ਭਾਰਤ ਨੂੰ ਮਾਲਦੀਵ ਨਾਲ ਦੋਸਤੀ ’ਤੇ ਮਾਣ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਨੂੰ 4,850 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਐਲਾਨ ਕਰਦਿਆਂ ਅੱਜ ਕਿਹਾ ਕਿ ਭਾਰਤ ਨੂੰ ਮਾਲਦੀਵ ਦਾ ਸਭ ਤੋਂ ਭਰੋਸੇਮੰਦ ਦੋਸਤ ਹੋਣ ’ਤੇ ਮਾਣ ਹੈ। ਮੋਦੀ ਨੇ ਇਹ ਟਿੱਪਣੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨਾਲ ਵਿਆਪਕ ਵਾਰਤਾ ਤੋਂ ਬਾਅਦ ਕੀਤੀ ਜਿਸ ’ਚ ਵਪਾਰ, ਰੱਖਿਆ ਤੇ ਬੁਨਿਆਦੀ ਢਾਂਚਾ ਖੇਤਰਾਂ ’ਚ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਦੋਵੇਂ ਮੁਲਕ ਦੁਵੱਲੇ ਨਿਵੇਸ਼ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਦਿਸ਼ਾ ’ਚ ਕੰਮ ਕਰਨਗੇ ਅਤੇ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਾਲਦੀਵ ਭਾਰਤ ਦੀ ‘ਗੁਆਂਢੀ ਪਹਿਲਾਂ’ ਨੀਤੀ ਤੇ ਮਹਾਸਾਗਰੀ ਨਜ਼ਰੀਏ ਤੋਂ ਅਹਿਮ ਸਥਾਨ ਰੱਖਦਾ ਹੈ। ਮੋਦੀ ਨੇ ਕਿਹਾ ਕਿ ਭਾਰਤ ਨੇ ਮਾਲਦੀਵ ਨੂੰ 56.5 ਕਰੋੜ ਡਾਲਰ ਦਾ ਕਰਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰੱਖਿਆ ਤੇ ਸੁਰੱਖਿਆ ਦੇ ਖੇਤਰ ’ਚ ਆਪਸੀ ਸਹਿਯੋਗ, ਆਪਸੀ ਵਿਸ਼ਵਾਸ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਮਾਲਦੀਵ ਦੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ’ਚ ਉਸ ਦੀ ਹਮਾਇਤ ਕਰੇਗਾ। ਮੋਦੀ ਅੱਜ ਸਵੇਰੇ ਮਾਲੇ ਪੁੱਜੇ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਭਾਰਤ-ਮਾਲਦੀਵ ਦੁਵੱਲੇ ਸਬੰਧਾਂ ’ਚ ਤਬਦੀਲੀ ਅਹਿਮ
ਭਾਰਤ ਤੇ ਮਾਲਦੀਵ ਦੇ ਦੁਵੱਲੇ ਸਬੰਧਾਂ ’ਚ ਇਹ ਤਬਦੀਲੀ ਇਸ ਲਈ ਅਹਿਮ ਹੈ ਕਿਉਂਕਿ ਚੀਨ ਦੇ ਕਰੀਬੀ ਮੰਨੇ ਜਾਣ ਵਾਲੇ ਮੁਇਜ਼ੂ ਨਵੰਬਰ 2023 ’ਚ ‘ਇੰਡੀਆ ਆਊਟ’ ਮੁਹਿੰਮ ਦੇ ਦਮ ’ਤੇ ਸੱਤਾ ’ਚ ਆਏ ਸਨ। ਮੁਇਜ਼ੂ ਦੇ ਕਾਰਜਕਾਲ ਦੇ ਸ਼ੁਰੂਆਤੀ ਕੁਝ ਮਹੀਨਿਆਂ ਦੌਰਾਨ ਉਨ੍ਹਾਂ ਦੀਆਂ ਨੀਤੀਆਂ ਕਾਰਨ ਸਬੰਧਾਂ ’ਚ ਭਾਰੀ ਤਣਾਅ ਪੈਦਾ ਹੋ ਗਿਆ ਸੀ। ਸਹੁੰ ਚੁੱਕਣ ਤੋਂ ਕੁਝ ਹੀ ਘੰਟਿਆਂ ਅੰਦਰ ਉਨ੍ਹਾਂ ਆਪਣੇ ਦੇਸ਼ ’ਚੋਂ ਭਾਰਤੀ ਸੈਨਿਕਾਂ ਨੂੰ ਵਾਪਸ ਬੁਲਾਉਣ ਦੀ ਮੰਗ ਕਰ ਦਿੱਤੀ ਸੀ। ਇਸ ਮਗਰੋਂ ਭਾਰਤ ਨੇ ਉਨ੍ਹਾਂ ਦੀ ਥਾਂ ਗ਼ੈਰ-ਫੌਜੀ ਮੁਲਾਜ਼ਮ ਤਾਇਨਾਤ ਕਰ ਦਿੱਤੇ ਸਨ। ਭਾਰਤੀ ਸੈਨਿਕਾਂ ਨੂੰ ਮਾਲਦੀਵ ’ਚ ਦੋ ਹੈਲੀਕਾਪਟਰਾਂ ਤੇ ਇੱਕ ਜਹਾਜ਼ ਦੀ ਸੰਭਾਲ ਤੇ ਸੰਚਾਲਨ ਲਈ ਤਾਇਨਾਤ ਕੀਤਾ ਗਿਆ ਸੀ। ਇਹ ਵੱਡੇ ਪੱਧਰ ’ਤੇ ਮੰਨਿਆ ਜਾਂਦਾ ਹੈ ਕਿ ਭਾਰਤ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਸਬੰਧਾਂ ਨੂੰ ਮੁੜ ਲੀਹ ’ਤੇ ਲਿਆਉਣ ’ਚ ਮਦਦ ਕੀਤੀ ਜਿਸ ਵਿੱਚ ਮਾਲਦੀਵ ਨੂੰ ਉਸ ਦੀਆਂ ਆਰਥਿਕ ਸਮੱਸਿਆ ਨਾਲ ਨਜਿੱਠਣ ’ਚ ਮਦਦ ਦੇਣਾ ਵੀ ਸ਼ਾਮਲ ਹੈ।