ਪਾਕਿ ਅਤਿਵਾਦ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦਾ ਤਾਂ ਭਾਰਤ ਮਦਦ ਲਈ ਤਿਆਰ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੇ ਪਾਕਿਸਤਾਨ ਆਪਣੀ ਧਰਤੀ ’ਤੇ ਅਤਿਵਾਦ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦਾ ਤਾਂ ਭਾਰਤ ਗੁਆਂਢੀ ਮੁਲਕ ਦੀ ਮਦਦ ਲਈ ਤਿਆਰ ਹੈ ਕਿਉਂਕਿ ਭਾਰਤੀ ਸੈਨਾ ਸਰਹੱਦ ਪਾਰ ਵੀ ਅਤਿਵਾਦ ਨਾਲ ਲੜਨ ਦੇ ਸਮਰੱਥ ਹੈ। ਰਾਜ ਸਭਾ ’ਚ ਅਪਰੇਸ਼ਨ ਸਿੰਧੂਰ ’ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਪਹਿਲਗਾਮ ਹਮਲੇ ’ਚ ਸ਼ਾਮਲ ਤਿੰਨ ਅਤਿਵਾਦੀਆਂ ਨੂੰ ਭਾਰਤੀ ਸੈਨਾ ਨੇ ਮਾਰ ਮੁਕਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਦੇ ਜਵਾਬ ’ਚ ਭਾਰਤ ਵੱਲੋਂ ਸ਼ੁਰੂ ਕੀਤਾ ਗਿਆ ਅਪਰੇਸ਼ਨ ਸਿੰਧੂਰ ਰੋਕ ਦਿੱਤਾ ਗਿਆ ਹੈ ਤੇ ਜੇ ਪਾਕਿਸਤਾਨ ਮੁੜ ਤੋਂ ਭਾਰਤ ’ਚ ਅਤਿਵਾਦੀ ਗਤੀਵਿਧੀਆਂ ’ਚ ਸ਼ਾਮਲ ਹੁੰਦਾ ਹੈ ਤਾਂ ਇਸ ਨੂੰ ਕਦੀ ਵੀ ਮੁੜ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਭਾਰਤ ਚਾਹੁੰਦਾ ਹੈ ਕਿ ਪਾਕਿਸਤਾਨ ਸਮੇਤ ਸਾਰੀ ਦੁਨੀਆ ’ਚੋਂ ਅਤਿਵਾਦ ਖਤਮ ਹੋਵੇ। ਮੈਂ ਪਹਿਲਾਂ ਵੀ ਪਾਕਿਸਤਾਨ ਨੂੰ ਸਲਾਹ ਦਿੱਤੀ ਸੀ ਅਤੇ ਅੱਜ ਫਿਰ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਅਤਿਵਾਦ ਖ਼ਿਲਾਫ਼ ਅਸਰਦਾਰ ਕਾਰਵਾਈ ਨਹੀਂ ਕਰ ਪਾ ਰਹੇ ਤਾਂ ਭਾਰਤ ਦੀ ਮਦਦ ਲਓ।’’