INDIA-PAK in UN: ਪਾਕਿ ਵੱਲੋਂ JeM ਵਰਗਿਆਂ ਰਾਹੀਂ ਕੀਤੀ ਜਾਂਦੀ ਦਹਿਸ਼ਤਗਰਦੀ ਦਾ ਸ਼ਿਕਾਰ ਰਿਹੈ ਭਾਰਤ
ਨਵੀਂ ਦਿੱਲੀ ਨੇ UNSC ਨੂੰ ਦੱਸਿਆ; ਜਦੋਂ ਅਜਿਹੀਆਂ ਕਾਰਵਾਈਆਂ ਕਰਨ ਵਾਲਾ ਪਾਕਿਸਤਾਨ ਖ਼ੁਦ ਨੂੰ ਅਤਿਵਾਦ ਵਿਰੋਧੀ ਦੱਸ ਕੇ ਆਪਣੀ ਪਿੱਠ ਥਾਪੜਦਾ ਹੈ ਤਾਂ ਇਸ ਤੋਂ ਵੱਡਾ ਕੋਈ ਦੋਗਲਾਪਣ ਨਹੀਂ ਹੋ ਸਕਦਾ: ਹਰੀਸ਼
ਸੰਯੁਕਤ ਰਾਸ਼ਟਰ, 19 ਫਰਵਰੀ
ਪਾਕਿਸਤਾਨ ਵੱਲੋਂ ਜੈਸ਼-ਏ-ਮੁਹੰਮਦ (JeM) ਵਰਗੇ ਦਹਿਸ਼ਤੀ ਸਮੂਹਾਂ ਰਾਹੀਂ ਕੀਤੀਆਂ ਜਾਂਦੀਆਂ ਅੱਤਵਾਦੀ ਕਾਰਵਾਈਆਂ ਦਾ ਭਾਰਤ ਨੂੰ ਲੰਬੇ ਸਮੇਂ ਤੋਂ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਉਸ ਤੋਂ ਵੱਧ ਕੇ ਹੋਰ ਕੋਈ "ਦੋਗਲਾਪਣ" ਨਹੀਂ ਹੋ ਸਕਦਾ, ਜਦੋਂ ਦਹਿਸ਼ਤਗਰਦੀ ਦਾ ਇਹ ਵਿਸ਼ਵਵਿਆਪੀ ਧੁਰਾ ਆਪਣੇ ਆਪ ਨੂੰ ਅਤਿਵਾਦ ਵਿਰੋਧੀ ਦੱਸਦਿਆਂ ਆਪਣੀ ਪਿੱਠ ਥਾਪੜਦਾ ਦਿਖਾਈ ਦਿੰਦਾ ਹੈ।
ਇਹ ਸਖ਼ਤ ਟਿੱਪਣੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (UN Security Council - UNSC) ਦੀ ਚੀਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਭਾਰਤੀ ਰਾਜਦੂਤ ਨੇ ਕੀਤੀਆਂ।
'ਬਹੁਪੱਖੀਵਾਦ ਦਾ ਅਭਿਆਸ, ਸੁਧਾਰ ਅਤੇ ਵਿਸ਼ਵਵਿਆਪੀ ਸ਼ਾਸਨ ਵਿੱਚ ਸੁਧਾਰ' (‘Practicing multilateralism, reforming and improving global governance') ਵਿਸ਼ੇ 'ਤੇ ਚੀਨ ਦੀ ਪ੍ਰਧਾਨਗੀ ਹੇਠ ਕੌਂਸਲ ਮੰਗਲਵਾਰ ਨੂੰ ਦੀ ਹੋਈ ਇੱਕ ਖੁੱਲ੍ਹੀ ਬਹਿਸ ਦੌਰਾਨ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ (Pakistan's Deputy Prime Minister and Minister of Foreign Affairs Mohammed Ishaq Dar) ਵੱਲੋਂ ਜੰਮੂ-ਕਸ਼ਮੀਰ ਬਾਰੇ ਟਿੱਪਣੀਆਂ ਕੀਤੇ ਜਾਣ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪਾਰਵਤਨੇਨੀ ਹਰੀਸ਼ (India's Permanent Representative to the UN Ambassador Parvathaneni Harish) ਨੇ ਇਹ ਸਖ਼ਤ ਜਵਾਬ ਦਿੱਤਾ।
ਹਰੀਸ਼ ਨੇ ਇਸ ਮੌਕੇ ਕਿਹਾ, "ਪਾਕਿਸਤਾਨ ਅੱਤਵਾਦ ਦਾ ਵਿਸ਼ਵਵਿਆਪੀ ਧੁਰਾ ਹੈ ਜੋ ਸੰਯੁਕਤ ਰਾਸ਼ਟਰ ਵੱਲੋਂ ਸੂਚੀਬੱਧ 20 ਤੋਂ ਵੱਧ ਅੱਤਵਾਦੀ ਜਥੇਬੰਦੀਆਂ ਨੂੰ ਪਨਾਹ ਦਿੰਦਾ ਹੈ ਅਤੇ ਸਰਹੱਦ ਪਾਰ ਅੱਤਵਾਦ ਨੂੰ ਰਿਆਸਤੀ ਸਹਾਇਤਾ ਪ੍ਰਦਾਨ ਕਰਦਾ ਹੈ।"
ਉਨ੍ਹਾਂ ਕਿਹਾ, "ਇਸ ਲਈ ਇਹ ਬਹੁਤ ਵੱਡੀ ਵਿਡੰਬਨਾ ਹੈ ਜਦੋਂ ਪਾਕਿਸਤਾਨ ਅੱਤਵਾਦ ਵਿਰੁੱਧ ਲੜਾਈ ਵਿੱਚ ਸਭ ਤੋਂ ਅੱਗੇ ਹੋਣ ਦਾ ਦਾਅਵਾ ਕਰਦਾ ਹੈ। ਭਾਰਤ ਇਸ ਦੇਸ਼ ਵੱਲੋਂ ਜੈਸ਼-ਏ-ਮੁਹੰਮਦ ਅਤੇ ਹਰਕਤ ਉਲ ਮੁਜਾਹਿਦੀਨ (Jaish-e-Mohammed and Harkat Ul Mujahidin) ਵਰਗੇ ਅੱਤਵਾਦੀ ਸਮੂਹਾਂ ਅਤੇ ਅਜਿਹੀਆਂ ਹੋਰ ਦਰਜਨਾਂ ਦਹਿਸ਼ਤੀ ਤਨਜ਼ੀਮਾਂ ਵੱਲੋਂ ਕੀਤੇ ਗਏ ਅੱਤਵਾਦੀ ਕਾਰਿਆਂ ਦਾ ਸ਼ਿਕਾਰ ਰਿਹਾ ਹੈ।"
ਕਈ ਪਾਕਿਸਤਾਨ-ਅਧਾਰਤ ਅੱਤਵਾਦੀ ਸੰਸਥਾਵਾਂ ਅਤੇ ਵਿਅਕਤੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਅਲ ਕਾਇਦਾ ਪਾਬੰਦੀ ਕਮੇਟੀ ਤਹਿਤ ਸੂਚੀਬੱਧ ਹਨ ਅਤੇ ਉਹ ਜਾਇਦਾਦ ਜ਼ਬਤ ਕੀਤੇ ਜਾਣ, ਹਥਿਆਰਾਂ 'ਤੇ ਪਾਬੰਦੀ ਅਤੇ ਯਾਤਰਾ ਪਾਬੰਦੀ ਦੇ ਅਧੀਨ ਹਨ।
ਅਤੀਤ ਵਿੱਚ ਚੀਨ, ਜੋ ਪਾਕਿਸਤਾਨ ਦਾ ਕਰੀਬੀ ਦੋਸਤ ਹੈ, ਨੇ ਅਕਸਰ ਭਾਰਤ ਅਤੇ ਅਮਰੀਕਾ ਵਰਗੇ ਇਸ ਦੇ ਭਾਈਵਾਲਾਂ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ-ਅਧਾਰਤ ਅੱਤਵਾਦੀਆਂ ਨੂੰ ਬਲੈਕਲਿਸਟ ਕਰਨ ਲਈ ਪੇਸ਼ ਕੀਤੇ ਗਏ ਮਤਿਆਂ ਨੂੰ ਵੀਟੋ ਕਰਦਿਆਂ ਉਨ੍ਹਾਂ ਉਤੇ ਰੋਕ ਲਾਈ ਹੈ।
ਹਰੀਸ਼ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਨੂੰ ਕਿਵੇਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਭਾਵੇਂ ਇਸਦਾ ਰੂਪ, ਕਿਸਮ ਅਤੇ ਮਕਸਦ ਕੁਝ ਵੀ ਹੋਵੇ। -ਪੀਟੀਆਈ