ਭਾਰਤ-ਮੋਰੱਕੋ ਵਿਚਾਲੇ ਰੱਖਿਆ ਸਮਝੌਤੇ ’ਤੇ ਦਸਤਖ਼ਤ
‘ਅਪਰੇਸ਼ਨ ਸਿੰਧੂਰ’ ਦੌਰਾਨ ਫ਼ੌਜ ਨੂੰ ਦਿੱਤੀ ਸੀ ਪੂਰੀ ਖੁੱਲ੍ਹ: ਰਾਜਨਾਥ
ਭਾਰਤ ਅਤੇ ਮੋਰੱਕੋ ਵਿਚਾਲੇ ਅੱਜ ਫ਼ੌਜੀ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਮੋਰੱਕੋ ਦੇ ਹਮਰੁਤਬਾ ਅਬਦਲਤੀਫ਼ ਲਓਦੀ ਵਿਚਾਲੇ ਵਾਰਤਾ ਹੋਈ।
ਰਾਜਨਾਥ ਸਿੰਘ ਨੇ ‘ਐਕਸ’ ’ਤੇ ਰੱਖਿਆ ਖੇਤਰ ’ਚ ਸਹਿਯੋਗ ਬਾਰੇ ਮੋਰੱਕੋ ਨਾਲ ਸਮਝੌਤਾ ਹੋਣ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਪਹਿਲਗਾਮ ’ਚ ਬੇਕਸੂਰ ਆਮ ਨਾਗਰਿਕਾਂ ’ਤੇ ਦਹਿਸ਼ਤੀ ਹਮਲੇ ਦਾ ਢੁੱਕਵਾਂ ਜਵਾਬ ਦੇਣ ਲਈ ਭਾਰਤੀ ਫ਼ੌਜ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਸੀ।
ਮੋਰੱਕੋ ਦੇ ਰਬਾਤ ’ਚ ਐਤਵਾਰ ਨੂੰ ਭਾਰਤੀਆਂ ਨੂੰ ਰਾਜਨਾਥ ਨੇ ਕਿਹਾ ਕਿ ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਦੌਰਾਨ ਢੁਕਵਾਂ ਜਵਾਬ ਦਿੱਤਾ ਸੀ। ਰਾਮਚਰਿਤਮਾਨਸ ਦਾ ਜ਼ਿਕਰ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ, ‘‘ਅਸੀਂ ਧਰਮ ਦੇਖ ਕੇ ਨਹੀਂ, ਕਰਮ ਦੇਖ ਕੇ ਮਾਰਿਆ ਹੈ।’’ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਦਹਾਕੇ ਦੌਰਾਨ ਭਾਰਤ ਵੱਲੋਂ ਕੀਤੀ ਗਈ ਤਰੱਕੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭੂ-ਸਿਆਸੀ ਚੁਣੌਤੀਆਂ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ੀ ਨਾਲ ਵਿਕਸਤ ਅਰਥਚਾਰੇ ਵਜੋਂ ਉਭਰਿਆ।