ਭਾਰਤ-ਬਰਤਾਨੀਆ ’ਚ 35 ਕਰੋੜ ਪੌਂਡ ਦਾ ਮਿਜ਼ਾਈਲ ਸਮਝੌਤਾ
ਦੋਵੇਂ ਮੁਲਕਾਂ ਨੇ ਅਹਿਮ ਖਣਿਜਾਂ ’ਚ ਸਹਿਯੋਗ ਅਤੇ ਭਾਰਤ ’ਚ ਯੂਨੀਵਰਸਿਟੀਆਂ ਦੇ ਨਵੇਂ ਕੈਂਪਸ ਖੋਲ੍ਹਣ ’ਤੇ ਸਹਿਮਤੀ ਜਤਾੲੀ
ਭਾਰਤ ਅਤੇ ਬਰਤਾਨੀਆ ਨੇ ਨਵੀਆਂ ਮਿਜ਼ਾਈਲਾਂ ਲਈ 35 ਕਰੋੜ ਪੌਂਡ ਦੇ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਅਹਿਮ ਖਣਿਜਾਂ ’ਚ ਸਹਿਯੋਗ ਅਤੇ ਭਾਰਤ ’ਚ ਯੂ ਕੇ ਅਧਾਰਤ ਯੂਨੀਵਰਸਿਟੀਆਂ ਦੇ ਵਧੇਰੇ ਕੈਂਪਸ ਖੋਲ੍ਹਣ ’ਤੇ ਵੀ ਸਹਿਮਤੀ ਜਤਾਈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨੇ ਮੁੰਬਈ ’ਚ ਦੁਵੱਲੀ ਮੀਟਿੰਗ ਕੀਤੀ ਜੋ ਜੁਲਾਈ ’ਚ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤਾਂ ਮਗਰੋਂ ਪਹਿਲੀ ਸੀ। ਸਟਾਰਮਰ, ਜਿਨ੍ਹਾਂ ਇਕ ਦਿਨ ਪਹਿਲਾਂ ਮੁੰਬਈ ’ਚ ਯਸ਼ਰਾਜ ਸਟੂਡੀਓ ਦਾ ਦੌਰਾ ਕੀਤਾ ਸੀ, ਨੇ ਬਰਤਾਨੀਆ ’ਚ ਤਿੰਨ ਬੌਲੀਵੁੱਡ ਫਿਲਮਾਂ ਬਣਾਉਣ ਦਾ ਵੀ ਐਲਾਨ ਕੀਤਾ। ਦੋਵੇਂ ਆਗੂਆਂ ਵਿਚਾਲੇ ਮੀਟਿੰਗ ਮਗਰੋਂ ਜਾਰੀ ਕੀਤੇ ਗਏ ਸਾਂਝੇ ਬਿਆਨ ’ਚ ਬਰਤਾਨੀਆ ਦੇ ਵੀਜ਼ਾ ਨਿਯਮਾਂ ’ਚ ਹੋਏ ਹਾਲੀਆ ਬਦਲਾਅ ਬਾਰੇ ਕੁਝ ਵੀ ਨਹੀਂ ਆਖਿਆ ਗਿਆ ਹੈ ਜਿਸ ਦਾ ਭਾਰਤੀਆਂ ’ਤੇ ਅਸਰ ਪਵੇਗਾ।
ਦੋਵੇਂ ਮੁਲਕਾਂ ਵਿਚਾਲੇ ਥੇਲਸ ਵੱਲੋਂ ਬਣਾਈਆਂ ਅਤੇ ਮਾਰਟਲੇਟ ਨਾਮ ਦੀਆਂ ਲਾਈਟਵੇਟ ਮਲਟੀਰੋਲ ਮਿਜ਼ਾਈਲ ਪ੍ਰਣਾਲੀਆਂ ਲਈ ਸਮਝੌਤੇ ’ਤੇ ਸਹਿਮਤੀ ਬਣੀ। ਇਹ ਮਿਜ਼ਾਈਲਾਂ ਭਾਰਤੀ ਫ਼ੌਜ ਦੀਆਂ ਜੰਗੀ ਯੂਨਿਟਾਂ ਨੂੰ ਮਿਲਣਗੀਆਂ। ਇਹ ਪੈਦਲ ਫ਼ੌਜ ਦੇ ਜਵਾਨਾਂ, ਬਖ਼ਤਰਬੰਦ ਵਾਹਨਾਂ, ਹੈਲੀਕਾਪਟਰਾਂ ਅਤੇ ਜਲ ਸੈਨਾ ਦੇ ਬੇੜਿਆਂ ਰਾਹੀਂ ਵੀ ਦਾਗ਼ੀਆਂ ਜਾ ਸਕਦੀਆਂ ਹਨ। ਇਹ ਮਿਜ਼ਾਈਲਾਂ 6 ਕਿਲੋਮੀਟਰ ਦੀ ਦੂਰੀ ’ਤੇ 1.5 ਮੈਕ ਦੀ ਰਫ਼ਤਾਰ ਨਾਲ ਨਿਸ਼ਾਨਿਆਂ ਨੂੰ ਫੁੰਡ ਸਕਦੀਆਂ ਹਨ। ਮੋਦੀ ਅਤੇ ਸਟਾਰਮਰ ਨੇ ਜਲ ਸੈਨਾ ਪਲੈਟਫਾਰਮਾਂ ਲਈ ਬਿਜਲਈ ਪ੍ਰਣਾਲੀਆਂ ਵਿਕਸਤ ਕਰਨ ਦੇ ਅੰਤਰ-ਸਰਕਾਰੀ ਸਮਝੌਤੇ ਨੂੰ ਵੀ ਅੰਤਿਮ ਰੂਪ ਦਿੱਤਾ। ਮੋਦੀ ਨੇ ਕਿਹਾ ਕਿ ਦੋਵੇਂ ਮੁਲਕ ਰੱਖਿਆ ਸਹਿ-ਉਤਪਾਦਨ ਵੱਲ ਅੱਗੇ ਵੱਧ ਰਹੇ ਹਨ। ਦੋਵੇਂ ਮੁਲਕਾਂ ਨੇ ਫ਼ੌਜੀ ਸਿਖਲਾਈ ’ਚ ਸਹਿਯੋਗ ਦੇ ਸਮਝੌਤੇ ’ਤੇ ਵੀ ਦਸਤਖ਼ਤ ਕੀਤੇ। ਇਸ ਤਹਿਤ ਭਾਰਤੀ ਹਵਾਈ ਫ਼ੌਜ ਦੇ ਫਲਾਇੰਗ ਇੰਸਟ੍ਰਕਟਰ ਯੂ ਕੇ ਦੀ ਰੌਇਲ ਏਅਰ ਫੋਰਸ ’ਚ ਟਰੇਨਰ ਵਜੋਂ ਸੇਵਾਵਾਂ ਨਿਭਾਉਣਗੇ। ਦੋਵੇਂ ਆਗੂਆਂ ਨੇ ਵਾਤਾਵਰਨ ਤਕਨਾਲੋਜੀ ਅਤੇ ਏ ਆਈ ’ਚ ‘ਭਾਰਤ-ਯੂਕੇ ਆਫਸ਼ੋਰ ਵਿੰਡ ਟਾਸਕ ਫੋਰਸ’ ਅਤੇ ‘ਵਾਤਾਵਰਨ ਤਕਨਾਲੋਜੀ ਸਟਾਰਟਅਪ ਫੰਡ’ ਦੇ ਗਠਨ ਦਾ ਵੀ ਸਵਾਗਤ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਬਰਤਾਨੀਆ ਕੁਦਰਤੀ ਭਾਈਵਾਲ ਹਨ ਅਤੇ ਦੋਵੇਂ ਮੁਲਕਾਂ ਵਿਚਾਲੇ ਵੱਧ ਰਹੇ ਸਬੰਧ ਅਜਿਹੇ ਸਮੇਂ ’ਚ ਆਲਮੀ ਸਥਿਰਤਾ ਅਤੇ ਆਰਥਿਕ ਤਰੱਕੀ ਦੇ ਅਹਿਮ ਥੰਮ੍ਹ ਹਨ ਜਦੋਂ ਦੁਨੀਆ ਬੇਯਕੀਨੀ ਦੇ ਮਾਹੌਲ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੇ ਸਬੰਧ ਲੋਕਤੰਤਰ, ਆਜ਼ਾਦੀ ਅਤੇ ਕਾਨੂੰਨ ਦੇ ਸ਼ਾਸਨ ਨਾਲ ਸਬੰਧਤ ਸਾਂਝੀਆਂ ਕਦਰਾਂ-ਕੀਮਤਾਂ ’ਤੇ ਬਣੇ ਹਨ। ਸਟਾਰਮਰ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਮਗਰੋਂ ਮੋਦੀ ਨੇ ਕਿਹਾ ਕਿ ਇਤਿਹਾਸਕ ਭਾਰਤ-ਬਰਤਾਨੀਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ’ਤੇ ਜੁਲਾਈ ’ਚ ਦਸਤਖ਼ਤਾਂ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਦਰਾਮਦ ਲਾਗਤ ਘਟੇਗੀ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਵਪਾਰ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਉਦਯੋਗਾਂ ਤੇ ਖਪਤਕਾਰਾਂ ਨੂੰ ਲਾਹਾ ਮਿਲੇਗਾ। ਦੋਵੇਂ ਆਗੂਆਂ ਨੇ ਹਿੰਦ-ਪ੍ਰਸ਼ਾਂਤ, ਪੱਛਮੀ ਏਸ਼ੀਆ ’ਚ ਸ਼ਾਂਤੀ ਤੇ ਸਥਿਰਤਾ ਅਤੇ ਯੂਕਰੇਨ ’ਚ ਚੱਲ ਰਹੀ ਜੰਗ ਬਾਰੇ ਵੀ ਵਿਚਾਰ ਸਾਂਝੇ ਕੀਤੇ। ਮੋਦੀ ਨੇ ਕਿਹਾ, ‘‘ਯੂਕਰੇਨ ਜੰਗ ਅਤੇ ਗਾਜ਼ਾ ਦੇ ਮੁੱਦਿਆਂ ’ਤੇ ਭਾਰਤ ਗੱਲਬਾਤ ਅਤੇ ਕੂਟਨੀਤੀ ਰਾਹੀਂ ਸ਼ਾਂਤੀ ਬਹਾਲ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦਾ ਹੈ। ਅਸੀਂ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਬਰਤਾਨੀਆ ਨਾਲ ਸਮੁੰਦਰੀ ਸੁਰੱਖਿਆ ਸਹਿਯੋਗ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।’’ ਸਟਾਰਮਰ ਨਾਲ ਬਰਤਾਨੀਆ ਦੀਆਂ 125 ਹਸਤੀਆਂ ਦਾ ਵਫ਼ਦ ਵੀ ਆਇਆ ਹੈ ਜਿਨ੍ਹਾਂ ’ਚ ਕਾਰੋਬਾਰੀ ਅਤੇ ਸਿੱਖਿਆ ਮਾਹਿਰ ਵੀ ਸ਼ਾਮਲ ਹਨ। ਇਸ ਦੌਰਾਨ ਮੋਦੀ ਨੇ ‘ਗਲੋਬਲ ਫਿਨਟੈੱਕ ਫੈਸਟ 2025’ ਨੂੰ ਸੰਬੋਧਨ ਕਰਦਿਆਂ ਆਲਮੀ ਕੰਪਨੀਆਂ ਨੂੰ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਦੇਸ਼, ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਪ੍ਰਮੁੱਖ ਅਰਥਚਾਰਾ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਸਿਰਫ਼ ਸਹੂਲਤ ਦਾ ਨਹੀਂ ਸਗੋਂ ਬਰਾਬਰੀ ਦਾ ਸਾਧਨ ਵੀ ਹੈ। ਉਨ੍ਹਾਂ ਬੈਂਕਿੰਗ ਪ੍ਰਣਾਲੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਅੱਜ ਡਿਜੀਟਲ ਭੁਗਤਾਨ ਹਰੇਕ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਹੈ ਅਤੇ ਇਸ ਦਾ ਸਿਹਰਾ ਜਨ-ਧਨ, ਆਧਾਰ ਅਤੇ ਮੋਬਾਈਲ ਨੂੰ ਜਾਂਦਾ ਹੈ।
ਭਾਰਤ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਹ ’ਤੇ: ਸਟਾਰਮਰ
ਮੁੰਬਈ: ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਭਾਰਤ 2028 ਤੱਕ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਰਾਹ ’ਤੇ ਹੈ ਅਤੇ ਉਨ੍ਹਾਂ ਦਾ ਮੁਲਕ ਇਸ ਸਫ਼ਰ ’ਚ ਭਾਰਤ ਦਾ ਭਾਈਵਾਲ ਬਣਿਆ ਰਹੇਗਾ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਟਾਰਮਰ ਨੇ ਆਸ ਜਤਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਜ਼ਰਾਈਲ-ਹਮਾਸ ਸ਼ਾਂਤੀ ਯੋਜਨਾ ਨਾਲ ਬੰਦੀਆਂ, ਗਾਜ਼ਾ ’ਚ ਆਮ ਆਬਾਦੀ ਅਤੇ ਪੂਰੀ ਦੁਨੀਆ ਨੂੰ ਰਾਹਤ ਮਿਲੇਗੀ। ਉਨ੍ਹਾਂ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਰੂਸ-ਯੂਕਰੇਨ ਜੰਗ ਬਾਰੇ ਵੀ ਵਿਚਾਰ ਵਟਾਂਦਰਾ ਕਰਨ ਦਾ ਦਾਅਵਾ ਕੀਤਾ। -ਪੀਟੀਆਈ
ਏਅਰ ਇੰਡੀਆ ਵੱਲੋਂ ਅੰਮ੍ਰਿਤਸਰ-ਲੰਡਨ ਲਈ ਹਫ਼ਤੇ ’ਚ ਤਿੰਨ ਉਡਾਣਾਂ ਦਾ ਐਲਾਨ
ਏਅਰ ਇੰਡੀਆ ਨੇ ਵੀਰਵਾਰ ਨੂੰ ਆਪਣੇ ਨੈੱਟਵਰਕ ਦਾ ਵਿਸਥਾਰ ਕਰਦਿਆਂ ਅੰਮ੍ਰਿਤਸਰ ਤੋਂ ਲੰਡਨ ਲਈ ਹਫ਼ਤੇ ’ਚ ਤਿੰਨ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਉਡਾਣਾਂ 26 ਅਕਤੂਬਰ ਤੋਂ ਸ਼ੁਰੂ ਹੋਣਗੀਆਂ। ਏਅਰ ਇੰਡੀਆ ਨੇ ਦਿੱਲੀ ਤੋਂ ਲੰਡਨ ਲਈ ਹਫ਼ਤੇ ’ਚ ਉਡਾਣਾਂ 24 ਤੋਂ ਵਧਾ ਕੇ 28 ਕਰ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਸਟਾਰਮਰ ਕੋਲ ਖ਼ਾਲਿਸਤਾਨੀਆਂ ਦਾ ਮੁੱਦਾ ਚੁੱਕਿਆ
ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੇ ਮੁਲਕ ’ਚ ਸਰਗਰਮ ਖ਼ਾਲਿਸਤਾਨੀ ਕੱਟੜਵਾਦੀਆਂ ਦਾ ਮੁੱਦਾ ਚੁੱਕਿਆ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਖਾਲਿਸਤਾਨ ਦੇ ਮੁੱਦੇ ’ਤੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਕਿਹਾ, ‘‘ਇਹ ਵਿਸ਼ਾ ਜੁਲਾਈ ’ਚ ਚਰਚਾ ’ਚ ਆਇਆ ਸੀ ਅਤੇ ਅੱਜ ਹੋਈ ਮੀਟਿੰਗ ਦੌਰਾਨ ਮੁੜ ਉਭਾਰਿਆ ਗਿਆ ਹੈ।’’ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਤੰਤਰੀ ਸਮਾਜਾਂ ’ਚ ਕੱਟੜਵਾਦ ਅਤੇ ਹਿੰਸਕ ਵੱਖਵਾਦ ਲਈ ਕੋਈ ਥਾਂ ਨਹੀਂ ਹੈ। ਮੋਦੀ ਨੇ ਇਹ ਵੀ ਕਿਹਾ ਕਿ ਮੁਲਕਾਂ ਵੱਲੋਂ ਦਿੱਤੀ ਗਈ ਆਜ਼ਾਦੀ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਖ਼ਿਲਾਫ਼ ਕਾਨੂੰਨੀ ਢਾਂਚਾ ਬਣਾਉਣ ਦੀ ਲੋੜ ਹੈ।