ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਅੱਜ
ਭਾਰਤ ਅਤੇ ਬਰਤਾਨੀਆ ਵਿਚਾਲੇ ਵੀਰਵਾਰ ਨੂੰ ਲੰਡਨ ’ਚ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਦਸਤਖ਼ਤ ਕੀਤੇ ਜਾਣਗੇ। ਇਸ ਨਾਲ ਕਿਰਤ ਅਧਾਰਿਤ ਵਸਤਾਂ ਚਮੜਾ, ਜੁੱਤੀਆਂ ਅਤੇ ਕੱਪੜਿਆਂ ਦੀ ਰਿਆਇਤੀ ਦਰਾਂ ’ਤੇ ਬਰਾਮਦਗੀ ਸੰਭਵ ਹੋਵੇਗੀ ਜਦਕਿ ਬਰਤਾਨੀਆ ਤੋਂ ਵ੍ਹਿਸਕੀ ਅਤੇ ਕਾਰਾਂ ਦੀ ਦਰਾਮਦ ਸਸਤੀ ਹੋ ਜਾਵੇਗੀ। ਇਹ ਸਮਝੌਤਾ ਦੋਵੇਂ ਅਰਥਚਾਰਿਆਂ ਵਿਚਾਲੇ ਵਪਾਰ ਨੂੰ 2030 ਤੱਕ ਦੁੱਗਣਾ ਕਰਕੇ 120 ਅਰਬ ਡਾਲਰ ਤੱਕ ਪਹੁੰਚਾਉਣ ’ਚ ਮਦਦ ਕਰੇਗਾ। ਸਮਝੌਤੇ ’ਤੇ ਦਸਤਖ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਦੀ ਹਾਜ਼ਰੀ ’ਚ ਕੀਤੇ ਜਾਣਗੇ। ਮੋਦੀ ਯੂਕੇ ਅਤੇ ਮਾਲਦੀਵ ਦੇ ਚਾਰ ਰੋਜ਼ਾ ਦੌਰੇ ਲਈ ਅੱਜ ਰਵਾਨਾ ਹੋਏ ਹਨ। ਵਣਜ ਅਤੇ ਸਨਅਤਾਂ ਬਾਰੇ ਮੰਤਰੀ ਪਿਯੂਸ਼ ਗੋਇਲ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਜੋਨਾਥਨ ਰੇਨੌਲਡਜ਼ ਇਸ ਸਮਝੌਤੇ ’ਤੇ ਦਸਤਖ਼ਤ ਕਰਨਗੇ। ਸਮਝੌਤੇ ’ਤੇ ਦਸਤਖ਼ਤ ਮਗਰੋਂ ਇਸ ਨੂੰ ਬ੍ਰਿਟਿਸ਼ ਸੰਸਦ ਤੋਂ ਮਨਜ਼ੂਰੀ ਲੈਣੀ ਹੋਵੇਗੀ। ਮੁਕਤ ਵਪਾਰ ਸਮਝੌਤਾ ਲਾਗੂ ਹੋਣ ’ਚ ਕਰੀਬ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ। ਦੋਵੇਂ ਮੁਲਕਾਂ ਨੇ 6 ਮਈ ਨੂੰ ਵਪਾਰ ਸਮਝੌਤੇ ਲਈ ਵਾਰਤਾ ਖ਼ਤਮ ਹੋਣ ਦਾ ਐਲਾਨ ਕੀਤਾ ਸੀ। ਸਮਝੌਤੇ ’ਚ ਵਸਤਾਂ, ਸੇਵਾਵਾਂ, ਕਾਢਾਂ, ਸਰਕਾਰੀ ਖ਼ਰੀਦ ਅਤੇ ਬੌਧਿਕ ਸੰਪਤੀ ਹੱਕ (ਆਈਪੀਆਰ) ਜਿਹੇ ਮੁੱਦੇ ਸ਼ਾਮਲ ਹਨ। ਦੋਵੇਂ ਮੁਲਕਾਂ ਨੇ ਦੋਹਰੇ ਯੋਗਦਾਨ ਸੰਮੇਲਨ ਸਮਝੌਤੇ ਜਾਂ ਸਮਾਜਿਕ ਸੁਰੱਖਿਆ ਸਮਝੌਤੇ ’ਤੇ ਵੀ ਗੱਲਬਾਤ ਪੂਰੀ ਕਰ ਲਈ ਹੈ। ਇਸ ਨਾਲ ਬਰਤਾਨੀਆ ’ਚ ਸੀਮਤ ਮਿਆਦ ਲਈ ਕੰਮ ਕਰਨ ਵਾਲੇ ਭਾਰਤੀ ਮਾਹਿਰਾਂ ਨੂੰ ਸਮਾਜਿਕ ਸੁਰੱਖਿਆ ਫੰਡ ’ਚ ਦੋਹਰੇ ਯੋਗਦਾਨ ਤੋਂ ਬਚਣ ’ਚ ਸਹਾਇਤਾ ਮਿਲੇਗੀ। ਅਜਿਹੇ ਵਪਾਰ ਸਮਝੌਤਿਆਂ ’ਚ ਦੋਵੇਂ ਮੁਲਕ ਆਪਸੀ ਵਪਾਰ ਵਾਲੀਆਂ ਜ਼ਿਆਦਾਤਰ ਵਸਤਾਂ ’ਤੇ ਕਸਟਮ ਡਿਊਟੀ ਜਾਂ ਤਾਂ ਖ਼ਤਮ ਕਰ ਦਿੰਦੇ ਹਨ ਜਾਂ ਉਸ ’ਚ ਵਧੇਰੇ ਕਮੀ ਕਰ ਦਿੰਦੇ ਹਨ। ਇਹ ਸਮਝੌਤੇ ਸੇਵਾਵਾਂ ਅਤੇ ਦੁਵੱਲੇ ਨਿਵੇਸ਼ ’ਚ ਵਪਾਰ ਨੂੰ ਹੱਲਾਸ਼ੇਰੀ ਦੇਣ ਦੇ ਮਾਪਦੰਡਾਂ ਨੂੰ ਵੀ ਸੁਖਾਲਾ ਬਣਾਉਂਦੇ ਹਨ। ਸਮਝੌਤੇ ਤਹਿਤ 99 ਫ਼ੀਸਦੀ ਭਾਰਤੀ ਬਰਾਮਦ ਨੂੰ ਬਰਤਾਨੀਆ ਦੇ ਬਾਜ਼ਾਰ ’ਚ ਸਿਫ਼ਰ ਡਿਊਟੀ ਦਾ ਲਾਭ ਮਿਲੇਗਾ। ਸਮਝੌਤੇ ਦੀਆਂ ਮੁੱਖ ਤਜਵੀਜ਼ਾਂ ’ਚ ਇਕ ਕੋਟੇ ਤਹਿਤ ਬਰਤਾਨਵੀ ਵ੍ਹਿਸਕੀ ਅਤੇ ਜਿਨ ’ਤੇ ਦਰਾਮਦ ਡਿਊਟੀ 150 ਫ਼ੀਸਦ ਤੋਂ ਘਟਾ ਕੇ 75 ਫ਼ੀਸਦ ਕਰਨਾ ਅਤੇ ਫਿਰ ਸਮਝੌਤੇ ਦੇ 10 ਸਾਲਾਂ ਤੱਕ ਇਸ ਨੂੰ ਘਟਾ ਕੇ 40 ਫ਼ੀਸਦ ਕਰਨਾ ਸ਼ਾਮਲ ਹੈ। ਆਟੋਮੋਟਿਵ ਟੈਕਸ 100 ਫ਼ੀਸਦ ਤੋਂ ਘਟਾ ਕੇ 10 ਫ਼ੀਸਦ ਕੀਤਾ ਜਾਵੇਗਾ। ਦਰਾਮਦਗੀ ਡਿਊਟੀਆਂ ’ਚ ਕਮੀ ਨਾਲ ਬਾਜ਼ਾਰ ਖੁੱਲ੍ਹ ਸਕਦੇ ਹਨ ਅਤੇ ਕਾਰੋਬਾਰੀਆਂ ਤੇ ਭਾਰਤੀ ਖਪਤਕਾਰਾਂ ਲਈ ਵਪਾਰ ਸਸਤਾ ਹੋ ਸਕਦਾ ਹੈ। ਵਿੱਤੀ ਵਰ੍ਹੇ 2024-25 ’ਚ ਬਰਤਾਨੀਆ ਨੂੰ ਭਾਰਤ ਦੀ ਬਰਾਮਦਗੀ 12.6 ਫ਼ੀਸਦ ਵਧ ਕੇ 14.5 ਅਰਬ ਡਾਲਰ ਹੋ ਗਈ ਹੈ ਜਦਕਿ ਦਰਾਮਦ 2.3 ਫ਼ੀਸਦ ਵਧ ਕੇ 8.6 ਅਰਬ ਡਾਲਰ ਹੋ ਗਈ ਹੈ। ਭਾਰਤ ਅਤੇ ਬਰਤਾਨੀਆ ਵਿਚਾਲੇ ਦੁਵੱਲਾ ਵਪਾਰ 2022-23 ’ਚ 20.36 ਅਰਬ ਡਾਲਰ ਤੋਂ ਵਧ ਕੇ 21.34 ਅਰਬ ਡਾਲਰ ਹੋ ਗਿਆ ਸੀ। -ਪੀਟੀਆਈ
ਬਰਤਾਨੀਆ ਨਾਲ ਐੱਫਟੀਏ ਦੇ ਘਾਤਕ ਨਤੀਜੇ ਨਿਕਲਣਗੇ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਬਰਤਾਨੀਆ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੇ ਘਾਤਕ ਨਤੀਜੇ ਨਿਕਲਣਗੇ। ਕਾਂਗਰਸ ਨੇ ਦਾਅਵਾ ਕੀਤਾ ਕਿ ਇਸ ਸਮਝੌਤੇ ਦੇ ਭਾਰਤੀ ਘਰੇਲੂ ਉਦਯੋਗ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਗੰਭੀਰ ਸਵਾਲ ਉਠ ਰਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਤੇ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਪ੍ਰਧਾਨ ਮੰਤਰੀ ਦਾ ਲੰਡਨ ਦੌਰਾ ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਦਸਤਖ਼ਤ ਕਰਨ ਲਈ ਹੈ, ਜਿਸ ਦੇ ਅਸਲ ਵਿੱਚ ਕਈ ਹਿੱਤ ਧਾਰਕਾਂ ਲਈ ਘਾਤਕ ਨਤੀਜੇ ਨਿਕਲਣਗੇ। ਸਭ ਤੋਂ ਜ਼ਿਆਦਾ ਅਸਰ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ’ਤੇ ਪਵੇਗਾ, ਜੋ ਕਿ ਭਾਰਤ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ। ਉਹ ਭਾਰਤ ਦੇ ਮਜ਼ਦੂਰਾਂ ਦੇ ਸਭ ਤੋਂ ਵੱਡੇ ਰੁਜ਼ਗਾਰਦਾਤਾ ਹਨ ਅਤੇ ਪਿਛਲੇ 11 ਸਾਲਾਂ ਵਿੱਚ ਮੋਦੀ ਸਰਕਾਰ ਦੀ ਕੁਝ ਵੱਡੇ ਕਾਰੋਬਾਰੀ ਸਮੂਹਾਂ ਨੂੰ ਤਰਜੀਹ ਦੇਣ ਦੀ ਨੀਤੀ ਕਾਰਨ ਇਹ ਉਦਯੋਗ ਅਣਗੌਲੇ ਤੇ ਸੰਕਟ ਦਾ ਵਿਸ਼ਾ ਰਹੇ ਹਨ।’’ -ਪੀਟੀਆਈ