ਭਾਰਤ-ਰੂਸ ਪੰਜ ਸਾਲਾ ਆਰਥਿਕ ਯੋਜਨਾ ’ਤੇ ਰਜ਼ਾਮੰਦ
ਮੋਦੀ ਵੱਲੋਂ ਯੂਕਰੇਨ ਜੰਗ ਦੇ ਖਾਤਮੇ ਦੀ ਵਕਾਲਤ; ਦੋਵੇਂ ਮੁਲਕਾਂ ਵਿਚਾਲੇ ਦੋਸਤੀ ਧਰੂ ਤਾਰੇ ਵਾਂਗ: ਮੋਦੀ
ਭਾਰਤ ਅਤੇ ਰੂਸ ਨੇ ਅਮਰੀਕਾ ਵੱਲੋਂ ਟੈਰਿਫ ਅਤੇ ਪਾਬੰਦੀਆਂ ਲਗਾਉਣ ਤੋਂ ਪੈਦਾ ਹੋਏ ਹਾਲਾਤ ਨਾਲ ਸਿੱਝਣ ਲਈ ਸ਼ੁੱਕਰਵਾਰ ਨੂੰ ਆਰਥਿਕ ਅਤੇ ਵਪਾਰਕ ਭਾਈਵਾਲੀ ਹੋਰ ਮਜ਼ਬੂਤ ਕਰਨ ਲਈ ਪੰਜ ਵਰ੍ਹਿਆਂ ਦੀ ਯੋਜਨਾ ’ਤੇ ਸਹਿਮਤੀ ਜਤਾਈ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਕਿ ਯੂਕਰੇਨ ’ਚ ਚੱਲ ਰਹੀ ਜੰਗ ਨੂੰ ਸ਼ਾਂਤਮਈ ਢੰਗ ਨਾਲ ਖਤਮ ਕੀਤਾ ਜਾਣਾ ਚਾਹੀਦਾ ਹੈ।
ਦੁਨੀਆ ਭਰ ਦੀਆਂ ਨਜ਼ਰਾਂ ਮੋਦੀ ਅਤੇ ਪੂਤਿਨ ਵਿਚਾਲੇ ਹੋਣ ਵਾਲੀ ਵਾਰਤਾ ’ਤੇ ਰਹੀਆਂ ਜਿਸ ’ਚ ਦੋਵੇਂ ਆਗੂਆਂ ਨੇ ਅੱਠ ਦਹਾਕੇ ਤੋਂ ਵਧ ਪੁਰਾਣੀ ਭਾਰਤ-ਰੂਸ ਦੋਸਤੀ ਨੂੰ ਨਵੀਂ ਰਫਤਾਰ ਦੇਣ ਦੀ ਆਪਣੀ ਦ੍ਰਿੜ ਇੱਛਾ ਦਿਖਾਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਾੜੇ ਭੂ-ਸਿਆਸੀ ਹਾਲਾਤ ਦੇ ਬਾਵਜੂਦ ਇਹ ਦੋਸਤੀ ‘ਧਰੂ ਤਾਰੇ’ ਵਾਂਗ ਕਾਇਮ ਹੈ। ਦੋਵੇਂ ਮੁਲਕਾਂ ਨੇ 2030 ਦੇ ਆਰਥਿਕ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਤੋਂ ਇਲਾਵਾ ਸਿਹਤ, ਖੁਰਾਕ ਸੁਰੱਖਿਆ, ਜਹਾਜ਼ਰਾਨੀ ਸਮੇਤ ਕਈ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਸਮਝੌਤਿਆਂ ’ਤੇ ਦਸਤਖਤ ਕੀਤੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰੂਸੀ ਰਾਸ਼ਟਰਪਤੀ ਪੂਤਿਨ ਦਾ ਰਸਮੀ ਸਵਾਗਤ ਕੀਤਾ। ਪੂਤਿਨ ਨੂੰ ਗਾਰਡ ਆਫ ਆਨਰ ਦੇਣ ਦੇ ਨਾਲ ਨਾਲ ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਬਾਅਦ ’ਚ ਉਨ੍ਹਾਂ ਰਾਜਘਾਟ ਜਾ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।
ਸ੍ਰੀ ਮੋਦੀ ਨੇ ਪੂਤਿਨ ਨਾਲ 23ਵੀਂ ਭਾਰਤ-ਰੂਸ ਸਾਲਾਨਾ ਸਿਖਰ ਵਾਰਤਾ ਮਗਰੋਂ ਬਿਆਨ ’ਚ ਕਿਹਾ, ‘‘ਦੁਨੀਆ ਨੇ ਬੀਤੇ ਅੱਠ ਦਹਾਕਿਆਂ ’ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਮਨੁੱਖਤਾ ਨੂੰ ਕਈ ਚੁਣੌਤੀਆਂ ਅਤੇ ਸੰਕਟਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਭਾਰਤ-ਰੂਸ ਦੋਸਤੀ ਧਰੂ ਤਾਰੇ ਵਾਂਗ ਕਾਇਮ ਰਹੀ। ਇਹ ਰਿਸ਼ਤਾ ਆਪਸੀ ਸਤਿਕਾਰ ਅਤੇ ਵਿਸ਼ਵਾਸ ’ਤੇ ਕਾਇਮ ਹੋਇਆ ਹੈ ਅਤੇ ਸਮੇਂ ਦੀ ਕਸੌਟੀ ’ਤੇ ਖਰਾ ਉਤਰਿਆ ਹੈ। ਅੱਜ ਅਸੀਂ ਇਸ ਨੀਂਹ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਯੋਗ ਦੇ ਸਾਰੇ ਪੱਖਾਂ ’ਤੇ ਵਿਚਾਰ ਵਟਾਂਦਰਾ ਕੀਤਾ। ਆਰਥਿਕ ਸਹਿਯੋਗ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣਾ ਸਾਡੀ ਸਾਂਝੀ ਤਰਜੀਹ ਹੈ।’’ ਵਾਰਤਾ ਦੌਰਾਨ ਯੂਕਰੇਨ ਜੰਗ ਦਾ ਮੁੱਦਾ ਵੀ ਉਭਰਿਆ ਅਤੇ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਸ਼ਾਂਤੀ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਯੂਕਰੇਨ ਜੰਗ ਦੇ ਸ਼ਾਂਤੀਪੂਰਵਕ ਅਤੇ ਸਥਾਈ ਹੱਲ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦੇ ਹਾਂ। ਭਾਰਤ ਹਮੇਸ਼ਾ ਸਹਿਯੋਗ ਕਰਨ ਲਈ ਤਿਆਰ ਹੈ ਅਤੇ ਅੱਗੇ ਵੀ ਹਮਾਇਤ ਦਿੰਦਾ ਰਹੇਗਾ।’’ ਮੋਦੀ-ਪੂਤਿਨ ਵਾਰਤਾ ਦੌਰਾਨ ਅਤਿਵਾਦ ਨਾਲ ਸਿੱਝਣ ਦਾ ਮੁੱਦਾ ਵੀ ਉਭਰਿਆ। ਮੋਦੀ ਨੇ ਕਿਹਾ, ‘‘ਭਾਰਤ ਤੇ ਰੂਸ ਨੇ ਅਤਿਵਾਦ ਖ਼ਿਲਾਫ਼ ਜੰਗ ’ਚ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੱਤਾ ਹੈ। ਉਹ ਭਾਵੇਂ ਪਹਿਲਗਾਮ ’ਚ ਦਹਿਸ਼ਤੀ ਹਮਲਾ ਹੋਵੇ ਜਾਂ ਕਰੋਕਸ ਸਿਟੀ ਹਾਲ ’ਤੇ ਹੋਇਆ ਘਿਨਾਉਣਾ ਹਮਲਾ ਹੋਵੇ, ਇਨ੍ਹਾਂ ਸਾਰੀਆਂ ਘਟਨਾਵਾਂ ਦੀ ਜੜ੍ਹ ਇਕੋ ਹੀ ਹੈ। ਭਾਰਤ ਦਾ ਮੰਨਣਾ ਹੈ ਕਿ ਅਤਿਵਾਦ ਮਨੁੱਖਤਾ ਖ਼ਿਲਾਫ਼ ਸਿੱਧਾ ਹਮਲਾ ਹੈ ਅਤੇ ਉਸ ਖ਼ਿਲਾਫ਼ ਆਲਮੀ ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ।’’ ਪ੍ਰਧਾਨ ਮੰਤਰੀ ਨੇ ਪੂਤਿਨ ਵੱਲੋਂ ਭਾਰਤ-ਰੂਸ ਸਬੰਧਾਂ ਦੀ ਮਜ਼ਬੂਤੀ ਪ੍ਰਤੀ ਵਚਨਬੱਧਤਾ ਦਿਖਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ, ‘‘ਬੀਤੇ ਢਾਈ ਦਹਾਕਿਆਂ ਤੋਂ ਪੂਤਿਨ ਨੇ ਆਪਣੀ ਲੀਡਰਸ਼ਿਪ ਅਤੇ ਨਜ਼ਰੀਏ ਨਾਲ ਸਬੰਧਾਂ ਨੂੰ ਗੂੜ੍ਹਾ ਕੀਤਾ ਹੈ। ਉਨ੍ਹਾਂ ਦੀ ਅਗਵਾਈ ਹੇਠ ਸਾਡੇ ਸਬੰਧ ਨਵੀਂ ਬੁਲੰਦੀ ’ਤੇ ਪਹੁੰਚੇ ਹਨ।’’ ਆਪਣੇ ਮੀਡੀਆ ਬਿਆਨ ’ਚ ਪੂਤਿਨ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਸੁਰੱਖਿਆ, ਆਰਥਿਕਤਾ, ਵਪਾਰ ਅਤੇ ਸੱਭਿਆਚਾਰ ਦੇ ਖੇਤਰਾਂ ’ਚ ਸਹਿਯੋਗ ਦਾ ਅਹਿਦ ਲਿਆ ਹੈ। ਰੂਸ, ਭਾਰਤ ਅਤੇ ਹੋਰ ਸਮਾਨ ਸੋਚ ਵਾਲੇ ਮੁਲਕ ਇੱਕ ਨਿਆਂਪੂਰਨ ਅਤੇ ਬਹੁ-ਧਰੁਵੀ ਸੰਸਾਰ ਕਾਇਮ ਕਰਨ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਨ।
ਭਾਰਤ-ਚੀਨ-ਰੂਸ ਦੋਸਤੀ ਦਾ ਬਿਆਨ ਸੁਰਖੀ ਬਣਿਆ
ਪੇਈਚਿੰਗ: ਚੀਨ ਦੇ ਸਰਕਾਰੀ ਮੀਡੀਆ ਨੇ ਰਾਸ਼ਟਰਪਤੀ ਵਲਾਦੀਮੀਰ ਪੁੂਤਿਨ ਵੱਲੋਂ ਭਾਰਤ ਅਤੇ ਚੀਨ ਨੂੰ ਰੂਸ ਦਾ ਕਰੀਬੀ ਦੋਸਤ ਕਹਿਣ ਦੇ ਬਿਆਨ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਅਤੇ ਜ਼ੋਰ ਦਿੱਤਾ ਕਿ ਮਾਸਕੋ ਨੂੰ ਉਨ੍ਹਾਂ ਦੇ ਦੁਵੱਲੇ ਸਬੰਧਾਂ ਵਿੱਚ ਦਖ਼ਲ ਦੇਣ ਦਾ ‘ਕੋਈ ਅਧਿਕਾਰ’ ਨਹੀਂ ਹੈ। ਰੂਸ ਦੇ ਨੇੜਲੇ ਸਹਿਯੋਗੀ ਚੀਨ ਨੇ ਅਜੇ ਤੱਕ ਪੁੂਤਿਨ ਦੀ ਭਾਰਤ ਫੇਰੀ ਬਾਰੇ ਅਧਿਕਾਰਤ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ, ਉਹ ਇਸ ਦੌਰੇ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਪੁੂਤਿਨ ਦੀ ਭਾਰਤ ਫੇਰੀ ਨੂੰ ਚੀਨ ਦੇ ਸਰਕਾਰੀ ਮੀਡੀਆ ਨੇ ਨਜ਼ਰਅੰਦਾਜ਼ ਕੀਤਾ ਹੈ। ਚੀਨੀ ਮੀਡੀਆ ਨੇ ਆਪਣਾ ਧਿਆਨ ਵਧੇਰੇ ਕਰਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਮੌਜੂਦਾ ਚੀਨ ਦੌਰੇ ’ਤੇ ਕੇਂਦਰਿਤ ਕੀਤਾ ਹੈ। ਗਲੋਬਲ ਟਾਈਮਜ਼ ਨੇ ਪੁੂਤਿਨ ਦੀਆਂ ਟਿੱਪਣੀਆਂ ’ਤੇ ਰਿਪੋਰਟ ਛਾਪੀ ਹੈ ਕਿ ਉਹ ਭਾਰਤ ਅਤੇ ਚੀਨ ਨਾਲ ਰੂਸ ਦੇ ਸਬੰਧਾਂ ਨੂੰ ਕਿਵੇਂ ਦੇਖਦੇ ਹਨ। -ਪੀਟੀਆਈ

