ਭਾਰਤ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਵਰਤੇ ਵਿਸ਼ੇਸ਼ ਤੋਪਖਾਨੇ ’ਚ ਗੋਲਾ-ਬਾਰੂਦ ਦਾ ਸਟਾਕ ਮੁੜ ਭਰਿਆ
ਅਮਰੀਕਾ ਤੋਂ 216 'ਐਕਸਕੈਲੀਬਰ ਪ੍ਰੋਜੈਕਟਾਈਲ' ਤੇ 100 ਜੈਵਲਿਨ ਮਿਜ਼ਾਈਲ ਸਿਸਟਮ ਖਰੀਦੇਗਾ ਭਾਰਤ; ਡੀਐਸਸੀਏ ਵੱਲੋਂ ਵਿਕਰੀ ਲਈ ਲੋੜੀਂਦਾ ਨੋਟੀਫਿਕੇਸ਼ਨ ਜਾਰੀ
ਭਾਰਤ ਨੇ ਵਿਸ਼ੇਸ਼ ਤੋਪਖਾਨੇ 'ਐਕਸਕੈਲੀਬਰ' ਵਿਚ ਗੋਲਾ-ਬਾਰੂਦ ਦਾ ਆਪਣਾ ਸਟਾਕ ਮੁੜ ਭਰ ਦਿੱਤਾ ਹੈ। ਇਸ ਤੋਪਖਾਨੇ ਵਿਚਲੇ ਸਟਾਕ ਦੀ ਵਰਤੋਂ ਆਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਵਿੱਚ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਸੀ।
ਭਾਰਤ ਨੇ 216 'ਐਕਸਕੈਲੀਬਰ ਪ੍ਰੋਜੈਕਟਾਈਲ' ਮੰਗੇ ਹਨ, ਜਿਨ੍ਹਾਂ ਨੂੰ ਅਮਰੀਕਾ ਨੇ 47.1 ਮਿਲੀਅਨ ਡਾਲਰ ਦੇ ਸੌਦੇ ਦੇ ਨਾਲ-ਨਾਲ ਕਰੀਬ 100 ਜੈਵਲਿਨ ਮਿਜ਼ਾਈਲ ਸਿਸਟਮ ਖਰੀਦਣ ਲਈ 45.7 ਡਾਲਰ ਦੇ ਇੱਕ ਹੋਰ ਸੌਦੇ ਤਹਿਤ ਮਨਜ਼ੂਰੀ ਦੇ ਦਿੱਤੀ ਹੈ।
ਤੋਪਖਾਨੇ ਦਾ ਗੋਲਾ-ਬਾਰੂਦ 'ਐਕਸਕੈਲੀਬਰ ਪ੍ਰੋਜੈਕਟਾਈਲ' ਐਮ-777 ਅਲਟਰਾ ਲਾਈਟ Howitizer ਤੋਂ ਫਾਇਰ ਕੀਤਾ ਜਾਂਦਾ ਹੈ। ਭਾਰਤ ਨੇ ਕਰੀਬ ਇੱਕ ਦਹਾਕੇ ਪਹਿਲਾਂ ਅਮਰੀਕਾ ਤੋਂ ਅਜਿਹੀਆਂ 145 ਤੋਪਾਂ ਖਰੀਦੀਆਂ ਸਨ। ‘ਐਕਸਕੈਲੀਬਰ’ ਆਪਣੇ ਨਿਸ਼ਾਨੇ ਨੂੰ ਪੂਰੀ ਸਟੀਕਤਾ ਨਾਲ ਫੁੰਡਣ ਦੇ ਸਮਰੱਥ ਹੈ। 7 ਮਈ ਨੂੰ ਪਾਕਿਸਤਾਨ ਦੇ ਕੁਝ ਦਹਿਸ਼ਤੀ ਕੈਂਪਾਂ ਨੂੰ ਐਕਸਕੈਲੀਬਰ ਨਾਲ ਨਿਸ਼ਾਨਾ ਬਣਾਇਆ ਗਿਆ ਸੀ।
ਐਕਸਕੈਲੀਬਰ ਅਤੇ ਜੈਵਲਿਨ ਨੂੰ ਵਿਦੇਸ਼ੀ ਫੌਜੀ ਵਿਕਰੀ ਰੂਟ ਤਹਿਤ ਮਨਜ਼ੂਰੀ ਦੇ ਦਿੱਤੀ ਗਈ ਹੈ। ਅਗਸਤ ਮਹੀਨੇ ਭਾਰਤ-ਅਮਰੀਕਾ ਸਬੰਧਾਂ ਵਿੱਚ ਕਸ਼ੀਦਗੀ ਵਧਣ ਤੋਂ ਬਾਅਦ ਇਹ ਪਹਿਲਾ ਅਜਿਹਾ ਸੌਦਾ ਹੈ। ਅਮਰੀਕਾ ਨੇ ਭਾਰਤੀ ਦਰਾਮਦਾਂ ’ਤੇ 50 ਫੀਸਦ ਟੈਰਿਫ ਲਗਾਇਆ ਹੈ, ਜਿਸ ਵਿਚ ਰੂਸ ਤੋਂ ਕੱਚੇ ਤੇਲ ਦੀ ਖਰੀਦ ਬਦਲੇ ਲਾਇਆ 25 ਫੀਸਦ ਦਾ ਜੁਰਮਾਨਾ ਵੀ ਸ਼ਾਮਲ ਹੈ। ਅਮਰੀਕੀ ਡਿਫੈਂਸ ਸਕਿਓਰਿਟੀ ਸਹਿਯੋਗ ਏਜੰਸੀ (ਡੀਐਸਸੀਏ) ਨੇ ਬੁੱਧਵਾਰ ਨੂੰ ਕਾਂਗਰਸ ਨੂੰ ਸੂਚਿਤ ਕਰਦੇ ਹੋਏ ਭਾਰਤ ਨੂੰ ਦੋਵਾਂ ਵਿਕਰੀਆਂ ਲਈ ਲੋੜੀਂਦਾ ਪ੍ਰਮਾਣੀਕਰਣ ਪ੍ਰਦਾਨ ਕਰ ਦਿੱਤਾ।
ਡੀਐਸਸੀਏ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ 216 ਐਕਸਕੈਲੀਬਰ ਟੈਕਟੀਕਲ ਪ੍ਰੋਜੈਕਟਾਈਲ ਖਰੀਦਣ ਦੀ ਬੇਨਤੀ ਕੀਤੀ ਹੈ। ਡੀਐਸਸੀਏ ਨੇ ਸੌਦੇ ਨਾਲ ਇੱਕ ਪੋਰਟੇਬਲ ਇਲੈਕਟ੍ਰਾਨਿਕ ਫਾਇਰ ਕੰਟਰੋਲ ਸਿਸਟਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਸਰਕਾਰ ਤਕਨੀਕੀ ਸਹਾਇਤਾ, ਤਕਨੀਕੀ ਡੇਟਾ, ਮੁਰੰਮਤ ਅਤੇ ਲੌਜਿਸਟਿਕਸ ਅਤੇ ਪ੍ਰੋਗਰਾਮ ਸਹਾਇਤਾ ਦੇ ਹੋਰ ਸਬੰਧਤ ਤੱਤ ਵੀ ਪ੍ਰਦਾਨ ਕਰੇਗੀ।
ਡੀਐਸਸੀਏ ਨੇ ਵੱਖਰੇ ਤੌਰ 'ਤੇ ਕਾਂਗਰਸ (ਸਦਨ) ਨੂੰ ਜੈਵਲਿਨ ਮਿਜ਼ਾਈਲ ਸਿਸਟਮ ਅਤੇ ਸਬੰਧਤ ਉਪਕਰਣਾਂ ਦੀ ਵਿਕਰੀ ਬਾਰੇ ਵੀ ਸੂਚਿਤ ਕੀਤਾ ਜਿਸ ਦੀ ਅਨੁਮਾਨਤ ਕੀਮਤ $45.7 ਮਿਲੀਅਨ ਹੈ। ਭਾਰਤ ਨੇ ਸੌ ਜੈਵਲਿਨ ਰਾਊਂਡ ਅਤੇ 25 ਜੈਵਲਿਨ ਲਾਈਟਵੇਟ ਕਮਾਂਡ ਲਾਂਚ ਯੂਨਿਟ ਖਰੀਦਣ ਦੀ ਬੇਨਤੀ ਵੀ ਕੀਤੀ ਹੈ।
ਇਸ ਸੌਦੇ ਵਿੱਚ ਮਿਜ਼ਾਈਲ ਸਿਮੂਲੇਸ਼ਨ ਰਾਊਂਡ; ਬੈਟਰੀ ਕੂਲੈਂਟ ਯੂਨਿਟ; ਇੰਟਰਐਕਟਿਵ ਇਲੈਕਟ੍ਰਾਨਿਕ ਟੈਕਨੀਕਲ ਮੈਨੂਅਲ; ਲਾਈਫਸਾਈਕਲ ਸਪੋਰਟ; ਫਿਜ਼ੀਕਲ ਸੁਰੱਖਿਆ ਇੰਸਪੈਕਸ਼ਨ; ਸਪੇਅਰ ਪਾਰਟਸ; ਸਿਸਟਮ ਏਕੀਕਰਣ ਅਤੇ ਚੈੱਕ ਆਊਟ ਅਤੇ ਲੌਜਿਸਟਿਕਸ ਅਤੇ ਪ੍ਰੋਗਰਾਮ ਸਪੋਰਟ ਦੇ ਹੋਰ ਸਬੰਧਤ ਤੱਤ ਸ਼ਾਮਲ ਹਨ।

