ਭਾਰਤ-ਇਜ਼ਰਾਈਲ ਅਤਿਵਾਦ ਖ਼ਿਲਾਫ਼ ਸਹਿਯੋਗ ਵਧਾਉਣਗੇ
ਵਪਾਰਕ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ; ਆਈ ਐੱਮ ਏ ਸੀ ’ਤੇ ਵਿਚਾਰ ਵਟਾਂਦਰਾ
ਭਾਰਤ ਤੇ ਇਜ਼ਰਾਈਲ ਨੇ ਅੱਜ ਅਤਿਵਾਦ ਦੇ ਟਾਕਰੇ ਲਈ ‘ਬਿਲਕੁਲ ਬਰਦਾਸ਼ਤ ਨਹੀਂ’ ਦੀ ਆਲਮੀ ਨੀਤੀ ਤਿਆਰ ਕਰਨ ਦੇ ਤੌਰ-ਤਰੀਕੇ ਲੱਭਣ ਅਤੇ ਵਪਾਰ, ਬੁਨਿਆਦੀ ਢਾਂਚੇ ਤੇ ਕੁਨੈਕਟਿਵਿਟੀ ਦੇ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਕਦਮਾਂ ’ਤੇ ਚਰਚਾ ਕੀਤੀ। ਇਸ ਦੇ ਨਾਲ ਭਾਰਤ ਨੇ ਉਮੀਦ ਜਤਾਈ ਕਿ ਅਮਰੀਕਾ ਦੀ ਵਿਚੋਲਗੀ ਨਾਲ ਤਿਆਰ ਕੀਤੀ ਗਈ ਗਾਜ਼ਾ ਸ਼ਾਂਤੀ ਯੋਜਨਾ ਖੇਤਰ ’ਚ ਸਥਾਈ ਸ਼ਾਂਤੀ ਲਿਆਉਣ ’ਚ ਮਦਦਗਾਰ ਹੋਵੇਗੀ।
ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਐੈੱਸ ਜੈਸ਼ੰਕਰ ਅਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡਿਓਨ ਸਾਰ ਵਿਚਾਲੇ ਗੱਲਬਾਤ ਹੋਈ। ਦੋਵੇਂ ਮੁਲਕ ਅਗਲੇ ਮਹੀਨਿਆਂ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਭਾਰਤ ਦੌਰੇ ਦੀ ਸੰਭਾਵਨਾ ’ਤੇ ਵੀ ਵਿਚਾਰ ਕਰ ਰਹੇ ਹਨ।
ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਭਾਰਤ-ਮੱਧ ਪੂਰਬੀ ਏਸ਼ੀਆ-ਯੂਰਪ ਗਲਿਆਰੇ (ਆਈ ਐੱਮ ਏ ਸੀ) ’ਤੇ ਵੀ ਚਰਚਾ ਹੋਈ ਜਿਸ ਤਹਿਤ ਖੇਤਰੀ ਸੰਪਰਕ ਤੇ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਲੱਭੇ ਜਾ ਰਹੇ ਹਨ।
ਸ੍ਰੀ ਜੈਸ਼ੰਕਰ ਨੇ ਉਦਘਾਟਨੀ ਭਾਸ਼ਨ ’ਚ ਕਿਹਾ ਕਿ ਭਾਰਤ ਤੇ ਇਜ਼ਰਾਈਲ ਅਤਿਵਾਦ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਔਖੇ ਵੇਲੇ ਇੱਕ-ਦੂਜੇ ਨਾਲ ਡਟੇ ਰਹੇ ਹਾਂ ਤੇ ਸਾਡੇ ਸਬੰਧ ਆਪਸੀ ਭਰੋਸੇ ’ਤੇ ਆਧਾਰਿਤ ਹਨ। -ਪੀਟੀਆਈ
ਭਾਰਤ-ਇਜ਼ਰਾਈਲ ਵੱਲੋਂ ਰੱਖਿਆ ਸਮਝੌਤੇ ’ਤੇ ਦਸਤਖ਼ਤ
ਭਾਰਤ ਤੇ ਇਜ਼ਰਾਈਲ ਨੇ ਪਹਿਲਾਂ ਤੋਂ ਹੀ ਮਜ਼ਬੂਤ ਰਣਨੀਤਕ ਸਬੰਧ ਹੋਰ ਗੂੜ੍ਹੇ ਕਰਨ ਲਈ ਅਹਿਮ ਰੱਖਿਆ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਆਧੁਨਿਕ ਤਕਨੀਕਾਂ ਦੇ ਵਟਾਂਦਰੇ ਨੂੰ ਸੁਚਾਰੂ ਬਣਾਏਗਾ ਤੇ ਮੁੱਖ ਹਥਿਆਰ ਪ੍ਰਣਾਲੀਆਂ ਤੇ ਮਿਲਟਰੀ ਹਾਰਡਵੇਅਰ ਦੇ ਸਹਿ-ਵਿਕਾਸ ਤੇ ਸਹਿ-ਉਤਪਾਦਨ ਨੂੰ ਹੱਲਾਸ਼ੇਰੀ ਦੇਵੇਗਾ। ਰੱਖਿਆ ਸਹਿਯੋਗ ਬਾਰੇ ਭਾਰਤ-ਇਜ਼ਰਾਈਲ ਸਾਂਝੇ ਵਰਕਿੰਗ ਗਰੁੱਪ ਦੀ ਮੀਟਿੰਗ ਮਗਰੋਂ ਤਲ ਅਵੀਵ ’ਚ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। -ਪੀਟੀਆਈ

