰਤ ਸਭ ਤੋਂ ਵੱਧ ਟੈਕਸ ਲਾਉਂਦਾ ਹੈ। ਨਵਾਰੋ ਨੇ ਬੀਤੇ ਦਿਨ ‘ਸੀ ਐੱਨ ਬੀ ਸੀ’ ਨੂੰ ਦਿੱਤੀ ਇੰਟਰਵਿਊ ’ਚ ਕਿਹਾ, ‘ਭਾਰਤ ਗੱਲਬਾਤ ਦੀ ਮੇਜ਼ ’ਤੇ ਆ ਰਿਹਾ ਹੈ... ਟੈਕਸਾਂ ਦਾ ਮਹਾਰਾਜਾ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ‘ਬਹੁਤ ਹੀ ਸੁਹਿਰਦਤਾ ਭਰਿਆ, ਚੰਗਾ, ਰਚਨਾਤਮਕ’ ਟਵੀਟ ਕੀਤਾ ਸੀ। ਉਹ ਭਾਰਤ ’ਚ ਜੋ ਕੁਝ ਵੀ ਕਰਦੇ ਹਨ, ਰਾਸ਼ਟਰਪਤੀ (ਡੋਨਲਡ) ਟਰੰਪ ਨੇ ਉਸ ’ਤੇ ਪ੍ਰਤੀਕਿਰਿਆ ਦਿੱਤੀ ਹੈ। ਨਵਾਰੋ ਨੇ ਕਿਹਾ, ‘ਅਸੀਂ ਦੇਖਾਂਗੇ ਕਿ ਇਹ ਕਿਵੇਂ ਕੰਮ ਕਰਦਾ ਹੈ। ਪਰ ਵਿਹਾਰਕ ਤੌਰ ’ਤੇ ਅਸੀਂ ਜਾਣਦੇ ਹਾਂ ਕਿ ਵਪਾਰ ਦੇ ਮੋਰਚੇ ’ਤੇ ਉਨ੍ਹਾਂ ਦੇ ਟੈਕਸ ਕਿਸੇ ਵੀ ਵੱਡੇ ਦੇਸ਼ ਮੁਕਾਬਲੇ ਸਭ ਤੋਂ ਵੱਧ ਹਨ। ਸਾਨੂੰ ਇਸ ਨਾਲ ਉਸੇ ਤਰ੍ਹਾਂ ਨਜਿੱਠਣਾ ਪਿਆ ਜਿਸ ਤਰ੍ਹਾਂ ਅਸੀਂ ਦੂਜੇ ਦੇਸ਼ਾਂ ਨਾਲ ਨਜਿੱਠ ਰਹੇ ਹਾਂ ਜੋ ਅਜਿਹਾ ਕਰਦੇ ਹਨ।’ -ਪੀਟੀਆਈ