ਭਾਰਤ ਅੱਜ ਵੀ ਉੱਪਰੋਂ ‘ਸਾਰੇ ਜਹਾਂ ਸੇ ਅੱਛਾ’ ਦਿਖਦਾ ਹੈ: ਸ਼ੁਕਲਾ
ਨਵੀਂ ਦਿੱਲੀ, 13 ਜੁਲਾਈ
ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਅੱਜ ਕਿਹਾ ਕਿ ਭਾਰਤ ਪੁਲਾੜ ਤੋਂ ਉਮੀਦਾਂ, ਨਿਡਰਤਾ, ਆਤਮ-ਵਿਸ਼ਵਾਸ ਤੇ ਮਾਣ ਨਾਲ ਭਰਿਆ ਨਜ਼ਰ ਆਉਂਦਾ ਹੈ। ਸ਼ੁਕਲਾ ਨੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਵੱਲੋਂ 1984 ’ਚ ਕਹੇ ਸ਼ਬਦ ਦੁਹਰਾਉਂਦਿਆਂ ਕਿਹਾ, ‘ਅੱਜ ਵੀ ਭਾਰਤ ਉੱਪਰੋਂ ‘ਸਾਰੇ ਜਹਾਂ ਸੇ ਅੱਛਾ’ ਦਿਖਦਾ ਹੈ।’ ਉਨ੍ਹਾਂ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ’ਤੇ ‘ਐਕਸੀਓਮ-4’ ਮਿਸ਼ਨ ਦੇ ਪੁਲਾੜ ਮੁਸਾਫਰਾਂ ਲਈ ਰੱਖੇ ਗਏ ਵਿਦਾਇਗੀ ਸਮਾਰੋਹ ਦੌਰਾਨ ਇਹ ਗੱਲ ਕਹੀ।
ਸ਼ੁਕਲਾ ਨੇ ਆਈਐੱਸਐੱਸ ’ਚ ਆਪਣੇ ਪਰਵਾਸ ਦਾ ਜ਼ਿਕਰ ਕਰਦਿਆਂ ਕਿਹਾ, ‘ਇਹ ਮੈਨੂੰ ਜਾਦੂ ਵਰਗਾ ਲਗਦਾ ਹੈ। ਇਹ ਮੇਰੇ ਲਈ ਇੱਕ ਸ਼ਾਨਦਾਰ ਯਾਤਰਾ ਰਹੀ ਹੈ।’ ਭਾਰਤੀ ਪੁਲਾੜ ਯਾਤਰੀ ਨੇ ਕਿਹਾ ਕਿ ਉਹ ਆਪਣੇ ਨਾਲ ਬਹੁਤ ਸਾਰੀਆਂ ਯਾਦਾਂ ਦੇ ਸਿੱਖਿਆਵਾਂ ਲੈ ਕੇ ਜਾ ਰਹੇ ਹਨ ਜਿਨ੍ਹਾਂ ਨੂੰ ਉਹ ਆਪਣੇ ਦੇਸ਼ ਵਾਸੀਆਂ ਨਾਲ ਸਾਂਝਾ ਕਰਨਗੇ। ਆਈਐੱਸਐੱਸ ’ਤੇ 18 ਦਿਨ ਤੱਕ ਵਿਗਿਆਨਕ ਤਜਰਬਿਆਂ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਤੇ ‘ਐਕਸੀਓਮ-4’ ਮਿਸ਼ਨ ਦੇ ਤਿੰਨ ਹੋਰ ਪੁਲਾੜ ਯਾਤਰੀਆਂ ਦੀ ਵਿਦਾਈ ਦਾ ਸਮਾਂ ਆ ਗਿਆ ਹੈ ਅਤੇ ਉਹ ਸੋਮਵਾਰ ਨੂੰ ਧਰਤੀ ਲਈ ਆਪਣੀ ਵਾਪਸੀ ਯਾਤਰਾ ਸ਼ੁਰੂ ਕਰਨਗੇ। ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਕਮਾਂਡਰ ਪੈਗੀ ਵ੍ਹਿਟਸਨ, ਪੋਲੈਂਡ ਤੇ ਹੰਗਰੀ ਦੇ ਮਿਸ਼ਨ ਮਾਹਿਰ ਸਲਾਵੋਜ਼ ਉਜ਼ਨਾਨਸਕੀ ਵਿਸਨੀਵਸਕੀ ਅਤੇ ਟਿਬੋਰ ਕਾਪੂ ‘ਐਕਸੀਓਮ-4’ ਮਿਸ਼ਨ ਤਹਿਤ 26 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਪਹੁੰਚੇ ਸਨ। -ਪੀਟੀਆਈ