ਰੂਸੀ ਤੇਲ ਬਾਰੇ ਟਰੰਪ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲਵੇ ਭਾਰਤ: Nikki Haley
ਰਿਪਬਲਿਕਨ ਪਾਰਟੀ ਆਗੂ ਨਿੱਕੀ ਹੇਲੀ ਨੇ ਭਾਰਤ ਨੂੰ ਰੂਸੀ ਤੇਲ ਬਾਰੇ ਟਰੰਪ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੂੰ ਮਸਲੇ ਦਾ ਹੱਲ ਲੱਭਣ ਲਈ ਵ੍ਹਾਈਟ ਹਾਊਸ ਨਾਲ ਫੌਰੀ ਰਲ ਕੇ ਕੰਮ ਕਰਨਾ ਚਾਹੀਦਾ ਹੈ।
Republican leader Nikki Haley ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, ‘‘ਵਪਾਰ ਸਬੰਧੀ ਮਤਭੇਦਾਂ ਅਤੇ ਰੂਸੀ ਤੇਲ ਦਰਾਮਦ ਜਿਹੇ ਮੁੱਦਿਆਂ ਨਾਲ ਸਿੱਝਣ ਲਈ ਸਖ਼ਤ ਵਾਰਤਾ ਦੀ ਲੋੜ ਹੈ।’’ ਉਨ੍ਹਾਂ ‘ਐਕਸ’ ’ਤੇ ਉਸ ਲੇਖ ਦਾ ਇਕ ਹਿੱਸਾ ਵੀ ਪੋਸਟ ਕੀਤਾ ਜੋ ਉਨ੍ਹਾਂ ਪਿਛਲੇ ਹਫ਼ਤੇ ‘ਨਿਊਜ਼ਵੀਕ’ ਲਈ ਲਿਖਿਆ ਸੀ। ਇਹ ਲੇਖ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ’ਤੇ 50 ਫ਼ੀਸਦ ਟੈਰਿਫ ਲਗਾਏ ਜਾਣ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਸਬੰਧਾਂ ’ਚ ਆਏ ਤਣਾਅ ਨਾਲ ਸਬੰਧਤ ਸੀ। ਹੇਲੀ ਨੂੰ ਦੋਵੇਂ ਮੁਲਕਾਂ ਵਿਚਾਲੇ ਟੈਰਿਫ ਨੂੰ ਲੈ ਕੇ ਤਣਾਅ ਦਰਮਿਆਨ ਭਾਰਤ ਦਾ ਪੱਖ ਲੈਣ ਲਈ ਆਪਣੀ ਪਾਰਟੀ ’ਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੇਲੀ ਨੇ ਕਿਹਾ, ‘‘ਭਾਰਤ, ਰੂਸ ਤੋਂ ਤੇਲ ਖ਼ਰੀਦ ਰਿਹਾ ਹੈ ਜਿਸ ਨੂੰ ਲੈ ਕੇ ਟਰੰਪ ਨਿਸ਼ਾਨਾ ਸੇਧ ਰਹੇ ਹਨ, ਜੋ ਸਹੀ ਹੈ। ਇਸ ਨਾਲ ਵਲਾਦੀਮੀਰ ਪੂਤਿਨ ਨੂੰ ਯੂਕਰੇਨ ਖ਼ਿਲਾਫ਼ ਜੰਗ ਲਈ ਰਕਮ ਇਕੱਠੀ ਕਰਨ ’ਚ ਸਹਾਇਤਾ ਮਿਲ ਰਹੀ ਹੈ।’’ ਉਂਝ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨਾਲ ਚੀਨ ਵਰਗਾ ਨਹੀਂ ਸਗੋਂ ‘ਅਹਿਮ ਆਜ਼ਾਦ ਅਤੇ ਜਮਹੂਰੀ ਭਾਈਵਾਲ’ ਵਾਲਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਹੇਲੀ ਨੇ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਭਾਰਤ ਅਤੇ ਅਮਰੀਕਾ ਵਿਚਾਲੇ ਦਹਾਕਿਆਂ ਪੁਰਾਣੀ ਦੋਸਤੀ ਅਤੇ ਸਦਭਾਵਨਾ ’ਤੇ ਵੀ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਚੀਨ ਦੇ ਟਾਕਰੇ ਲਈ ਅਮਰੀਕਾ ਕੋਲ ਭਾਰਤ ਵਰਗਾ ਇਕ ਦੋਸਤ ਹੋਣਾ ਚਾਹੀਦਾ ਹੈ। -ਪੀਟੀਆਈ