DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਤਿਵਾਦ ਖ਼ਿਲਾਫ਼ ਲੜਾਈ ’ਚ ਭਾਰਤ ਨੂੰ ਆਲਮੀ ਆਗੂਆਂ ਤੋਂ ਹਮਾਇਤ ਮਿਲੀ

ਅਫਰੀਕੀ ਮੁਲਕਾਂ ਵੱਲੋਂ ਅਤਿਵਾਦ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ ’ਤੇ ਜ਼ੋਰ; ਇਥੋਪੀਆ ਨੇ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ
  • fb
  • twitter
  • whatsapp
  • whatsapp
featured-img featured-img
ਕਨੀਮੋੜੀ ਦੀ ਅਗਵਾਈ ਹੇਠਲਾ ਵਫਦ ਲਾਤਵੀਆ ’ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ। -ਫੋਟੋ: ਪੀਟੀਆਈ
Advertisement

ਫਰੀਟਾਊਨ/ਅਦੀਸ ਅਬਾਬਾ 31 ਮਈ

ਸੀਏਰਾ ਲਿਓਨ ਅਤੇ ਇਥੋਪੀਆ ਨੇ ਅਤਿਵਾਦ ਖ਼ਿਲਾਫ਼ ਲੜਾਈ ’ਚ ਭਾਰਤ ਦੀ ਹਮਾਇਤ ਕੀਤੀ ਹੈ। ਸੀਏਰਾ ਲਿਓਨ ਦੇ ਉਪ ਰੱਖਿਆ ਮੰਤਰੀ ਮੁਆਨਾ ਬ੍ਰਿਮਾ ਮਾਸਾਕਵੋਈ ਨੇ ਇਸ ਖਤਰੇ ਖ਼ਿਲਾਫ਼ ਅਫਰੀਕੀ ਮੁਲਕਾਂ ਦੇ ਇਕਜੁੱਟ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ਨਾਲ ਇਹ ਖਤਰਾ ਉਨ੍ਹਾਂ ’ਤੇ ਵੀ ਆ ਸਕਦਾ ਹੈ। ਇਸ ਦੇ ਨਾਲ ਹੀ ਇਥੋਪੀਆ ਦੇ ਉਪ ਪ੍ਰਧਾਨ ਮੰਤਰੀ ਅਦੇਮ ਫਰਾਹ ਨੇ ਅਤਿਵਾਦ ਨਾਲ ਨਜਿੱਠਣ ’ਚ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਆਪਣੇ ਦੇਸ਼ ਦੀ ਪ੍ਰਤੀਬੱਧਤਾ ਜ਼ਾਹਿਰ ਕੀਤੀ।

Advertisement

ਸੀਏਰਾ ਲਿਓਨ ਨੇ ਇਹ ਹਮਾਇਤ ਉਸ ਸਮੇਂ ਕੀਤੀ ਜਦੋਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ੍ਰੀਕਾਂਤ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਭਾਰਤੀ ਸਰਬ ਪਾਰਟੀ ਵਫ਼ਦ ਨੇ ਪਹਿਲਗਾਮ ’ਚ ਅਤਿਵਾਦੀ ਹਮਲੇ ਮਗਰੋਂ ਭਾਰਤ ਦੀ ਕੂਟਨੀਤੀ ਤਹਿਤ 28-30 ਮਈ ਨੂੰ ਸੀਏਰਾ ਲਿਓਨ ਦਾ ਦੌਰਾ ਕੀਤਾ। ਇਸ ਯਾਤਰਾ ਦਾ ਮਕਸਦ ਕੌਮਾਂਤਰੀ ਹਮਾਇਤ ਹਾਸਲ ਕਰਨੀ ਤੇ ਅਤਿਵਾਦ ਦੇ ਗੰਭੀਰ ਖਤਰੇ ਬਾਰੇ ਜਾਗਰੂਕਤਾ ਵਧਾਉਣੀ ਸੀ। ਫਰੀਟਾਊਨ ’ਚ ਭਾਰਤੀ ਹਾਈ ਕਮਿਸ਼ਨ ਨੇ ਬਿਆਨ ’ਚ ਕਿਹਾ ਕਿ ਵਫ਼ਦ ਨੇ ਅਤਿਵਾਦ ਪ੍ਰਤੀ ਭਾਰਤ ਦੀ ਬਿਲਕੁਲ ਵੀ ਸਹਿਣ ਨਾ ਕਰਨ ਦੀ ਨੀਤੀ ਬਾਰੇ ਜਾਣਕਾਰੀ ਦਿੱਤੀ ਅਤੇ ਅਤਿਵਾਦ ਨਾਲ ਨਜਿੱਠਣ ’ਚ ਆਲਮੀ ਏਕਤਾ ਦੇ ਮਹੱਤਵ ’ਤੇ ਜ਼ੋਰ ਦਿੱਤਾ। ਵਫ਼ਦ ਨੇ ਆਪਣੀ ਯਾਤਰਾ ਦੌਰਾਨ ਸੰਸਦ ਦੇ ਸਪੀਕਰ, ਸੰਸਦ ਮੈਂਬਰਾਂ, ਵਿਦੇਸ਼ ਮਾਮਲਿਆਂ ਬਾਰੇ ਕਮੇਟੀ, ਉਪ ਰੱਖਿਆ ਮੰਤਰੀ, ਕੌਮੀ ਸੁਰੱਖਿਆ ਕੋਆਰਡੀਨੇਟਰ, ਕਾਰਜਕਾਰੀ ਵਿਦੇਸ਼ ਮੰਤਰੀ ਅਤੇ ਸੀਏਰਾ ਲਿਓਨ ਦੇ ਉਪ ਰਾਸ਼ਟਰਪਤੀ ਸਮੇਤ ਸੀਏਰਾ ਲਿਓਨ ਦੀਆਂ ਹੋਰ ਅਹਿਮ ਹਸਤੀਆਂ ਨਾਲ ਮੀਟਿੰਗਾਂ ਕੀਤੀਆਂ। ਮੁਹੰਮਦ ਜੁਲਦੇਹ ਜਲੋਹ ਨੇ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ।

ਐੱਨਸੀਪੀ (ਐੱਸਪੀ) ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਦੀ ਅਗਵਾਈ ਹੇਠਲਾ ਵਫ਼ਦ ਬੀਤੇ ਦਿਨ ਅਦੀਸ ਅਬਾਬਾ ਪੁੱਜਿਆ ਸੀ। ਇਥੋਪੀਆ ’ਚ ਭਾਰਤੀ ਦੂਤਘਰ ਨੇ ਐਕਸ ’ਤੇ ਲਿਖਿਆ, ‘ਇਥੋਪੀਆ ’ਚ ਸਰਬ ਪਾਰਟੀ ਵਫ਼ਦ ਨੇ ਪ੍ਰੋਸਪੈਰਿਟੀ ਪਾਰਟੀ ਦੇ ਉਪ ਮੁਖੀ ਤੇ ਉਪ ਪ੍ਰਧਾਨ ਮੰਤਰੀ ਅਦੇਮ ਫਰਾਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਅਤਿਵਾਦ ਖ਼ਿਲਾਫ਼ ਭਾਰਤ ਨਾਲ ਕੰਮ ਕਰਨ ਲਈ ਇਥੋਪੀਆ ਵੱਲੋਂ ਦ੍ਰਿੜ੍ਹ ਪ੍ਰਤੀਬੱਧਤਾ ਜ਼ਾਹਿਰ ਕੀਤੀ।’ ਵਫ਼ਦ ’ਚ ਭਾਜਪਾ ਆਗੂ ਰਾਜੀਵ ਪ੍ਰਤਾਪ ਰੂਡੀ, ਅਨੁਰਾਗ ਠਾਕੁਰ, ਵੀ ਮੁਰਲੀਧਰਨ, ਕਾਂਗਰਸ ਆਗੂ ਮਨੀਸ਼ ਤਿਵਾੜੀ ਤੇ ਆਨੰਦ ਸ਼ਰਮਾ, ਟੀਡੀਪੀ ਆਗੂ ਲਾਵੂ ਸ੍ਰੀਕ੍ਰਿਸ਼ਨ ਦੇਵਰਾਯਲੂ, ‘ਆਪ’ ਆਗੂ ਵਿਕਰਮਜੀਤ ਸਿੰਘ ਸਾਹਨੀ ਤੇ ਸਾਬਕਾ ਕੂਟਨੀਤਕ ਸਯਦ ਅਕਬਰੂੱਦੀਨ ਵੀ ਸ਼ਾਮਲ ਹਨ। ਇਹ ਵਫ਼ਦ ਹੁਣ ਮਿਸਰ ਜਾਵੇਗਾ। -ਪੀਟੀਆਈ

ਕੋਲੰਬੀਆ ਨੇ ਪਾਕਿਸਤਾਨ ਨਾਲ ਹਮਦਰਦੀ ਵਾਲਾ ਬਿਆਨ ਵਾਪਸ ਲਿਆ: ਥਰੂਰ

ਬਗੋਟਾ: ਕੋਲੰਬੀਆ ਨੇ ਪਹਿਲਗਾਮ ਹਮਲੇ ਦੇ ਜਵਾਬ ’ਚ ਭਾਰਤ ਦੇ ਫੌਜੀ ਹਮਲਿਆਂ ਮਗਰੋਂ ਹੋਏ ਜਾਨ-ਮਾਲ ਦੇ ਨੁਕਸਾਨ ਲਈ ਪਾਕਿਸਤਾਨ ਪ੍ਰਤੀ ਹਮਦਰਦੀ ਜ਼ਾਹਿਰ ਕਰਨ ਵਾਲਾ ਆਪਣਾ ਬਿਆਨ ਵਾਪਸ ਲੈ ਲਿਆ ਹੈ। ਭਾਰਤ ਦੇ ਸਰਬ ਪਾਰਟੀ ਵਫ਼ਦ ਨੇ ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਅਤਿਵਾਦ ਦੀ ਲਗਾਤਾਰ ਹਮਾਇਤ ਕੀਤੇ ਜਾਣ ਦੀ ਗੱਲ ਕੋਲੰਬੀਆ ਸਾਹਮਣੇ ਰੱਖੀ, ਜਿਸ ਮਗਰੋਂ ਕੋਲੰਬੀਆ ਨੇ ਪਹਿਲਾਂ ਦਿੱਤਾ ਆਪਣਾ ਬਿਆਨ ਵਾਪਸ ਲੈ ਲਿਆ। ਸਰਬ ਪਾਰਟੀ ਵਫ਼ਦ ਦੀ ਅਗਵਾਈ ਕਰ ਰਹੇ ਕਾਂਗਰਸ ਆਗੂ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕੋਲੰਬੀਆ ਦੀ ਡਿਪਟੀ ਵਿਦੇਸ਼ ਮੰਤਰੀ ਰੋਜ਼ਾ ਯੋਲਾਂਡਾ ਵਿਲਾਵਿਸੈਂਸ਼ੀਓ ਨਾਲ ਮੁਲਾਕਾਤ ਤੋਂ ਬਾਅਦ ਬਗੋਟਾ ਵੱਲੋਂ ਵਿਵਾਦਤ ਬਿਆਨ ਵਾਪਸ ਲਏ ਜਾਣ ਦੀ ਪੁਸ਼ਟੀ ਕੀਤੀ। ਹਾਲਾਂਕਿ ਅਪਰੇਸ਼ਨ ਸਿੰਧੂਰ ਮਗਰੋਂ ਕੋਲੰਬੀਆ ਦੇ ਰੁਖ਼ ਤੇ ਉਸ ਵੱਲੋਂ ਬਿਆਨ ਵਾਪਸ ਲਏ ਜਾਣ ਨੂੰ ਲੈ ਕੇ ਦਿੱਲੀ ਵੱਲੋਂ ਅਧਿਕਾਰੀ ਬਿਆਨ ਸਾਹਮਣੇ ਨਹੀਂ ਆਇਆ ਹੈ। ਭਾਰਤੀ ਵਫ਼ਦ ਨੇ ਆਗੂ ਅਲੈਜ਼ਾਂਦਰੋ ਟੋਰੋ ਤੇ ‘ਚੈਂਬਰ ਆਫ ਰਿਪ੍ਰਜੈਂਟੇਟਿਵਜ਼’ ਦੇ ਮੁਖੀ (ਲੋਕ ਸਭਾ ਸਪੀਕਰ ਦੇ ਹਮਰੁਤਬਾ) ਜੈਮੀ ਰਾਉਲ ਸਲਾਮਾਂਕਾ ਨਾਲ ਵੀ ਮੁਲਾਕਾਤ ਕੀਤੀ। -ਪੀਟੀਆਈ

ਲਾਤਵੀਆ ਵੱਲੋਂ ਹਰ ਤਰ੍ਹਾਂ ਦੇ ਅਤਿਵਾਦ ਦਾ ਵਿਰੋਧ

ਰੀਗਾ: ਇੱਥੇ ਆਏ ਸਰਬ ਪਾਰਟੀ ਵਫ਼ਦ ਨੇ ਲਾਤਵੀਆ ਦੇ ਵਿਦੇਸ਼ ਮੰਤਰੀ ਐਂਜ਼ੇਜ ਵਿਲੁਮਸਨਜ਼ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਆਪਣੇ ਦੇਸ਼ ਵੱਲੋਂ ਹਰ ਤਰ੍ਹਾਂ ਦੇ ਅਤਿਵਾਦ ਪ੍ਰਤੀ ਸਪੱਸ਼ਟ ਵਿਰੋਧ ਜ਼ਾਹਿਰ ਕੀਤਾ ਅਤੇ ਭਾਰਤ ਨੂੰ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ ਤੇ ਸਥਿਰਤਾ ਲਈ ਅਹਿਮ ਮੈਂਬਰ ਦੱਸਿਆ। ਸੰਸਦ ਮੈਂਬਰ ਕਨੀਮੋੜੀ ਕਰੁਣਾਨਿਧੀ ਦੀ ਅਗਵਾਈ ਹੇਠ ਵਫ਼ਦ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਦੀਆਂ ਕੂਟਨੀਤਕ ਕੋਸ਼ਿਸ਼ਾਂ ਤਹਿਤ ਲਾਤਵੀਆ ਦੀ ਰਾਜਧਾਨੀ ਦਾ ਦੌਰਾ ਕਰ ਰਿਹਾ ਹੈ। ਇਸ ਹਮਲੇ ’ਚ 26 ਵਿਅਕਤੀਆਂ ਦੀ ਮੌਤ ਹੋ ਗਈ ਸੀ। ਰੀਗਾ ’ਚ ਭਾਰਤੀ ਦੂਤਾਵਾਸ ਨੇ ਐੱਕਸ ’ਤੇ ਪੋਸਟ ਕੀਤਾ, ‘ਸਰਹੱਦ ਪਾਰੋਂ ਹੋਣ ਵਾਲੇ ਅਤਿਵਾਦ ਖ਼ਿਲਾਫ਼ ਭਾਰਤ ਦੀ ਇਕਜੁੱਟ ਆਵਾਜ਼ ਉਠਾਉਂਦਿਆਂ ਸਰਬ ਪਾਰਟੀ ਵਫ਼ਦ ਨੇ ਵਿਦੇਸ਼ ਮੰਤਰੀ ਐਂਜ਼ੇਜ ਵਿਲੁਮਸਨ ਅਤੇ ਰਾਜਦੂਤ ਆਂਦਰੇਜ਼ ਪਿਲਡੇਗੋਵਿਕਸ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਪਹਿਲਗਾਮ ਹਮਲੇ, ਅਪਰੇਸ਼ਨ ਸਿੰਧੂਰ ਸ਼ੁਰੂ ਕਰਨ ਦੇ ਕਾਰਨਾਂ ਅਤੇ ਭਾਰਤ ਦੇ ਆਪਣੀ ਕੌਮੀ ਸੁਰੱਖਿਆ ਲਈ ਖਤਰਾ ਹੋਣ ’ਤੇ ਜਵਾਬ ਦੇਣ ਦੇ ਅਧਿਕਾਰ ਬਾਰੇ ਤੱਥ ਸਾਂਝੇ ਕੀਤੇ।’ -ਪੀਟੀਆਈ

ਡੈਨਮਾਰਕ ਦੇ ਆਗੂਆਂ ਨੂੰ ਪਹਿਲਗਾਮ ਹਮਲੇ ਦੀ ਦਿੱਤੀ ਜਾਣਕਾਰੀ

ਕੋਪਨਹੈਗਨ: ਕੋਪਨਹੈਗਨ ਦੀ ਯਾਤਰਾ ’ਤੇ ਆਏ ਸਰਬ ਪਾਰਟੀ ਵਫ਼ਦ ਨੇ ਅੱਜ ਡੈਨਮਾਰਕ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਭਾਰਤ ਨੂੰ ਸਰਹੱਦ ਪਾਰੋਂ ਹੋਣ ਵਾਲੇ ਅਤਿਵਾਦ ਕਾਰਨ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਆਲਮੀ ਖਤਰੇ ਖ਼ਿਲਾਫ਼ ਲੜਾਈ ਵਿੱਚ ਡੈਨਮਾਰਕ ਨੂੰ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਇਹ ਵਫ਼ਦ ਭਾਜਪਾ ਦੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਹੇਠ ਡੈਨਮਾਰਕ ਦੀ ਰਾਜਧਾਨੀ ਪੁੱਜਾ ਹੈ। ਡੈਨਮਾਰਕ ਦੀ ਯਾਤਰਾ ’ਤੇ ਗਏ ਰਵੀਸ਼ੰਕਰ ਪ੍ਰਸਾਦ ਦੀ ਅਗਵਾਈ ਹੇਠਲੇ ਸੰਸਦ ਮੈਂਬਰਾਂ ਦੇ ਵਫ਼ਦ ਨੇ ਚੋਣਵੇਂ ਸਾਬਕਾ ਸੰਸਦ ਮੈਂਬਰਾਂ, ਸਾਬਕਾ ਮੰਤਰੀਆਂ ਤੇ ਇੱਕ ਸਾਬਕਾ ਕੂਟਨੀਤਕ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸਰਹੱਦ ਪਾਰੋਂ ਹੁੰਦੇ ਅਤਿਵਾਦ, ਅਪਰੇਸ਼ਨ ਸਿੰਧੂਰ ਅਤੇ ਸ਼ਾਂਤੀ ਤੇ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੇ ਆਲਮੀ ਮੁੱਦਿਆਂ ’ਤੇ ਚਰਚਾ ਕੀਤੀ। ਡੈਨਮਾਰਕ ’ਚ ਭਾਰਤੀ ਦੂਤਘਰ ਨੇ ਐਕਸ ’ਤੇ ਕਿਹਾ, ‘ਆਲਮੀ ਮਾਮਲਿਆਂ ’ਚ ਡੈਨਮਾਰਕ ਦੀ ਅਹਿਮ ਭੂਮਿਕਾ ਨੂੰ ਅਤਿਵਾਦ ਖ਼ਿਲਾਫ਼ ਲੜਾਈ ’ਚ ਤਾਕਤਵਰ ਆਵਾਜ਼ ਵਜੋਂ ਪੇਸ਼ ਕੀਤਾ ਗਿਆ।’ ਪ੍ਰਸਾਦ ਨੇ ਐੱਕਸ ’ਤੇ ਕਿਹਾ, ‘ਸਰਬ ਪਾਰਟੀ ਵਫ਼ਦ ਦੇ ਆਪਣੇ ਸਹਿਯੋਗੀਆਂ ਨਾਲ ਮੈਂ ਡੈਨਮਾਰਕ ਦੀ ਸੰਸਦ ਦੇ ਡਿਪਟੀ ਸਪੀਕਰ ਲਾਰਸ ਕ੍ਰਿਸਟੀਅਨ ਬ੍ਰਾਸਕ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੇ ਅਪਰੇਸ਼ਨ ਸਿੰਧੂਰ ਬਾਰੇ ਜਾਣਕਾਰੀ ਦਿੱਤੀ।’ -ਪੀਟੀਆਈ

Advertisement
×