ਭਾਰਤ ਮਜ਼ਬੂਤ ਸਮੁੰਦਰੀ ਤਾਕਤ: ਜਨਰਲ ਚੌਹਾਨ
9ਵਾਂ ਮਿਲਟਰੀ ਲਿਟਰੇਚਰ ਫੈਸਟੀਵਲ ਸਮਾਪਤ; 1965 ਦੀ ਜੰਗ ’ਚ ਹਿੱਸਾ ਲੈਣ ਵਾਲੇ ਫ਼ੌਜੀਆਂ ਦਾ ਸਨਮਾਨ
ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ’ਚ ਕਰਵਾਇਆ ਗਿਆ ਤਿੰਨ ਰੋਜ਼ਾ 9ਵਾਂ ਮਿਲਟਰੀ ਲਿਟਰੇਚਰ ਫੈਸਟੀਵਲ ਅੱਜ ਸਮਾਪਤ ਹੋ ਗਿਆ ਹੈ। ਸਮਾਪਤੀ ਸਮਾਗਮ ’ਚ ਪੁੱਜੇ ਵਿੱਚ ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਭਾਰਤ ਆਪਣੀ ਭੂਗੋਲਿਕ ਸਥਿਤੀ ਕਾਰਨ ਮਜ਼ਬੂਤ ਮਹਾਂਸਾਗਰ ਤੇ ਸਮੁੰਦਰੀ ਤਾਕਤ ਹੈ।
ਉਨ੍ਹਾਂ ਕਿਹਾ ਕਿ ਭਾਰਤ ਪੱਛਮ ਵਿੱਚ ਪਾਕਿਸਤਾਨ ਕਰਕੇ ਅਫ਼ਗ਼ਾਨਿਸਤਾਨ ਵੱਲ ਅੱਗੇ ਨਹੀਂ ਵਧ ਸਕਦਾ ਹੈ, ਦੂਜੇ ਪਾਸੇ ਚੀਨ ਕਰਕੇ ਅੱਗੇ ਨਹੀਂ ਵਧ ਸਕਦਾ ਹੈ। ਭਾਰਤ ਦਾ ਦੱਖਣ ਖੇਤਰ ਹਿੰਦ ਮਹਾਂਸਾਗਰ ਨਾਲ ਘਿਰਿਆ ਹੋਣ ਕਰਕੇ ਵਧੇਰੇ ਕਾਰਗਰ ਸਾਬਤ ਹੁੰਦਾ ਹੈ। ਅੱਜ ਵੱਡੀ ਗਿਣਤੀ ਦੇਸ਼ ਹਿੰਦ ਮਹਾਸਾਗਰ ਦੀ ਵਰਤੋਂ ਕਰਦੇ ਹਨ ਹਾਲਾਂਕਿ ਹਿੰਦ ਮਹਾਸਾਗਰ ਭਾਰਤ ਦੇ ਬਿਲਕੁੱਲ ਨਾਲ ਲੱਗਣ ਕਰਕੇ ਭਾਰਤ ਦੁਨੀਆ ਦੇ ਕਈ ਦੇਸ਼ਾਂ ਦੀ ਮਜ਼ਬੂਤੀ ਨੂੰ ਢਾਹ ਲਗਾ ਸਕਦਾ ਹੈ। ਭਾਰਤ ਉਨ੍ਹਾਂ ਦੀ ਆਵਾਜਾਈ ਪ੍ਰਭਾਵਿਤ ਕਰ ਸਕਦਾ ਹੈ। ਇਸੇ ਕਰਕੇ ਕਈ ਦੇਸ਼ ਅੱਜ ਭਾਰਤ ਨਾਲ ਭਾਈਵਾਲੀ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਚਾਰੇ ਪਾਸਿਓਂ ਜ਼ਮੀਨੀ ਖੇਤਰ ਰਾਹੀਂ ਦੂਜੇ ਦੇਸ਼ਾਂ ਨਾਲ ਘਿਰਿਆ ਹੋਇਆ ਹੈ, ਜਿਸ ਕਰਕੇ ਉਸ ਨੂੰ ਹੋਰਨਾਂ ਦੇਸ਼ਾਂ ’ਤੇ ਨਿਰਭਰ ਕਰਨਾ ਪੈਂਦਾ ਹੈ। ਭਾਰਤ ਦਾ ਵੱਡਾ ਹਿੱਸਾ ਹਿੰਦ ਮਹਾਸਾਗਰ ਨਾਲ ਲਗਦਾ ਹੋਣ ਕਰਕੇ ਇਸ ਨੂੰ ਕਿਸੇ ’ਤੇ ਨਿਰਭਰ ਹੋਣ ਦੀ ਜ਼ਰੂਰਤ ਨਹੀਂ ਹੈ। ਪਹਿਲਾਂ ਜੰਗਾਂ ਜ਼ਮੀਨ ’ਤੇ ਹੁੰਦੀ ਸੀ, ਫਿਰ ਅਸਮਾਨ ਅਤੇ ਪਾਣੀ ਵਿੱਚ ਹੋਈਆਂ। ਮੌਜੂਦਾ ਸਮੇਂ ਪੁਲਾੜ, ਆਧੁਨਿਕ ਤਕਨੀਕ ਅਤੇ ਹੋਰਨਾਂ ਤਕਨੀਕਾਂ ਨਾਲ ਲੜਾਈ ਲੜੀ ਜਾਂਦੀ ਹੈ, ਜਿਸ ਲਈ ਭਾਰਤ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਨੇ 1965 ਦੀ ਜੰਗ ਤੋਂ ਬਹੁਤ ਕੁਝ ਸਿੱਖਿਆ ਜਿਸ ਦੇ ਆਧਾਰ ’ਤੇ ਅੱਜ ਤੱਕ ਲੜਾਈ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
ਸਮਾਗਮ ਦੌਰਾਨ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ ਅਤੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀ ਐੱਸ ਸ਼ੇਰਗਿੱਲ (ਸੇਵਾਮੁਕਤ) ਨੇ 1965 ਦੀ ਜੰਗ ਵਿੱਚ ਹਿੱਸਾ ਲੈਣ ਵਾਲੇ ਸਾਬਕਾ ਫੌਜੀਆਂ ਦਾ ਸਨਮਾਨਿਤ ਕੀਤਾ। ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਿਰਕਤ ਕੀਤੀ।
ਰਾਸ਼ਟਰ ਨਿਰਮਾਣ ਨੌਜਵਾਨਾਂ ਦੀ ਜ਼ਿੰਮੇਵਾਰੀ
ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਜ਼ਿੰਮੇਵਾਰੀ ਅਹਿਮ ਹੈ। ਇਸ ਲਈ ਨੌਜਵਾਨਾਂ ਨੂੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਦੀ ਲੋੜ ਹੈ ਤਾਂ ਜੋ ਦੇਸ਼ ਨੂੰ ਤਰੱਕੀ ਦੀ ਰਾਹ ’ਤੇ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਵੱਧ ਤੋਂ ਵੱਧ ਭਰਤੀ ਹੋਣ ਦੀ ਅਪੀਲ ਕੀਤੀ।

