ਭਾਰਤ-ਦੱਖਣੀ ਕੋਰੀਆ ਵੱਲੋਂ ਏਆਈ ’ਚ ਸਹਿਯੋਗ ਵਧਾਉਣ ਦਾ ਫ਼ੈਸਲਾ
ਭਾਰਤ ਅਤੇ ਦੱਖਣੀ ਕੋਰੀਆ ਨੇ ਆਪਣੀ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਕਰਨ ਲਈ ਸੈਮੀਕੰਡਕਟਰ, ਊਰਜਾ, ਰੱਖਿਆ ਅਤੇ ਮਸਨੂਈ ਬੌਧਿਕਤਾ (ਏਆਈ) ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਦੱਖਣੀ ਕੋਰੀਆ ਦੇ ਹਮਰੁਤਬਾ ਚੋ ਹਯੂਨ ਵਿਚਾਲੇ ਹੋਈ ਗੱਲਬਾਤ ਦੌਰਾਨ ਲਿਆ ਗਿਆ। ਦੋਵਾਂ ਆਗੂਆਂ ਨੇ ਦੁਵੱਲਾ ਸਹਿਯੋਗ ਵਧਾਉਣ ਬਾਰੇ ਵੀ ਵਿਚਾਰ-ਚਰਚਾ ਕੀਤੀ। ਜੈਸ਼ੰਕਰ ਨੇ ਐਕਸ ’ਤੇ ਕਿਹਾ, ‘ਵਪਾਰ, ਨਿਰਮਾਣ ਅਤੇ ਸਮੁੰਦਰੀ ਸਹਿਯੋਗ ਦੇ ਨਾਲ-ਨਾਲ ਏਆਈ, ਸੈਮੀਕੰਡਕਟਰ, ਕਲੀਨ ਊਰਜਾ ਅਤੇ ਰੱਖਿਆ ਵਰਗੇ ਨਵੇਂ ਖੇਤਰਾਂ ਵਿੱਚ ਦੁਵੱਲਾ ਸਹਿਯੋਗ ਵਧਾਉਣ ਬਾਰੇ ਸਾਰਥਕ ਗੱਲਬਾਤ ਕੀਤੀ।’ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਹਿੰਦ-ਪ੍ਰਸ਼ਾਂਤ ਖੇਤਰ ਅਤੇ ਆਲਮੀ ਘਟਨਾਵਾਂ ’ਤੇ ਵੀ ਵਿਚਾਰ ਚਰਚਾ ਕੀਤੀ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਵਿਸ਼ੇਸ਼ ਰਣਨੀਤਕ ਭਾਈਵਾਲੀ ਦੇ 10 ਸਾਲ ਪੂਰੇ ਹੋਣ ’ਤੇ ਉਨ੍ਹਾਂ ਦੇ ਸਬੰਧ ਹੋਰ ਵੀ ਮਜ਼ਬੂਤ ਹੋਏ ਹਨ। ਮੀਟਿੰਗ ਦੌਰਾਨ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਜੈਸ਼ੰਕਰ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਨਿੰਦਾ ਕਰਨ ਲਈ ਸਿਓਲ ਦਾ ਧੰਨਵਾਦ ਕੀਤਾ। ਵਿਦੇਸ਼ ਮੰਤਰੀ ਨੇ ਅਪਰੇਸ਼ਨ ਸਿੰਧੂਰ ਤੋਂ ਬਾਅਦ ਦੱਖਣੀ ਕੋਰੀਆ ਦਾ ਦੌਰਾ ਕਰਨ ਵਾਲੇ ਭਾਰਤੀ ਸੰਸਦੀ ਵਫ਼ਦ ਨੂੰ ਦਿੱਤੇ ਗਏ ਸਮਰਥਨ ਦਾ ਵੀ ਜ਼ਿਕਰ ਕੀਤਾ। ਜੈਸ਼ੰਕਰ ਨੇ ਕਿਹਾ, ‘ਤੁਹਾਨੂੰ ਵਿਦੇਸ਼ ਮੰਤਰੀ ਬਣਿਆਂ ਹਾਲੇ ਸਿਰਫ਼ ਮਹੀਨਾ ਹੀ ਹੋਇਆ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਕੌਮੀ ਦਿਵਸ ਅਤੇ ਸਾਡੇ ਕੌਮੀ ਦਿਵਸ ਤੋਂ ਇੱਕ ਦਿਨ ਬਾਅਦ ਇੱਥੇ ਆਏ ਹੋ, ਜਿਸ ਤੋਂ ਦੁਵੱਲੇ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਪਤਾ ਲੱਗਦਾ ਹੈ।’