ਭਾਰਤ ਆਪਣਾ ਪੁਲਾੜ ਸਟੇਸ਼ਨ ਬਣਾਉਣ ਲਈ ਕੰਮ ਕਰ ਰਿਹੈ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਜ਼ਾਦੀ ਦਿਹਾੜੇ ਮੌਕੇ ਕਿਹਾ ਕਿ ਭਾਰਤ ਪੁਲਾੜ ਖੇਤਰ ਵਿੱਚ ਆਤਮਨਿਰਭਰ ਬਣਨ ਅਤੇ ਆਪਣਾ ਖੁਦ ਦਾ ਪੁਲਾੜ ਸਟੇਸ਼ਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਦੇਸ਼ ਨੂੰ ਸਾਡੇ ਪੁਲਾੜ ਖੇਤਰ ’ਤੇ ਮਾਣ ਹੈ। ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਪੁਲਾੜ ਸਟੇਸ਼ਨ ਤੋਂ ਵਾਪਸ ਆ ਗਏ ਹਨ... ਆਉਣ ਵਾਲੇ ਦਿਨਾਂ ਵਿੱਚ ਉਹ ਭਾਰਤ ਵਾਪਸ ਆ ਜਾਣਗੇ।’’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਪੁਲਾੜ ਖੇਤਰ ਵਿੱਚ ਵੀ ਆਤਮਨਿਰਭਰ ਬਣਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਅਤੇ ਗਗਨਯਾਨ ਦੇ ਪ੍ਰੋਜੈਕਟ ਦੀ ਤਿਆਰੀ ਕਰ ਰਿਹਾ ਹੈ। ਗਗਨਯਾਨ ਭਾਰਤ ਦਾ ਪ੍ਰਮੁੱਖ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਹੈ। ਉਨ੍ਹਾਂ ਨੇ ਕਿਹਾ, "ਅਸੀਂ ਆਪਣਾ ਖੁਦ ਦਾ ਪੁਲਾੜ ਸਟੇਸ਼ਨ ਬਣਾਵਾਂਗੇ।"
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਲਿਆਂਦੇ ਗਏ ਸੁਧਾਰਾਂ ਨੇ 300 ਤੋਂ ਵੱਧ ਸਟਾਰਟ-ਅੱਪ ਨੂੰ ਸਮਰੱਥ ਬਣਾਇਆ ਹੈ ਜੋ ਪੁਲਾੜ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, "ਹਜ਼ਾਰਾਂ ਨੌਜਵਾਨ ਇਸ 'ਤੇ ਕੰਮ ਕਰ ਰਹੇ ਹਨ। ਇਹ ਸਾਡੇ ਨੌਜਵਾਨਾਂ ਦੀ ਸ਼ਕਤੀ ਹੈ... ਇਹ ਸਾਡੇ ਨੌਜਵਾਨਾਂ ਵਿੱਚ ਸਾਡਾ ਵਿਸ਼ਵਾਸ ਹੈ।’’
ਕੁਦਰਤ ਸਾਡੇ ਸਾਰਿਆਂ ਦੀ ਪ੍ਰੀਖਿਆ ਲੈ ਰਹੀ ਹੈ: ਮੋਦੀ
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਪਿਛਲੇ ਦਿਨਾਂ ਵਿੱਚ ਹੋਈਆਂ ਢਿੱਗਾਂ ਡਿੱਗਣ ਅਤੇ ਬੱਦਲ ਫਟਣ ਵਰਗੀਆਂ ਕੁਦਰਤੀ ਆਫ਼ਤਾਂ ਦੇ ਪੀੜਤਾਂ ਪ੍ਰਤੀ ਸੰਵੇਦਨਾ ਪ੍ਰਗਟਾਉਂਦੇ ਹੋਏ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਕੁਦਰਤ ਸਾਡੇ ਸਾਰਿਆਂ ਦੀ ਪ੍ਰੀਖਿਆ ਲੈ ਰਹੀ ਹੈ।
ਪ੍ਰਧਾਨ ਮੰਤਰੀ ਨੇ 79ਵੇਂ ਆਜ਼ਾਦੀ ਦਿਹਾੜੇ ’ਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਕੁਦਰਤ ਸਾਡੇ ਸਾਰਿਆਂ ਦੀ ਪ੍ਰੀਖਿਆ ਲੈ ਰਹੀ ਹੈ... ਹਾਲ ਹੀ ਦੇ ਦਿਨਾਂ ਵਿੱਚ, ਅਸੀਂ ਵਿਨਾਸ਼ਕਾਰੀ ਘਟਨਾਵਾਂ, ਜ਼ਮੀਨ ਖਿਸਕਣ, ਬੱਦਲ ਫਟਣ ਅਤੇ ਕਈ ਹੋਰ ਆਫ਼ਤਾਂ ਦਾ ਇੱਕ ਸਿਲਸਿਲਾ ਦੇਖਿਆ ਹੈ। ਸਾਡੀ ਦਿਲੀ ਸੰਵੇਦਨਾ ਅਤੇ ਇੱਕਜੁੱਟਤਾ ਉਨ੍ਹਾਂ ਲੋਕਾਂ ਪ੍ਰਤੀ ਹੈ ਜੋ ਇਨ੍ਹਾਂ ਤੋਂ ਪ੍ਰਭਾਵਿਤ ਹੋਏ ਹਨ।"
ਉਨ੍ਹਾਂ ਨੇ ਕਿਹਾ, ‘‘ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ, ਦੋਵੇਂ ਆਪਸੀ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ ਅਤੇ ਬਚਾਅ ਮੁਹਿੰਮ ਚਲਾਉਣ, ਰਾਹਤ ਪ੍ਰਦਾਨ ਕਰਨ ਅਤੇ ਪ੍ਰਭਾਵੀ ਪੁਨਰਵਾਸ ਲਈ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰ ਰਹੀਆਂ ਹਨ।’’