DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਨੂੰ ਬਰਾਬਰ ਦੇ ਟੈਰਿਫ ਤੋਂ ਨਾ ਦਿੱਤੀ ਛੋਟ

ਟਰੰਪ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਿਨੱਘਾ ਸਵਾਗਤ
  • fb
  • twitter
  • whatsapp
  • whatsapp
featured-img featured-img
ਵਾਸ਼ਿੰਗਟਨ ਡੀਸੀ ਵਿੱਚ ਮੀਟਿੰਗ ਤੋਂ ਬਾਅਦ ਇਕ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ। -ਫੋਟੋ: ਏਐੱਨਆਈ
Advertisement

ਦੁਵੱਲੇ ਸਬੰਧ ਮਜ਼ਬੂਤ ਕਰਨ ਬਾਰੇ ਹੋਈ ਚਰਚਾ

* ਵੱਡੇ ਵਪਾਰਕ ਸਮਝੌਤੇ ’ਤੇ ਕੰਮ ਕਰਨਗੀਆਂ ਦੋਵੇਂ ਧਿਰਾਂ

Advertisement

* ਭਾਰਤ ਨੂੰ ਐੱਫ-35 ਲੜਾਕੂ ਜਹਾਜ਼ ਸਪਲਾਈ ਕਰੇਗਾ ਅਮਰੀਕਾ

* ਦੇਰ ਰਾਤ ਦਿੱਲੀ ਪਰਤੇ ਮੋਦੀ

ਵਾਸ਼ਿੰਗਟਨ, 14 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇੱਥੇ ਵ੍ਹਾਈਟ ਹਾਊਸ ’ਚ ਦੁਵੱਲੀ ਵਾਰਤਾ ਕੀਤੀ ਗਈ ਜਿਸ ਦੌਰਾਨ ਦੋਵਾਂ ਆਗੂਆਂ ਨੇ ਆਰਥਿਕ, ਸਮਾਜਿਕ, ਖੇਤਰੀ ਤੇ ਆਲਮੀ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ ਅਤੇ ਵੱਖ ਵੱਖ ਖੇਤਰਾਂ ’ਚ ਆਪਸੀ ਸਹਿਯੋਗ ਵਧਾਉਣ ਤੇ ਮਜ਼ਬੂਤ ਕਰਨ ਬਾਰੇ ਸਹਿਮਤੀ ਪ੍ਰਗਟਾਈ। ਇਸ ਮੁਲਾਕਾਤ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਜਿੱਥੇ ਉਸਾਰੂ ਦੱਸਿਆ ਉੱਥੇ ਹੀ ਟਰੰਪ ਨੇ ਮੋਦੀ ਨੂੰ ‘ਮਹਾਨ ਦੋਸਤ’ ਤੇ ‘ਸ਼ਾਨਦਾਰ ਆਦਮੀ’ ਦੱਸਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਕਿਤਾਬ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ। -ਫੋਟੋ: ਏਐੱਨਆਈ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਐਲਾਨ ਕੀਤਾ ਕਿ ਭਾਰਤ ਵਪਾਰਕ ਘਾਟੇ ਨੂੰ ਘਟਾਉਣ ਲਈ ਅਮਰੀਕਾ ਤੋਂ ਹੋਰ ਤੇਲ, ਗੈਸ ਅਤੇ F-35 ਲੜਾਕੂ ਜਹਾਜ਼ਾਂ ਸਣੇ ਫੌਜੀ ਹਾਰਡਵੇਅਰ ਖਰੀਦੇਗਾ। ਟਰੰਪ ਨੇ ਹਾਲਾਂਕਿ ਜ਼ੋਰ ਦੇ ਕੇ ਆਖਿਆ ਕਿ ਵਾਸ਼ਿੰਗਟਨ ਨਵੀਂ ਦਿੱਲੀ ਨੂੰ ਜਵਾਬੀ ਟੈਰਿਫ ਤੋਂ ਨਹੀਂ ਬਖਸ਼ੇਗਾ। ਟਰੰਪ ਨੇ ਵੀਰਵਾਰ (ਸ਼ੁੱਕਰਵਾਰ ਭਾਰਤੀ ਸਮੇਂ ਅਨੁਸਾਰ) ਨੂੰ ਵ੍ਹਾਈਟ ਹਾਊਸ ਸਥਿਤ ਆਪਣੇ ਓਵਲ ਦਫ਼ਤਰ ਵਿੱਚ ਮੋਦੀ ਦਾ ਨਿੱਘਾ ਸਵਾਗਤ ਕੀਤਾ। ਊਨ੍ਹਾਂ ਅੱਗੇ ਹੋ ਕੇ ਹੱਥ ਮਿਲਾਇਆ ਤੇ ਪ੍ਰਧਾਨ ਮੰਤਰੀ ਨੂੰ ‘ਮਹਾਨ ਦੋਸਤ’ ਤੇ ‘ਸ਼ਾਨਦਾਰ’ ਆਦਮੀ ਦੱਸਿਆ। ਟਰੰਪ ਨੇ ਮੋਦੀ ਨੂੰ ਆਪਣਾ ਪੁਰਾਣਾ ਮਿੱਤਰ ਦੱਸਿਆ ਤੇ ਕਿਹਾ, ‘ਉਹ ਮੇਰੇ ਤੋਂ ਕਿਤੇ ਵੱਧ ਸਖ਼ਤ ਵਾਰਤਾਕਾਰ ਹਨ ਅਤੇ ਮੇਰੇ ਤੋਂ ਕਿਤੇ ਚੰਗੇ ਵਾਰਤਾਕਾਰ ਹਨ। ਇਸ ਵਿੱਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ।’ ਅਮਰੀਕੀ ਰਾਸ਼ਟਰਪਤੀ ਨੇ ਗੱਲਬਾਤ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਾਲ ਇੱਕ ਸਾਂਝੀ ਪ੍ਰੈੱਸ ਵਾਰਤਾ ਵਿੱਚ ਕਿਹਾ ਕਿ ਦੋਵੇਂ ਧਿਰਾਂ ਜਲਦੀ ਹੀ ਇੱਕ ਵੱਡਾ ਵਪਾਰਕ ਸਮਝੌਤਾ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ। ਟਰੰਪ ਨੇ ਭਾਰਤ ਵੱਲੋਂ ਕੁਝ ਅਮਰੀਕੀ ਉਤਪਾਦਾਂ ’ਤੇ ਲਗਾਈਆਂ ਗਈਆਂ ਦਰਾਮਦ ਡਿਊਟੀਆਂ ਨੂੰ ‘ਬਹੁਤ ਹੀ ਗੈਰਵਾਜਬ’ ਅਤੇ ‘ਸਖ਼ਤ’ ਦੱਸਿਆ। ਟਰੰਪ ਨੇ ਕਿਹਾ, ‘‘ਭਾਰਤ ਜੋ ਵੀ ਟੈਕਸ ਲਾਏਗਾ, ਅਸੀਂ ਉਨ੍ਹਾਂ ਤੋਂ ਟੈਕਸ ਲਵਾਂਗੇ।’’ ਅਮਰੀਕੀ ਸਦਰ ਨੇ ਕਿਹਾ, ‘‘ਅਸੀਂ ਭਾਰਤ ਨਾਲ ਬਰਾਬਰ ਵਿਹਾਰ ਕਰ ਰਹੇ ਹਾਂ।’’ ਮੋਦੀ-ਟਰੰਪ ਦੀ ਇਹ ਮੁਲਾਕਾਤ ਅਮਰੀਕਾ ਵੱਲੋਂ ਸਾਰੇ ਵਪਾਰਕ ਭਾਈਵਾਲਾਂ ਲਈ ਇੱਕ ਨਵੀਂ ਬਰਾਬਰ ਟੈਰਿਫ ਨੀਤੀ ਐਲਾਨੇ ਜਾਣ ਤੋਂ ਕੁਝ ਘੰਟੇ ਬਾਅਦ ਹੋਈ। ਟਰੰਪ ਨੇ ਆਪਣੀਆਂ ਟਿੱਪਣੀਆਂ ਵਿੱਚ ਕਿਹਾ ਕਿ ਉਹ ਅਤੇ ਪ੍ਰਧਾਨ ਮੰਤਰੀ ਮੋਦੀ ਇੱਕ ਸਮਝੌਤੇ ’ਤੇ ਪਹੁੰਚੇ ਹਨ ਜੋ ਸੰਭਾਵੀ ਤੌਰ ’ਤੇ ਅਮਰੀਕਾ ਨੂੰ ਭਾਰਤ ਨੂੰ ਤੇਲ ਅਤੇ ਗੈਸ ਦਾ ‘ਨੰਬਰ ਇੱਕ ਸਪਲਾਇਰ’ ਬਣਾ ਸਕਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਹ ਭਾਰਤ ਨਾਲ ਅਮਰੀਕਾ ਦੇ ਵਪਾਰਕ ਘਾਟੇ ਨੂੰ ਘਟਾਉਣ ਦੇ ਉਪਰਾਲਿਆਂ ਦਾ ਹਿੱਸਾ ਹੈ ਜੋ ਕਿ ਕਰੀਬ 50 ਅਰਬ ਅਮਰੀਕੀ ਡਾਲਰ ਹੈ। ਟਰੰਪ ਨੇ ਇਹ ਐਲਾਨ ਵੀ ਕੀਤਾ ਕਿ ਭਾਰਤ ਅਤੇ ਅਮਰੀਕਾ ਦੁਨੀਆ ਭਰ ਵਿੱਚ ਕੱਟੜਪੰਥੀ ਇਸਲਾਮੀ ਅਤਿਵਾਦ ਦੇ ਖ਼ਤਰੇ ਦਾ ਸਾਹਮਣਾ ਕਰਨ ਲਈ ਇਕੱਠੇ ਕੰਮ ਕਰਨਗੇ, ਜੋ ‘ਪਹਿਲਾਂ ਕਦੇ ਨਹੀਂ ਹੋਇਆ।’ ਟਰੰਪ ਨੇ 26/11 ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੇ ਪ੍ਰਸ਼ਾਸਨ ਨੇ ਦੁਨੀਆ ਦੇ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ।’’ ਅਮਰੀਕੀ ਰਾਸ਼ਟਰਪਤੀ ਨੇ ਸਿਵਲ-ਪ੍ਰਮਾਣੂ ਊਰਜਾ ਖੇਤਰ ਵਿੱਚ ਭਾਰਤ-ਅਮਰੀਕਾ ਸਹਿਯੋਗ ਵਿੱਚ ਸਕਾਰਾਤਮਕ ਰਫ਼ਤਾਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਭਾਰਤੀ ਬਾਜ਼ਾਰ ਵਿੱਚ ਅਮਰੀਕੀ ਪ੍ਰਮਾਣੂ ਤਕਨਾਲੋਜੀ ਦਾ ਸਵਾਗਤ ਕਰਨ ਲਈ ਭਾਰਤ ਕਾਨੂੰਨਾਂ ਵਿੱਚ ਵੀ ਸੁਧਾਰ ਕਰ ਰਿਹਾ ਹੈ।’’

ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਸਹਿਯੋਗ ਇੱਕ ਬਿਹਤਰ ਦੁਨੀਆ ਨੂੰ ਆਕਾਰ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਦਹਾਕੇ ਲਈ ਇੱਕ ਰੱਖਿਆ ਸਹਿਯੋਗ ਢਾਂਚਾ ਤਿਆਰ ਕੀਤਾ ਜਾਵੇਗਾ। ਸ੍ਰੀ ਮੋਦੀ ਨੇ ਕਿਹਾ, ‘‘ਇੱਕ ਗੱਲ ਜਿਸ ਦੀ ਮੈਂ ਦਿਲੋਂ ਕਦਰ ਕਰਦਾ ਹਾਂ ਅਤੇ ਮੈਂ ਰਾਸ਼ਟਰਪਤੀ ਟਰੰਪ ਤੋਂ ਸਿੱਖਦਾ ਹਾਂ, ਉਹ ਇਹ ਹੈ ਕਿ ਉਹ (ਅਮਰੀਕਾ ਦੇ) ਰਾਸ਼ਟਰੀ ਹਿੱਤ ਨੂੰ ਸਭ ਤੋਂ ਉੱਤੇ ਰੱਖਦੇ ਹਨ। ਉਨ੍ਹਾਂ ਵਾਂਗ, ਮੈਂ ਵੀ ਭਾਰਤ ਦੇ ਰਾਸ਼ਟਰੀ ਹਿੱਤ ਨੂੰ ਹਰ ਚੀਜ਼ ਤੋਂ ਉੱਪਰ ਰੱਖਦਾ ਹਾਂ।’’ ਟਰੰਪ ਨੇ ਪੂਰਬੀ ਲੱਦਾਖ ਸਰਹੱਦੀ ਵਿਵਾਦ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਬੰਧਾਂ ਦੇ ਹਵਾਲੇ ਨਾਲ ‘ਟਕਰਾਅ’ ਨੂੰ ‘ਭੈੜਾ’ ਦੱਸਿਆ। ਉਨ੍ਹਾਂ ਕਿਹਾ, ‘‘ਮੈਂ ਸਰਹੱਦ ’ਤੇ ਟਕਰਾਅ ਦੇਖਦਾ ਹਾਂ ਜੋ ਕਾਫ਼ੀ ਭਿਆਨਕ ਹਨ... ਕਾਸ਼ ਜੇ ਮੈਂ ਮਦਦ ਕਰ ਸਕਦਾ।’’ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਚੀਨ, ਭਾਰਤ, ਰੂਸ ਅਤੇ ਅਮਰੀਕਾ - ਸਾਰੇ ਮਿਲ ਕੇ ਚੱਲ ਸਕਣ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਰੂਸ-ਯੂਕਰੇਨ ਟਕਰਾਅ ਬਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਜੰਗ ਦੇ ਖ਼ਾਤਮੇ ਲਈ ਇੱਕ ਸੰਭਾਵੀ ਹੱਲ ਲੱਭਣ ਲਈ ਡੋਨਲਡ ਟਰੰਪ ਦੇ ਯਤਨਾਂ ਦੀ ਹਮਾਇਤ ਕਰਦਾ ਹਾਂ। ਕੁਲ ਆਲਮ ਮਹਿਸੂਸ ਕਰਦਾ ਹੈ ਕਿ ਭਾਰਤ ਯੁੱਧ ਦੌਰਾਨ ਨਿਰਪੱਖ ਰਿਹਾ ਹੈ। ਪਰ ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਭਾਰਤ ਨਿਰਪੱਖ ਨਹੀਂ ਰਿਹਾ ਬਲਕਿ ਸ਼ਾਂਤੀ ਦੇ ਪੱਖ ਵਿੱਚ ਰਿਹਾ ਹੈ।’’

ਉਨ੍ਹਾਂ ਕਿਹਾ, ‘‘ਜਦੋਂ ਮੈਂ ਰਾਸ਼ਟਰਪਤੀ ਪੂਤਿਨ ਨੂੰ ਮਿਲਿਆ ਸੀ ਤਾਂ ਮੈਂ ਇਹ ਵੀ ਕਿਹਾ ਸੀ ਕਿ ‘ਇਹ ਜੰਗ ਦਾ ਯੁੱਗ ਨਹੀਂ ਹੈ।’ ਮੈਂ ਇਹ ਵੀ ਕਿਹਾ ਸੀ ਕਿ ਜੰਗ ਦੇ ਮੈਦਾਨ ਵਿੱਚ ਹੱਲ ਨਹੀਂ ਲੱਭੇ ਜਾ ਸਕਦੇ। ਇਹ ਉਦੋਂ ਹੀ ਆ ਸਕਦੇ ਹਨ ਜਦੋਂ ਸਾਰੀਆਂ ਧਿਰਾਂ ਗੱਲਬਾਤ ਦੀ ਮੇਜ਼ ’ਤੇ ਬੈਠਣ।’’ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ ਬਾਰੇ ਟਰੰਪ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਵਿਸ਼ਵ ਪੱਧਰ ’ਤੇ ਇਤਿਹਾਸ ਦੇ ‘ਸਭ ਤੋਂ ਵੱਡੇ ਵਪਾਰਕ ਮਾਰਗਾਂ’ ਵਿੱਚੋਂ ਇੱਕ ਦੇ ਨਿਰਮਾਣ ਵਿੱਚ ਮਦਦ ਲਈ ਕੰਮ ਕਰਨ ਵਾਸਤੇ ਸਹਿਮਤੀ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਯੂਨੀਵਰਸਿਟੀਆਂ ਨੂੰ ਭਾਰਤ ਅੰਦਰ ਆਪਣੇ ਕੈਂਪਸ ਸਥਾਪਤ ਕਰਨ ਦਾ ਸੱਦਾ ਦਿੱਤਾ। ਮੋਦੀ ਤੇ ਟਰੰਪ ਨੇ ਬੰਗਲਾਦੇਸ਼ ਦੀ ਸਥਿਤੀ ਬਾਰੇ ਵੀ ਚਰਚਾ ਕੀਤੀ। -ਪੀਟੀਆਈ

ਮੋਦੀ ਨੇ ਅਡਾਨੀ ਮਸਲੇ ਨੂੰ ਵਿਅਕਤੀਗਤ ਮੁੱਦਾ ਦੱਸਿਆ

ਪ੍ਰੈੱਸ ਵਾਰਤਾ ਦੌਰਾਨ ਇਹ ਪੁੱਛੇ ਜਾਣ ’ਤੇ ਕਿ ਕੀ ਗੱਲਬਾਤ ਵਿੱਚ ਕਾਰੋਬਾਰੀ ਗੌਤਮ ਅਡਾਨੀ ਨਾਲ ਸਬੰਧਤ ਮੁੱਦਾ ਸ਼ਾਮਲ ਸੀ, ’ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਭਾਰਤ ਇੱਕ ਲੋਕਤੰਤਰ ਹੈ ਅਤੇ ਸਾਡੀ ਸੰਸਕ੍ਰਿਤੀ ‘ਵਸੁਧੈਵ ਕੁਟੁੰਬਕਮ’ ਹੈ। ਅਸੀਂ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਮੰਨਦੇ ਹਾਂ। ਮੇਰਾ ਮੰਨਣਾ ਹੈ ਕਿ ਹਰ ਭਾਰਤੀ ਮੇਰਾ ਹੈ।’’ ਉਨ੍ਹਾਂ ਕਿਹਾ ਕਿ ਦੋ ਆਗੂਆਂ ਦਰਮਿਆਨ ਗੱਲਬਾਤ ਵਿੱਚ ਅਜਿਹੇ ਵਿਅਕਤੀਗਤ ਮਾਮਲਿਆਂ ’ਤੇ ਚਰਚਾ ਨਹੀਂ ਕੀਤੀ ਜਾਂਦੀ।

ਵਿਸ਼ਵ ਨੂੰ ਮਨੁੱਖੀ ਤਸਕਰੀ ‘ਤੰਤਰ’ ਖ਼ਿਲਾਫ਼ ਲੜਨਾ ਪਵੇਗਾ: ਮੋਦੀ

* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ਼ੈਰਕਾਨੂੰਨੀ ਪਰਵਾਸ ਨੂੰ ਆਲਮੀ ਮੁੱਦਾ ਦੱਸਿਆ

* ਤਸਦੀਕਸ਼ੁਦਾ ਨਾਗਰਿਕਾਂ ਨੂੰ ਵਾਪਸ ਲੈਣ ਲਈ ਭਾਰਤ ਤਿਆਰ

ਵਾਸ਼ਿੰਗਟਨ, 14 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੁੱਖੀ ਤਸਕਰੀ ਦੇ ਉਸ ‘ਤੰਤਰ’ ਖ਼ਿਲਾਫ਼ ਲੜਨ ਦੀ ਲੋੜ ’ਤੇ ਜ਼ੋਰ ਦਿੱਤਾ, ਜੋ ਆਮ ਪਰਿਵਾਰਾਂ ਦੇ ਲੋਕਾਂ ਨੂੰ ਵੱਡੇ ਸੁਫ਼ਨਿਆਂ ਤੇ ਵਾਅਦਿਆਂ ਦਾ ਝਾਂਸਾ ਦੇ ਕੇ ਹੋਰਨਾਂ ਮੁਲਕਾਂ ’ਚ ਗ਼ੈਰਕਾਨੂੰਨੀ ਪਰਵਾਸੀ ਵਜੋਂ ਵਸਾਉਣ ’ਚ ਸ਼ਾਮਲ ਹੈ। ਮੋਦੀ ਨੇ ਇੱਥੇ ਵ੍ਹਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਗ਼ੈਰਕਾਨੂੰਨੀ ਪਰਵਾਸ ਦੇ ਮੁੱਦੇ ’ਤੇ ਪੁੱਛੇ ਸਵਾਲ ਦੇ ਜਵਾਬ ’ਚ ਕਿਹਾ ਕਿ ਇਹ ਸਿਰਫ਼ ਭਾਰਤ ਦਾ ਸਵਾਲ ਨਹੀਂ ਬਲਕਿ ਇੱਕ ਆਲਮੀ ਮੁੱਦਾ ਹੈ। ਉਨ੍ਹਾਂ ਕਿਹਾ, ‘ਸਾਡਾ ਮੰਨਣਾ ਹੈ ਕਿ ਕੋਈ ਵੀ ਵਿਅਕਤੀ ਜੋ ਦੂਜੇ ਦੇਸ਼ ’ਚ ਗ਼ੈਰ ਕਾਨੂੰਨੀ ਢੰਗ ਨਾਲ ਦਾਖਲ ਹੁੰਦਾ ਹੈ ਅਤੇ ਰਹਿੰਦਾ ਹੈ, ਉਸ ਨੂੰ ਉਸ ਦੇਸ਼ ’ਚ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ।’ ਮੋਦੀ ਨੇ ਕਿਹਾ ਕਿ ਜਿੱਥੇ ਤੱਕ ਭਾਰਤ ਤੇ ਅਮਰੀਕਾ ਦੀ ਗੱਲ ਹੈ, ‘ਅਸੀਂ ਹਮੇਸ਼ਾ ਕਿਹਾ ਹੈ ਕਿ ਜੋ ਲੋਕ ਤਸਦੀਕਸ਼ੁਦਾ ਭਾਰਤੀ ਨਾਗਰਿਕ ਹਨ ਅਤੇ ਜੋ ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਹਨ, ਭਾਰਤ ਉਨ੍ਹਾਂ ਨੂੰ ਵਾਪਸ ਲੈਣ ਲਈ ਤਿਆਰ ਹੈ।’ ਉਨ੍ਹਾਂ ਕਿਹਾ, ‘ਹਾਲਾਂਕਿ ਸਾਡੇ ਲਈ ਇਹ ਮਾਮਲਾ ਇੱਥੇ ਖਤਮ ਨਹੀਂ ਹੋ ਜਾਂਦਾ। ਇਹ ਬਹੁਤ ਹੀ ਸਾਧਾਰਨ ਪਰਿਵਾਰਾਂ ਦੇ ਬੱਚੇ ਹਨ ਅਤੇ ਉਨ੍ਹਾਂ ਨੂੰ ਵੱਡੇ ਸੁਫ਼ਨਿਆਂ ਤੇ ਵਾਅਦਿਆਂ ਰਾਹੀਂ ਝਾਂਸਾ ਦਿੱਤਾ ਜਾਂਦਾ ਹੈ।’ ਮੋਦੀ ਨੇ ਕਿਹਾ ਕਿ ਇਨ੍ਹਾਂ ’ਚੋਂ ਬਹੁਤ ਸਾਰੇ ਮਨੁੱਖੀ ਤਸਕਰਾਂ ਵੱਲੋਂ ਗੁੰਮਰਾਹ ਕੀਤੇ ਜਾ ਰਹੇ ਹਨ।’ ਉਨ੍ਹਾਂ ਕਿਹਾ, ‘ਇਸ ਲਈ ਸਾਨੂੰ ਮਨੁੱਖੀ ਤਸਕਰੀ ਦੇ ਪੂਰੇ ਢਾਂਚੇ ਖ਼ਿਲਾਫ਼ ਲੜਨਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਅਮਰੀਕਾ ਤੇ ਭਾਰਤ ਦੋਵਾਂ ਦੀ ਕੋਸ਼ਿਸ਼ ਹੈ ਕਿ ਅਸੀਂ ਮਿਲ ਕੇ ਇਸ ਪੂਰੇ ਤੰਤਰ ਨੂੰ ਜੜ੍ਹੋਂ ਪੁੱਟ ਸੁੱਟੀਏ ਤਾਂ ਜੋ ਮਨੁੱਖੀ ਤਸਕਰੀ ਖਤਮ ਹੋਵੇ। ਇਹ ਉਨ੍ਹਾਂ ਗਰੀਬ ਲੋਕਾਂ ਨਾਲ ਅਨਿਆਂ ਹੈ ਜੋ ਆਪਣਾ ਸਭ ਕੁਝ ਵੇਚ ਦਿੰਦੇ ਹਨ ਅਤੇ ਉਨ੍ਹਾਂ ਨੂੰ ਵੱਡੇ-ਵੱਡੇ ਸੁਫ਼ਨੇ ਦਿਖਾ ਕੇ ਗ਼ੈਰਕਾਨੂੰਨੀ ਪਰਵਾਸੀ ਦੇ ਰੂਪ ’ਚ ਦੂਜੇ ਦੇਸ਼ ’ਚ ਲਿਆਇਆ ਜਾਂਦਾ ਹੈ।’ ਉਨ੍ਹਾਂ ਕਿਹਾ, ‘ਸਾਡੀ ਵੱਡੀ ਲੜਾਈ ਇਸ ਢਾਂਚੇ ਖ਼ਿਲਾਫ਼ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਰਾਸ਼ਟਰਪਤੀ ਟਰੰਪ ਵੀ ਇਸ ਤੰਤਰ ਨੂੰ ਖ਼ਤਮ ਕਰਨ ’ਚ ਭਾਰਤ ਦੀ ਪੂਰੀ ਹਮਾਇਤ ਕਰਨਗੇ।’ -ਪੀਟੀਆਈ

ਭਾਰਤ ਅਤੇ ਅਮਰੀਕਾ ਨੇ 500 ਅਰਬ ਡਾਲਰ ਦੇ ਵਪਾਰ ਦਾ ਟੀਚਾ ਮਿੱਥਿਆ

ਵਾਸ਼ਿੰਗਟਨ:

ਭਾਰਤ ਤੇ ਅਮਰੀਕਾ ਨੇ ਸਾਲ 2023 ਤੱਕ ਸਾਲਾਨਾ ਵਪਾਰ 500 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਹੈ ਅਤੇ ਟੈਕਸ ਘਟਾਉਣ ਤੇ ਬਾਜ਼ਾਰ ਤੱਕ ਪਹੁੰਚ ਵਧਾਉਣ ਦੇ ਮਕਸਦ ਨਾਲ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਇੱਥੇ ਹੋਏ ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਅਨੁਸਾਰ ਦੋਵਾਂ ਆਗੂਆਂ ਨੇ ਨਿਰਪੱਖਤਾ, ਕੌਮੀ ਸੁਰੱਖਿਆ ਤੇ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣ ਵਾਲੇ ਵਿਕਾਸ ਨੂੰ ਹੁਲਾਰਾ ਦੇਣ ਲਈ ਦੁਵੱਲੇ ਵਪਾਰ ਸਬੰਧਾਂ ਦਾ ਵੀ ਵਾਅਦਾ ਕੀਤਾ। ਸਾਂਝੇ ਬਿਆਨ ਅਨੁਸਾਰ, ‘ਇਸ ਮਕਸਦ ਲਈ ਦੋਵਾਂ ਆਗੂਆਂ ਨੇ 2023 ਤੱਕ ਦੁਵੱਲਾ ਵਪਾਰ ਦੁੱਗਣੇ ਤੋਂ ਵੱਧ 500 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਅਤੇ ਇਸ ਲਈ ਬਹੁ-ਖੇਤਰੀ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਗੇੜ ਦੀ ਗੱਲਬਾਤ ਦੀ ਯੋਜਨਾ ਦਾ ਐਲਾਨ ਕੀਤਾ।’ ਬਿਆਨ ’ਚ ਅੱਗੇ ਕਿਹਾ ਗਿਆ ਕਿ ਦੋਵੇਂ ਧਿਰਾਂ ਇਸ ਵਾਰਤਾ ਨੂੰ ਅੱਗੇ ਵਧਾਉਣ ਅਤੇ ਇਹ ਯਕੀਨੀ ਬਣਾਉਣ ਲਈ ਸੀਨੀਅਰ ਨੁਮਾਇੰਦੇ ਨਾਮਜ਼ਦ ਕਰਨ ਲਈ ਪ੍ਰਤੀਬਿੱਧ ਹਨ ਕਿ ਵਪਾਰ ਸਬੰਧ ਪੂਰੀ ਤਰ੍ਹਾਂ ਉਨ੍ਹਾਂ ਦੀਆਂ ਇੱਛਾਵਾਂ ਮੁਤਾਬਕ ਹੋਣ। ਇਸੇ ਦੌਰਾਨ ਭਾਰਤ ਤੇ ਅਮਰੀਕਾ ਨੇ ਨਵੀਂ 10-ਸਾਲਾ ਰੱਖਿਆ ਭਾਈਵਾਲੀ ’ਤੇ ਦਸਤਖ਼ਤ ਕਰਨ ਤੇ ਪ੍ਰਮੁੱਖ ਹਥਿਆਰਾਂ ਦਾ ਸਹਿ-ਉਤਪਾਦਨ ਜਾਰੀ ਰੱਖਣ ਦੀ ਇੱਕ ਵਕਾਰੀ ਯੋਜਨਾ ਦਾ ਐਲਾਨ ਕੀਤਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਲ ਹੀ ਐਲਾਨ ਕੀਤਾ ਕਿ ਅਮਰੀਕਾ ‘ਐੱਫ-35 ਸਟੀਲਥ ਲੜਾਕੂ ਜੈੱਟ’ ਜਹਾਜ਼ਾਂ ਦੀ ਸੰਭਾਵੀ ਸਪਲਾਈ ਸਮੇਤ ਭਾਰਤ ਨੂੰ ਫੌਜੀ ਹਾਰਡਵੇਅਰ ਦੀ ਵਿਕਰੀ ’ਚ ਵਾਧਾ ਕਰੇਗੀ। ਮੋਦੀ ਤੇ ਟਰੰਪ ਨੇ ਕਈ ਮੁੱਦਿਆਂ ’ਤੇ ਗੱਲਬਾਤ ਤੋਂ ਬਾਅਦ ਹਿੰਦ-ਪ੍ਰਸ਼ਾਂਤ ਖੇਤਰ ’ਚ ਅਮਰੀਕੀ ਤੇ ਭਾਰਤੀ ਸੈਨਾਵਾਂ ਦੀ ਵਿਦੇਸ਼ੀ ਤਾਇਨਾਤੀ ਨੂੰ ਹਮਾਇਤ ਦੇਣ ਅਤੇ ਉਸ ਨੂੰ ਬਣਾਏ ਰੱਖਣ ਲਈ ‘ਨਵੇਂ ਰਾਹ’ ਖੋਲ੍ਹਣ ਦਾ ਅਹਿਦ ਲਿਆ ਜਿਸ ’ਚ ਸੁਰੱਖਿਆ ਸਾਜ਼ੋ-ਸਾਮਾਨ ਤੇ ਖੁਫੀਆ ਜਾਣਕਾਰੀ ਸਾਂਝੀ ਕਰਨਾ ਵੀ ਸ਼ਾਮਲ ਹੈ। ਭਾਰਤ ਨੇ ਅਮਰੀਕਾ ਤੋਂ ਛੇ ਵਾਧੂ ‘ਪੀ-8ਆਈ’ ਲੰਮੀ ਦੂਰੀ ਦੇ ਸਮੁੰਦਰੀ ਨਿਗਰਾਨੀ ਤੇ ਪਣਡੁੱਬੀ ਰੋਕੂ ਜੰਗੀ ਜਹਾਜ਼ਾਂ ਦੀ ਖਰੀਦ ਦੀ ਅਧਿਕਾਰਤ ਪੁਸ਼ਟੀ ਕੀਤੀ। ਇਸੇ ਤਰ੍ਹਾਂ ਮੋਦੀ ਤੇ ਟਰੰਪ ਨੇ 16 ਸਾਲ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਹੋਏ ਇਤਿਹਾਸਕ ਗ਼ੈਰ-ਫੌਜੀ ਪ੍ਰਮਾਣੂ ਸਮਝੌਤੇ ਤਹਿਤ ਭਾਰਤ ’ਚ ਅਮਰੀਕੀ ਡਿਜ਼ਾਈਨ ਵਾਲੇ ਪ੍ਰਮਾਣੂ ਰਿਐਕਟਰਾਂ ਦੇ ਨਿਰਮਾਣ ਨੂੰ ਸੁਖਾਲਾ ਬਣਾਉਣ ਦੀ ਦਿਸ਼ਾ ’ਚ ਅੱਗੇ ਵਧਣ ਦਾ ਅਹਿਦ ਵੀ ਲਿਆ। -ਪੀਟੀਆਈ

ਟਰੰਪ ਵੱਲੋਂ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਦਾ ਐਲਾਨ

ਵਾਸ਼ਿੰਗਟਨ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਨੂੰ ਸੱਦਾ ਦਿੱਤਾ ਕਿ ਉਹ 26/11 ਦੇ ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿੜੇ ’ਚ ਲਿਆਉਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰੇ। ਟਰੰਪ ਨੇ ਇਸ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ ਹੈ। ਸਾਂਝੀ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਦੁਨੀਆ ਦੇ ‘ਸਭ ਤੋਂ ਬੁਰੇ ਲੋਕਾਂ’ ’ਚੋਂ ਇਕ ਨੂੰ ਭਾਰਤ ਹਵਾਲੇ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ, ‘ਉਹ ਨਿਆਂ ਦਾ ਸਾਹਮਣਾ ਕਰਨ ਲਈ ਭਾਰਤ ਵਾਪਸ ਜਾ ਰਿਹਾ ਹੈ।’ ਟਰੰਪ ਨੇ ਕਿਹਾ, ‘ਅਸੀਂ ਉਸ ਨੂੰ ਤੁਰੰਤ ਭਾਰਤ ਵਾਪਸ ਭੇਜ ਰਹੇ ਹਾਂ ਅਤੇ ਅਜਿਹੀਆਂ ਹੋਰ ਹਵਾਲਗੀਆਂ ਵੀ ਹੋ ਸਕਦੀਆਂ ਹਨ ਕਿਉਂਕਿ ਸਾਡੇ ਕੋਲ (ਭਾਰਤ ਤੋਂ) ਕਾਫੀ ਅਪੀਲਾਂ ਹਨ।’ ਮੋਦੀ ਨੇ ਇਸੇ ਫ਼ੈਸਲੇ ਲਈ ਟਰੰਪ ਦਾ ਧੰਨਵਾਦ ਕੀਤਾ। ਇਸੇ ਦੌਰਾਨ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਤਹੱਵੁਰ ਰਾਣਾ ਦੇ ਆਤਮ ਸਮਰਪਣ ਅਤੇ ਅਮਰੀਕਾ ਤੋਂ ਉਸ ਦੀ ਹਵਾਲਗੀ ਦੀ ਪ੍ਰਕਿਰਿਆ ’ਤੇ ਕੰਮ ਕਰ ਰਿਹਾ ਹੈ। ਮਿਸਰੀ ਨੇ ਪੱਤਰਕਾਰ ਸੰਮੇਲਨ ’ਚ ਕਿਹਾ, ‘ਇਹ ਇੱਕ ਅਜਿਹਾ ਮੁੱਦਾ ਹੈ ਜਿਸ ’ਤੇ ਅਮਰੀਕੀ ਅਥਾਰਿਟੀਆਂ ਨੇ ਬਹੁਤ ਸਪੱਸ਼ਟ ਫ਼ੈਸਲੇ ਲਏ ਹਨ।’ ਰਾਣਾ ਦੀ ਭਾਰਤ ਹਵਾਲਗੀ ਦੀ ਸਮਾਂ ਸੀਮਾ ਬਾਰੇ ਉਨ੍ਹਾਂ ਕਿਹਾ, ‘ਅਸੀਂ ਉਸ ਦੇ ਆਤਮ ਸਮਰਪਣ ਤੇ ਭਾਰਤ ਹਵਾਲਗੀ ਦੀ ਪ੍ਰਕਿਰਿਆ ’ਤੇ ਕੰਮ ਕਰ ਰਹੇ ਹਾਂ। ਕੁਝ ਆਖਰੀ ਗੇੜ ਪੂਰੇ ਕੀਤੇ ਜਾਣੇ ਹਨ। ਦੋਵੇਂ ਧਿਰਾਂ ਇਸ ਵਿਸ਼ੇਸ਼ ਮੁੱਦੇ ’ਤੇ ਸੰਪਰਕ ਵਿੱਚ ਹਨ।’ -ਪੀਟੀਆਈ

Advertisement
×