ਭਾਰਤ ਅਤੇ ਸਿੰਗਾਪੁਰ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਿੰਗਾਪੁਰੀ ਹਮਰੁਤਬਾ ਲਾਰੈਂਸ ਵੌਂਗ ਦੀ ਹਾਜ਼ਰੀ ’ਚ ਵਿਆਪਕ ਰਣਨੀਤਕ ਭਾਈਵਾਲੀ ਦੇ ਵਿਸਥਾਰ ਲਈ ਇਕ ਖਾਕਾ ਪੇਸ਼ ਕੀਤਾ ਜਿਸ ’ਚ ਦੁਨੀਆ ਦੇ ਮੌਜੂਦਾ ਭੂ-ਸਿਆਸੀ ਮਾਹੌਲ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ।
ਮੋਦੀ ਅਤੇ ਵੌਂਗ ਨੇ ਦੁਵੱਲੇ ਸਬੰਧਾਂ ਬਾਰੇ ਗੱਲਬਾਤ ਕੀਤੀ ਜਿਸ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਜਿਨ੍ਹਾਂ ’ਚੋਂ ਇਕ ਭਾਰਤੀ ਰਿਜ਼ਰਵ ਬੈਂਕ ਅਤੇ ਮੌਨੇਟਰੀ ਅਥਾਰਿਟੀ ਆਫ਼ ਸਿੰਗਾਪੁਰ ਵਿਚਾਲੇ ਹੋਇਆ ਡਿਜੀਟਲ ਐਸੇਟ ਇਨੋਵੇਸ਼ਨ ਬਾਰੇ ਸਮਝੌਤਾ ਸ਼ਾਮਲ ਹੈ। ਮੋਦੀ ਨੇ ਵੌਂਗ ਦੀ ਹਾਜ਼ਰੀ ’ਚ ਕਿਹਾ ਕਿ ਭਾਰਤ-ਸਿੰਗਾਪੁਰ ਸਬੰਧ ਕੂਟਨੀਤੀ ਤੋਂ ਕਿਤੇ ਅਗਾਂਹ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਫ਼ੈਸਲਾ ਲਿਆ ਹੈ ਕਿ ਮਸਨੂਈ ਬੌਧਿਕਤਾ, ਕੁਆਂਟਮ ਅਤੇ ਡਿਜੀਟਲ ਤਕਨਾਲੋਜੀਆਂ ਦੇ ਖੇਤਰਾਂ ’ਚ ਸਹਿਯੋਗ ਹੋਰ ਵਧਾਇਆ ਜਾਵੇਗਾ।
ਮੋਦੀ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਕਿਹਾ, ‘‘ਅਤਿਵਾਦ ਦੇ ਸਬੰਧ ’ਚ ਸਾਡੀਆਂ ਚਿੰਤਾਵਾਂ ਇਕੋ ਜਿਹੀਆਂ ਹਨ। ਸਾਡਾ ਮੰਨਣਾ ਹੈ ਕਿ ਅਤਿਵਾਦ ਖ਼ਿਲਾਫ਼ ਇਕਜੁੱਟ ਹੋ ਕੇ ਲੜਨਾ ਉਨ੍ਹਾਂ ਸਾਰੇ ਮੁਲਕਾਂ ਦਾ ਫ਼ਰਜ਼ ਹੈ ਜੋ ਮਨੁੱਖਤਾ ’ਚ ਯਕੀਨ ਰਖਦੇ ਹਨ।’’ ਉਧਰ ਵੌਂਗ ਨੇ ਕਿਹਾ ਕਿ ਬੇਯਕੀਨੀ ਅਤੇ ਅਸ਼ਾਂਤੀ ਨਾਲ ਭਰੀ ਦੁਨੀਆ ’ਚ ਭਾਰਤ ਅਤੇ ਸਿੰਗਾਪੁਰ ਵਿਚਾਲੇ ਭਾਈਵਾਲੀ ਹੋਰ ਵੀ ਅਹਿਮ ਹੋ ਜਾਂਦੀ ਹੈ। ਇਸ ਦੌਰਾਨ ਮੋਦੀ ਅਤੇ ਵੌਂਗ ਨੇ ਜੇ ਐੱਨ ਪੋਰਟ ਪੀ ਐੱਸ ਏ ਟਰਮੀਨਲ ਦੇ ਦੂਜੇ ਫ਼ੇਜ਼ ਦਾ ਵਰਚੁਅਲੀ ਉਦਘਾਟਨ ਵੀ ਕੀਤਾ।