ਭਾਰਤ-ਪਾਕਿਤਸਾਨ ਦੇ ਆਗੂਆਂ ਨੇ ਖੁਦ ਰੋਕਿਆ ਟਕਰਾਅ: ਡੋਨਲਡ ਟਰੰਪ
ਨਿਊਯਾਰਕ/ਇਸਲਾਮਾਬਾਦ, 19 ਜੂਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਦੋ ‘ਬਹੁਤ ਸਮਝਦਾਰ’ ਆਗੂਆਂ ਨੇ ਅਜਿਹਾ ਟਕਰਾਅ ਰੋਕਣ ਦਾ ਫ਼ੈਸਲਾ ਲਿਆ, ਜੋ ਪਰਮਾਣੂ ਜੰਗ ’ਚ ਬਦਲ ਸਕਦਾ ਸੀ। ਕੁਝ ਹਫ਼ਤਿਆਂ ’ਚ ਇਹ ਪਹਿਲੀ ਵਾਰ ਹੈ, ਜਦੋਂ ਟਰੰਪ ਨੇ ਦੋਵੇਂ ਗੁਆਂਢੀ ਮੁਲਕਾਂ ਵਿਚਕਾਰ ਟਕਰਾਅ ਰੋਕਣ ਦਾ ਖੁਦ ਸਿਹਰਾ ਨਹੀਂ ਲਿਆ ਹੈ। ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ’ਚ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੁਪਹਿਰ ਦੇ ਭੋਜਨ ’ਤੇ ਮੇਜ਼ਬਾਨੀ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੁਨੀਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ‘ਮਾਣ’ ਮਹਿਸੂਸ ਹੋਇਆ ਹੈ। ਉਨ੍ਹਾਂ ਪਾਕਿਸਤਾਨੀ ਫੌਜ ਮੁਖੀ ਨਾਲ ਇਰਾਨ-ਇਜ਼ਰਾਈਲ ਟਕਰਾਅ ਤੋਂ ਪੈਦਾ ਹੋਏ ਹਾਲਾਤ ਬਾਰੇ ਵਿਚਾਰ ਵਟਾਂਦਰਾ ਕਰਨ ਦਾ ਦਾਅਵਾ ਕੀਤਾ। ਇਹ ਕਿਆਸੇ ਲਾਏ ਜਾ ਰਹੇ ਹਨ ਕਿ ਤਹਿਰਾਨ ’ਤੇ ਜੇ ਅਮਰੀਕਾ ਵੱਲੋਂ ਹਮਲੇ ਕੀਤੇ ਗਏ ਤਾਂ ਉਹ ਪਾਕਿਸਤਾਨੀ ਫੌਜੀ ਅੱਡਿਆਂ ਦੀ ਵਰਤੋਂ ਕਰ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਮੰਗਲਵਾਰ ਰਾਤ ਭਾਰਤੀ ਆਗੂ ਨਾਲ ਫੋਨ ’ਤੇ ਹੋਈ ਗੱਲਬਾਤ ਦਾ ਹਵਾਲਾ ਵੀ ਦਿੱਤਾ।
ਟਰੰਪ ਅਤੇ ਮੁਨੀਰ ਦੀ ਵਾਰਤਾ ਦੌਰਾਨ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਅਮਰੀਕਾ ਦੇ ਮੱਧ ਪੂਰਬ ਮਾਮਲਿਆਂ ਦੇ ਵਿਸ਼ੇਸ਼ ਨੁਮਾਇੰਦੇ ਸਟੀਵ ਵਿਟਕੌਫ ਅਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਤੇ ਕੌਮੀ ਸੁਰੱਖਿਆ ਸਲਾਹਕਾਰ ਲੈਫ਼ਟੀਨੈਂਟ ਜਨਰਲ ਆਸਿਮ ਮਲਿਕ ਵੀ ਹਾਜ਼ਰ ਸਨ। ਟਰੰਪ ਦੇ ਬਿਆਨਾਂ ਤੋਂ ਸਪੱਸ਼ਟ ਹੈ ਕਿ ਮੁਨੀਰ ਨਾਲ ਮੀਟਿੰਗ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਮਹੀਨੇ ਹੋਏ ਟਕਰਾਅ ਤੇ ਇਰਾਨ-ਇਜ਼ਰਾਈਲ ਸੰਘਰਸ਼ ਤੋਂ ਪੈਦਾ ਹੋਏ ਹਾਲਾਤ ਦਾ ਮਾਮਲਾ ਵੀ ਉਭਰਿਆ। ਟਰੰਪ ਨੇ ਕਿਹਾ, ‘‘ਮੈਂ ਮੁਨੀਰ ਨੂੰ ਇਥੇ ਸੱਦ ਕੇ ਜੰਗ ਖ਼ਤਮ ਕਰਨ ਲਈ ਧੰਨਵਾਦ ਦੇਣਾ ਚਾਹੁੰਦਾ ਸੀ। ਮੈਂ ਪ੍ਰਧਾਨ ਮੰਤਰੀ ਮੋਦੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ। ਅਸੀਂ ਭਾਰਤ ਅਤੇ ਪਾਕਿਸਤਾਨ ਨਾਲ ਵਪਾਰ ਸਮਝੌਤੇ ’ਤੇ ਕੰਮ ਕਰ ਰਹੇ ਹਾਂ।’’
ਮੁਨੀਰ ਨਾਲ ਇਰਾਨ ਮਸਲੇ ਬਾਰੇ ਵਿਚਾਰ ਵਟਾਂਦਰਾ ਹੋਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਟਰੰਪ ਨੇ ਕਿਹਾ, ‘‘ਪਾਕਿਸਤਾਨ ਬਹੁਤਿਆਂ ਨਾਲੋਂ ਇਰਾਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਨ੍ਹਾਂ ਦੇ ਇਜ਼ਰਾਈਲ ਨਾਲ ਵੀ ਸਬੰਧ ਮਾੜੇ ਨਹੀਂ ਹਨ ਪਰ ਉਹ ਇਰਾਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ।’’ -ਪੀਟੀਆਈ
ਟਰੰਪ ਨੇ ਪਾਕਿ ਨਾਲ ਵਪਾਰ ’ਚ ਦਿਲਚਸਪੀ ਦਿਖਾਈ
ਇਸਲਾਮਾਬਾਦ: ਪਾਕਿਸਤਾਨੀ ਫੌਜ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਵੱਲੇ ਵਪਾਰ ’ਚ ਦਿਲਚਸਪੀ ਦਿਖਾਈ ਹੈ। ਟਰੰਪ ਅਤੇ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਦੀ ਵ੍ਹਾਈਟ ਹਾਊਸ ’ਚ ਮੁਲਾਕਾਤ ਮਗਰੋਂ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਕਿਹਾ ਕਿ ਦੋਹਾਂ ਨੇ ਅਤਿਵਾਦ ਦੇ ਟਾਕਰੇ ਦੀਆਂ ਸਾਂਝੀਆਂ ਕੋਸ਼ਿਸ਼ਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਵਪਾਰ, ਆਰਥਿਕ ਵਿਕਾਸ, ਖਾਣਾਂ ਅਤੇ ਖਣਿਜ, ਮਸਨੂਈ ਬੌਧਿਕਤਾ, ਊਰਜਾ, ਕ੍ਰਿਪਟੋ ਕਰੰਸੀ ਅਤੇ ਉਭਰਦੀਆਂ ਤਕਨਾਲੋਜੀਆਂ ਸਮੇਤ ਹੋਰ ਕਈ ਖੇਤਰਾਂ ’ਚ ਦੁਵੱਲਾ ਸਹਿਯੋਗ ਵਧਾਉਣ ਬਾਰੇ ਵੀ ਗੱਲਬਾਤ ਹੋਈ। ਫੌਜ ਮੁਖੀ ਨੇ ਰਾਸ਼ਟਰਪਤੀ ਟਰੰਪ ਵੱਲੋਂ ਆਲਮੀ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕੱਢਣ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ