ਸਾਰਿਆਂ ਨੂੰ ਗਲਤ ਸਾਬਤ ਕਰਦਿਆਂ ਅੱਗੇ ਵਧ ਰਿਹੈ ਭਾਰਤ: ਭਾਗਵਤ
ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਅੱਜ ਇੱਥੇ ਕਿਹਾ ਕਿ ਭਾਰਤ ਸਾਰਿਆਂ ਦੀਆਂ ਭਵਿੱਖਬਾਣੀਆਂ ਗਲਤ ਸਾਬਤ ਕਰਦਿਆਂ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ। ਇੱਥੇ ਇੱਕ ਪੁਸਤਕ ਰਿਲੀਜ਼ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਭਾਰਤ 3,000 ਸਾਲਾਂ ਤੱਕ ਵਿਸ਼ਵ ਆਗੂ ਸੀ, ਉਦੋਂ ਆਲਮੀ ਪੱਧਰ ’ਤੇ ਕੋਈ ਟਕਰਾਅ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਸੰਘਰਸ਼ਾਂ ਲਈ ਨਿੱਜੀ ਹਿੱਤ ਜ਼ਿੰਮੇਵਾਰ ਹਨ, ਜਿਸ ਕਾਰਨ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ। ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਹਵਾਲਾ ਦਿੰਦਿਆਂ ਭਾਗਵਤ ਨੇ ਕਿਹਾ ਕਿ ਬ੍ਰਿਟਿਸ਼ ਰਾਜ ਖਤਮ ਹੋਣ ਤੋਂ ਬਾਅਦ ਵੀ ਭਾਰਤ ਨੇ ਇਕਜੁੱਟ ਰਹਿ ਕੇ ਉਸ (ਚਰਚਿਲ) ਨੂੰ ਗਲਤ ਸਾਬਿਤ ਕਰ ਦਿੱਤਾ। ਉਨ੍ਹਾਂ ਕਿਹਾ, ‘ਵਿੰਸਟਨ ਚਰਚਿਲ ਨੇ ਇੱਕ ਵਾਰ ਕਿਹਾ ਸੀ ਕਿ ਆਜ਼ਾਦੀ (ਬ੍ਰਿਟਿਸ਼ ਰਾਜ) ਤੋਂ ਬਾਅਦ ਤੁਸੀਂ (ਭਾਰਤ) ਬਚ ਨਹੀਂ ਸਕੋਗੇ ਅਤੇ ਵੰਡੇ ਜਾਵੋਗੇ, ਪਰ ਅਜਿਹਾ ਨਹੀਂ ਹੋਇਆ। ਹੁਣ ਇੰਗਲੈਂਡ ਖੁਦ ਵੰਡ ਦੇ ਪੜਾਅ ’ਤੇ ਆ ਰਿਹਾ ਹੈ, ਪਰ ਅਸੀਂ ਵੰਡੇ ਨਹੀਂ ਜਾਵਾਂਗੇ। ਅਸੀਂ ਅੱਗੇ ਵਧਾਂਗੇ। ਅਸੀਂ ਇੱਕ ਵਾਰ ਵੰਡੇ ਗਏ ਸੀ, ਪਰ ਅਸੀਂ ਮੁੜ ਇਕਜੁੱਟ ਹੋਵਾਂਗੇ।’ ਉਨ੍ਹਾਂ ਕਿਹਾ ਕਿ ਜਿੱਥੇ ਦੁਨੀਆ ਵਿਸ਼ਵਾਸ ਅਤੇ ਧਾਰਮਿਕ ਮਾਨਤਾਵਾਂ ’ਤੇ ਚੱਲਦੀ ਹੈ, ਉੱਥੇ ਭਾਰਤ ਵਿਸ਼ਵਾਸ ਦੀ ਧਰਤੀ ਹੈ, ਜਿੱਥੇ ਕੰਮ ਅਤੇ ਤਰਕ ਕਰਨ ਵਾਲੇ ਲੋਕ ਰਹਿੰਦੇ ਹਨ। ਭਾਗਵਤ ਨੇ ਅੱਗੇ ਕਿਹਾ, ‘ਅਸੀਂ ਸਾਰੇ ਜੀਵਨ ਦੇ ਡਰਾਮੇ ਵਿੱਚ ਕਲਾਕਾਰ ਹਾਂ ਅਤੇ ਸਾਨੂੰ ਆਪਣੀਆਂ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਹਨ। ਸਾਡਾ ਅਸਲ ਰੂਪ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਡਰਾਮਾ ਖਤਮ ਹੁੰਦਾ ਹੈ।’