ਭਾਰਤ ਨੇ ਯੂਐੱਨ ’ਚ ਪਾਕਿ ਦੀਆਂ ਬੇਬੁਨਿਆਦ ਟਿੱਪਣੀਆਂ ਖਿਲਾਫ਼ ਇਤਰਾਜ਼ ਜਤਾਇਆ
UN: India calls out Pak's attempts to deflect attention from atrocities committed against children
ਸੰਯੁਕਤ ਰਾਸ਼ਟਰ, 26 ਜੂਨ
ਭਾਰਤ ਨੇ ਪਾਕਿਸਤਾਨ ਦੀਆਂ ਬੇਬੁਨਿਆਦ ਟਿੱਪਣੀਆਂ, ਦੇਸ਼ ਵਿੱਚ ਬੱਚਿਆਂ ਵਿਰੁੱਧ ਕੀਤੇ ਗਏ ਅੱਤਿਆਚਾਰਾਂ ਅਤੇ ਸਰਹੱਦ ਪਾਰ ਅਤਿਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਭਾਰਤ ਨੇ ਜ਼ੋਰ ਦਿੰਦਿਆਂ ਕਿ ਦੁਨੀਆ ਪਹਿਲਗਾਮ ਹਮਲੇ ਨੂੰ ਨਹੀਂ ਭੁੱਲੀ ਹੈ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪੀ. ਹਰੀਸ਼ ਨੇ ਕਿਹਾ, "ਮੈਂ CAAC (ਬੱਚੇ ਅਤੇ ਹਥਿਆਰਬੰਦ ਸੰਘਰਸ਼) ਏਜੰਡੇ ਦੇ ਗੰਭੀਰ ਉਲੰਘਣਾ ਕਰਨ ਵਾਲਿਆਂ ਵਿੱਚੋਂ ਇੱਕ ਪਾਕਿਸਤਾਨ ਦੇ ਪ੍ਰਤੀਨਿਧੀ ਵਲੋਂ ਕੀਤੀਆਂ ਗਈਆਂ ਸਿਆਸੀ ਤੌਰ ’ਤੇ ਪ੍ਰੇਰਿਤ ਟਿੱਪਣੀਆਂ ਦਾ ਜਵਾਬ ਦੇਣ ਲਈ ਮਜਬੂਰ ਹਾਂ।’’
ਬੁੱਧਵਾਰ ਨੂੰ 'ਬੱਚਿਆਂ ਵਿਰੁੱਧ ਗੰਭੀਰ ਉਲੰਘਣਾਵਾਂ ਨੂੰ ਖਤਮ ਕਰਨ ਅਤੇ ਰੋਕਣ ਲਈ ਪ੍ਰਭਾਵੀ ਰਣਨੀਤੀਆਂ' 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਖੁੱਲ੍ਹੀ ਬਹਿਸ ਵਿੱਚ ਦਿੱਤੇ ਇੱਕ ਬਿਆਨ ਵਿੱਚ ਹਰੀਸ਼ ਨੇ ਕਿਹਾ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਦੀਆਂ ਪ੍ਰਕਿਰਿਆਵਾਂ ’ਤੇ ਬੇਬੁਨਿਆਦ ਦੋਸ਼ ਲਗਾ ਰਿਹਾ ਹੈ ਅਤੇ ਆਪਣੇ ਭੈੜੇ ਏਜੰਡੇ ਨੂੰ ਪੂਰਾ ਕਰਨ ਲਈ ਭਾਰਤ ਨੂੰ ਵੱਖ-ਵੱਖ ਚਰਚਾਵਾਂ ਵਿੱਚ ਬਦਨਾਮ ਕਰ ਰਿਹਾ ਹੈ।
ਹਰੀਸ਼ ਨੇ ਕਿਹਾ, "ਅਸੀਂ ਪਾਕਿਸਤਾਨ ਵੱਲੋਂ ਆਪਣੇ ਦੇਸ਼ ਵਿੱਚ ਬੱਚਿਆਂ ਵਿਰੁੱਧ ਕੀਤੇ ਗਏ ਅੱਤਿਆਚਾਰਾਂ, ਜਿਵੇਂ ਕਿ ਸਕੱਤਰ ਜਨਰਲ ਦੀ ਰਿਪੋਰਟ ਵਿੱਚ ਉਜਾਗਰ ਕੀਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਦੇ ਵੱਧ ਰਹੇ ਸਰਹੱਦ ਪਾਰ ਅਤਿਵਾਦ ਤੋਂ ਧਿਆਨ ਭਟਕਾਉਣ ਦੀ ਇਸ ਕੋਸ਼ਿਸ਼ ਨੂੰ ਰੱਦ ਕਰਦੇ ਹਾਂ।’’
ਉਨ੍ਹਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੀ CAAC ਬਾਰੇ ਰਿਪੋਰਟ ਵਿੱਚ ਪਾਕਿਸਤਾਨ ਵਿੱਚ ਹਥਿਆਰਬੰਦ ਸੰਘਰਸ਼ ਵਿੱਚ ਬੱਚਿਆਂ ਵਿਰੁੱਧ ਗੰਭੀਰ ਉਲੰਘਣਾਵਾਂ ਦਾ ਵੇਰਵਾ ਦਿੱਤਾ ਗਿਆ ਹੈ। -ਪੀਟੀਆਈ

