ਭਾਰਤ-ਪਾਕਿ ਵਿਚਾਲੇ ਟਕਰਾਅ ਪਰਮਾਣੂ ਜੰਗ ’ਚ ਹੋ ਸਕਦਾ ਸੀ ਤਬਦੀਲ: ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਰੁਕਵਾਉਣ ਦਾ ਮੁੜ ਦਾਅਵਾ ਕਰਦਿਆਂ ਕਿਹਾ ਕਿ ਸੰਘਰਸ਼ ਦੌਰਾਨ ਪੰਜ ਜੈੱਟਾਂ ਨੂੰ ਡੇਗਿਆ ਗਿਆ ਸੀ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ‘ਪਰਮਾਣੂ ਜੰਗ ’ਚ ਬਦਲ ਸਕਦਾ’ ਸੀ। ਕਾਂਗਰਸ ਮੈਂਬਰਾਂ ਨਾਲ ਵ੍ਹਾਈਟ ਹਾਊਸ ’ਚ ਇਕ ਪ੍ਰੋਗਰਾਮ ਦੌਰਾਨ ਟਰੰਪ ਨੇ ਕਿਹਾ, ‘‘ਅਸੀਂ ਭਾਰਤ ਤੇ ਪਾਕਿਸਤਾਨ ਅਤੇ ਕਾਂਗੋ ਤੇ ਰਵਾਂਡਾ ਵਿਚਾਲੇ ਜੰਗਾਂ ਰੁਕਵਾਈਆਂ।’’ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਟਕਰਾਅ ਦਾ ਜ਼ਿਕਰ ਕਰਦਿਆਂ ਟਰੰਪ ਨੇ ਕਿਹਾ, ‘‘ਉਨ੍ਹਾਂ ਪੰਜ ਜੈੱਟ ਡੇਗ ਦਿੱਤੇ ਸਨ। ਮੈਂ ਉਨ੍ਹਾਂ ਨੂੰ (ਭਾਰਤ ਤੇ ਪਾਕਿਸਤਾਨ) ਫੋਨ ਕੀਤਾ ਅਤੇ ਕਿਹਾ ਕਿ ਸੁਣੋ ਹੁਣ ਹੋਰ ਵਪਾਰ ਨਹੀਂ ਹੋਵੇਗਾ। ਜੇ ਤੁਸੀਂ ਇੰਝ ਕਰੋਗੇ ਤਾਂ ਇਸ ਨਾਲ ਤੁਹਾਡਾ ਕੋਈ ਭਲਾ ਨਹੀਂ ਹੋਵੇਗਾ। ਉਹ ਦੋਵੇਂ ਤਾਕਤਵਰ ਪਰਮਾਣੂ ਹਥਿਆਰਾਂ ਨਾਲ ਲੈਸ ਮੁਲਕ ਹਨ ਅਤੇ ਕੌਣ ਜਾਣਦਾ ਹੈ ਕਿ ਟਕਰਾਅ ਦਾ ਕੀ ਸਿੱਟਾ ਨਿਕਲਦਾ। ਮੈਂ ਇਸ ਨੂੰ ਰੁਕਵਾ ਦਿੱਤਾ।’’ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੇ ਇਰਾਨ ਦੀ ਪੂਰੀ ਪਰਮਾਣੂ ਸਮਰੱਥਾ ਨਸ਼ਟ ਕਰ ਦਿੱਤੀ ਹੈ ਅਤੇ ਕੋਸੋਵੇ ਤੇ ਸਰਬੀਆ ਵਿਚਾਲੇ ਟਕਰਾਅ ਵੀ ਰੁਕਵਾਇਆ। ਇਸ ਦੌਰਾਨ ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਕਾਰਜਕਾਰੀ ਪ੍ਰਤੀਨਿਧ ਡੋਰੋਥੀ ਸ਼ੀਆ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘਟਾਉਣ ’ਚ ਸਹਾਇਤਾ ਕੀਤੀ ਸੀ। ਸਲਾਮਤੀ ਪਰਿਸ਼ਦ ’ਚ ਪਾਕਿਸਤਾਨ ਦੀ ਅਗਵਾਈ ਹੇਠ ਹੋਈ ‘ਬਹੁਧਿਰੀ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ’ ਵਿਸ਼ੇ ’ਤੇ ਖੁੱਲ੍ਹੀ ਬਹਿਸ ਦੌਰਾਨ ਡੋਰੋਥੀ ਨੇ ਕਿਹਾ ਕਿ ਵਿਵਾਦਾਂ ’ਚ ਵਿਚੋਲਗੀ ਕਰਨ ਅਤੇ ਦੁਨੀਆ ਭਰ ’ਚ ਸ਼ਾਂਤਮਈ ਹੱਲ ਕੱਢੇ ਜਾਣ ਲਈ ਅਮਰੀਕਾ ਵਚਨਬੱਧ ਹੈ। -ਪੀਟੀਆਈ
ਟਰੰਪ ਕਰ ਸਕਦੇ ਨੇ ਚੀਨ ਦਾ ਦੌਰਾ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਚੀਨ ਦਾ ਦੌਰਾ ਹੁਣ ਸ਼ਾਇਦ ‘ਬਹੁਤ ਦੂਰ ਦੀ ਗੱਲ ਨਹੀਂ’ ਰਹੀ। ਇਸ ਤੋਂ ਸੰਕੇਤ ਮਿਲਦਾ ਹੈ ਕਿ ਦੁਨੀਆ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਦੇ ਆਗੂ ਵਪਾਰਕ ਤਣਾਅ ਘਟਣ ਮਗਰੋਂ ਦੁਵੱਲੇ ਸਬੰਧਾਂ ਨੂੰ ਮੁੜ ਬਿਹਤਰ ਬਣਾਉਣ ਲਈ ਛੇਤੀ ਹੀ ਮੁਲਾਕਾਤ ਕਰ ਸਕਦੇ ਹਨ। ਟਰੰਪ ਨੇ ਇਹ ਗੱਲ ਫਿਲਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨਾਲ ਮੁਲਾਕਾਤ ਦੌਰਾਨ ਆਖੀ। ਟਰੰਪ ਨੇ ਕਿਹਾ ਕਿ ਚੀਨ ਨਾਲ ਅਮਰੀਕਾ ਬਹੁਤ ਵਧੀਆ ਢੰਗ ਨਾਲ ਤਾਲਮੇਲ ਬਣਾ ਰਿਹਾ ਹੈ ਅਤੇ ਦੋਵੇਂ ਮੁਲਕਾਂ ਵਿਚਕਾਰ ਵਧੀਆ ਰਿਸ਼ਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਨੇ ਅਮਰੀਕਾ ਨੂੰ ਖਾਸ ਧਾਤਾਂ ਨਾਲ ਬਣੇ ਚੁੰਬਕ ਵੱਡੀ ਮਾਤਰਾ ’ਚ ਭੇਜਣੇ ਮੁੜ ਤੋਂ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਦੀ ਵਰਤੋਂ ਆਈਫੋਨ ਅਤੇ ਇਲੈਕਟ੍ਰਿਕ ਵਾਹਨਾਂ ਆਦਿ ਉਤਪਾਦਾਂ ’ਚ ਹੁੰਦੀ ਹੈ। -ਏਪੀ
ਦਾਲ ’ਚ ਕੁਝ ਕਾਲਾ ਜ਼ਰੂਰ ਹੈ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਰੋਕਣ ਦੇ ਮੁੜ ਕੀਤੇ ਗਏ ਦਾਅਵੇ ’ਤੇ ਸਰਕਾਰ ਉਪਰ ਹਮਲਾ ਕਰਦਿਆਂ ਕਿਹਾ ਕਿ ‘ਦਾਲ ’ਚ ਕੁਝ ਕਾਲਾ ਜ਼ਰੂਰ’ ਹੈ ਕਿਉਂਕਿ ਅਮਰੀਕੀ ਆਗੂ ਨੇ ‘25ਵੀਂ ਵਾਰ’ ਅਜਿਹਾ ਬਿਆਨ ਦਿੱਤਾ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਟਰੰਪ ਵੱਲੋਂ ਗੋਲੀਬੰਦੀ ਕਰਾਉਣ ਦੇ ਦਾਅਵੇ ’ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਵੀ ਉਨ੍ਹਾਂ ਨੂੰ ਜਵਾਬ ਨਹੀਂ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਇਕ ਪਾਸੇ ਸਰਕਾਰ ਆਖਦੀ ਹੈ ਕਿ ‘ਅਪਰੇਸ਼ਨ ਸਿੰਧੂਰ’ ਹਾਲੇ ਜਾਰੀ ਹੈ ਅਤੇ ਦੂਜੇ ਪਾਸੇ ਉਹ ਆਖਦੀ ਹੈ ਕਿ ਜਿੱਤ ਹਾਸਲ ਕਰ ਲਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਦਾਲ ’ਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਨਰਿੰਦਰ ਮੋਦੀ ਖਾਮੋਸ਼ ਹਨ ਅਤੇ ਉਹ ਟਰੰਪ ਨੂੰ ਜਵਾਬ ਨਹੀਂ ਦੇ ਰਹੇ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਕਿਹਾ, ‘‘ਕੀ ਨਰਿੰਦਰ ਮੋਦੀ ਟਰੰਪ ਦੇ ਅਧੀਨ ਰਹਿਣਾ ਚਾਹੁੰਦੇ ਹਨ? ਦੇਸ਼ ਸਭ ਤੋਂ ਮਹੱਤਵਪੂਰਨ ਹੈ, ਇਸੇ ਕਰਕੇ ਅਸੀਂ ਸਰਕਾਰ ਦਾ ਸਮਰਥਨ ਕੀਤਾ ਸੀ। ਹੁਣ ਜਦੋਂ ਟਰੰਪ ਵਾਰ ਵਾਰ ਬਿਆਨ ਦੇ ਕੇ ਭਾਰਤ ਦਾ ਅਪਮਾਨ ਕਰ ਰਹੇ ਹਨ ਤਾਂ ਪ੍ਰਧਾਨ ਮੰਤਰੀ ਨੂੰ ਠੋਕਵਾਂ ਜਵਾਬ ਦੇਣਾ ਚਾਹੀਦਾ ਹੈ।’’