ਭਾਰਤ ਸੈਮੀ-ਕੰਡਕਟਰ ਮਿਸ਼ਨ ਦੇ ਅਗਲੇ ਪੜਾਅ ਵੱਲ ਵਧ ਰਿਹੈ: ਮੋਦੀ
‘ਸੈਮਕੌਨ ਇੰਡੀਆ- 2025’ ਕਾਨਫਰੰਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 18 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ 10 ਸੈਮੀ-ਕੰਡਕਟਰ ਪ੍ਰਾਜੈਕਟ ਜਾਰੀ ਹਨ ਤੇ ਮੁਲਕ ਹੁਣ ‘ਭਾਰਤ ਸੈਮੀ-ਕੰਡਕਟਰ ਮਿਸ਼ਨ’ ਦੇ ਅਗਲੇ ਪੜਾਅ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ 1,000 ਅਰਬ ਡਾਲਰ ਦੇ ਵਿਸ਼ਵ ਪੱਧਰੀ ਚਿਪ ਬਾਜ਼ਾਰ ਦਾ ਲਾਹਾ ਲੈਣ ਲਈ ਡਿਜ਼ਾਈਨ ਅਧਾਰਿਤ ਉਤਸ਼ਾਹ ਵਧਾਊ ਸਕੀਮ ’ਚ ਤਬਦੀਲੀਆਂ ਲਿਆਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ,‘ਉਹ ਦਿਨ ਦੂਰ ਨਹੀਂ ਜਦੋਂ ਭਾਰਤ ਵਿੱਚ ਬਣੀ ਸਭ ਤੋਂ ਛੋਟੀ ਚਿਪ ਦੁਨੀਆ ’ਚ ਸਭ ਤੋਂ ਵੱਡਾ ਬਦਲਾਅ ਲਿਆਵੇਗੀ। ਉਹ ਦਿਨ ਦੂਰ ਨਹੀਂ, ਜਦੋਂ ਦੁਨੀਆ ਕਹੇਗੀ ‘ਭਾਰਤ ਵਿੱਚ ਹੀ ਤਿਆਰ ਡਿਜ਼ਾਈਨ, ਭਾਰਤ ’ਚ ਬਣਿਆ ਤੇ ਵਿਸ਼ਵ ਲਈ ਭਰੋਸੇਮੰਦ’।
ਇਸ ਸਮਾਗਮ ਵਿੱਚ ਦੁਨੀਆ ਭਰ ਦੇ 50 ਮੁਲਕਾਂ ਦੇ ਸੈਮੀ-ਕੰਡਕਟਰ ਖੇਤਰ ਨਾਲ ਜੁੜੇ ਮਾਹਿਰਾਂ ਨੇ ਸ਼ਿਰਕਤ ਕੀਤੀ। ਸ੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਸਮਾਗਮ ਵਿੱਚ ਭਾਰਤ ਦੀ ਨਵੀਨਤਮ ਤਕਨੀਕ ਤੇ ਨੌਜਵਾਨ ਸ਼ਕਤੀ ਪ੍ਰਤੱਖ ਤੌਰ ’ਤੇ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਵਿਲੱਖਣ ਤਾਲਮੇਲ ਸਪੱਸ਼ਟ ਸੁਨੇਹਾ ਦਿੰਦਾ ਹੈ,‘ਵਿਸ਼ਵ ਭਾਰਤ ਵਿੱਚ ਸੈਮੀ-ਕੰਡਕਟਰ ਦਾ ਭਵਿੱਖ ਬਣਾਉਣ ਲਈ ਤਿਆਰ ਹੈ। ਸ੍ਰੀ ਮੋਦੀ ਨੇ ਕਿਹਾ,‘ਜਿੱਥੇ ਤੇਲ ਨੇ ਪਿਛਲੀ ਸਦੀ ਨੂੰ ਆਕਾਰ ਦਿੱਤਾ, ਉੱਥੇ 21ਵੀਂ ਸਦੀ ਦੀ ਸ਼ਕਤੀ ਹੁਣ ਚਿਪ ’ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸੈਮੀ-ਕੰਡਕਟਰ ਬਾਜ਼ਾਰ 600 ਅਰਬ ਅਮਰੀਕੀ ਡਾਲਰ ਤੱਕ ਪੁੱਜ ਚੁੱਕਾ ਹੈ ਤੇ ਆਉਣ ਵਾਲੇ ਸਾਲਾਂ ਵਿੱਚ ਇਸਦੇ 1,000 ਅਰਬ ਡਾਲਰ ਨੂੰ ਪਾਰ ਕਰਨ ਦੀ ਆਸ ਹੈ। ਸਾਲ 2023 ਤੱਕ ਮੁਲਕ ਦੇ ਪਹਿਲੇ ਸੈਮੀ-ਕੰਡਕਟਰ ਪਲਾਂਟ ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ ਸਾਲ 2024 ਵਿੱਚ ਕਈ ਹੋਰ ਪਲਾਂਟਾਂ ਨੂੰ ਮਨਜ਼ੂਰੀ ਮਿਲੀ ਸੀ।