ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਰੱਖਣ ਦੀ ਮਿਆਦ 24 ਅਗਸਤ ਤੱਕ ਵਧਾਈ
ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦੀ ਮਿਆਦ 24 ਅਗਸਤ ਤੱਕ ਵਧਾ ਦਿੱਤੀ ਹੈ। ਇਸ ਸਾਲ 24 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿੱਚ 26 ਲੋਕ ਮਾਰੇ ਗਏ ਸਨ, ਦੇ ਮੱਦੇਨਜ਼ਰ ਭਾਰਤ ਨੇ 30 ਅਪਰੈਲ ਤੋਂ ਪਾਕਿਸਤਾਨੀ ਏਅਰਲਾਈਨਾਂ ਅਤੇ ਆਪਰੇਟਰਾਂ ਦੁਆਰਾ ਸੰਚਾਲਿਤ, ਮਾਲਕੀ ਵਾਲੇ ਜਾਂ ਲੀਜ਼ ’ਤੇ ਲਏ ਗਏ ਜਹਾਜ਼ਾਂ, ਜਿਸ ਵਿੱਚ ਫੌਜੀ ਉਡਾਣਾਂ ਵੀ ਸ਼ਾਮਲ ਹਨ, ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਇਹ ਪਾਬੰਦੀ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਸਰਕਾਰ ਵੱਲੋਂ ਪਾਕਿਸਤਾਨ ਵਿਰੁੱਧ ਕੀਤੇ ਗਏ ਵੱਖ ਵੱਖ ਉਪਾਵਾਂ ਦਾ ਹਿੱਸਾ ਹੈ।
ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਕਿਹਾ, ‘‘ਪਾਕਿਸਤਾਨੀ ਜਹਾਜ਼ਾਂ ਨੂੰ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਰੋਕਣ ਵਾਲੇ ਏਅਰਮੈਨ (NOT AM) ਦੇ ਨੋਟਿਸ ਨੂੰ ਅਧਿਕਾਰਤ ਤੌਰ ’ਤੇ 23 ਅਗਸਤ 2025 ਤੱਕ ਵਧਾ ਦਿੱਤਾ ਗਿਆ ਹੈ।" ਮੰਤਰੀ ਨੇ ਮੰਗਲਵਾਰ ਦੇਰ ਰਾਤ X ’ਤੇ ਇੱਕ ਪੋਸਟ ਵਿੱਚ ਕਿਹਾ ਕਿ ਇਹ ਵਾਧਾ ਨਿਰੰਤਰ ਰਣਨੀਤਕ ਵਿਚਾਰਾਂ ਨੂੰ ਦਰਸਾਉਂਦਾ ਹੈ ਅਤੇ ਪ੍ਰਚਲਿਤ ਸੁਰੱਖਿਆ ਪ੍ਰੋਟੋਕੋਲ ਮੁਤਾਬਕ ਹੈ। ਸ਼ੁਰੂ ਵਿੱਚ ਇਹ ਪਾਬੰਦੀ 24 ਮਈ ਨੂੰ ਖਤਮ ਹੋਣੀ ਸੀ ਅਤੇ ਇਸ ਨੂੰ ਪਹਿਲਾਂ 24 ਜੂਨ ਤੱਕ ਅਤੇ ਫਿਰ 24 ਜੁਲਾਈ ਤੱਕ ਵਧਾ ਦਿੱਤਾ ਗਿਆ ਸੀ।
ਇਸ ਦੌਰਾਨ ਪਾਕਿਸਤਾਨ ਨੇ ਵੀ ਭਾਰਤੀ ਜਹਾਜ਼ਾਂ ਦੇ ਆਪਣੇ ਹਵਾਈ ਖੇਤਰ ਵਿਚ ਦਾਖਲੇ ’ਤੇ ਲੱਗੀ ਪਾਬੰਦੀ 24 ਅਗਸਤ ਤੱਕ ਇੱਕ ਮਹੀਨੇ ਲਈ ਵਧਾ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਬਾਅਦ, 24 ਅਪ੍ਰੈਲ ਨੂੰ ਪਾਕਿਸਤਾਨ ਨੇ ਭਾਰਤ ਲਈ ਆਪਣੇ ਹਵਾਈ ਖੇਤਰ ’ਤੇ 24 ਮਈ ਤੱਕ ਪਾਬੰਦੀ ਲਗਾ ਦਿੱਤੀ ਸੀ। ਹਵਾਈ ਖੇਤਰ ਦੀ ਪਾਬੰਦੀ 24 ਜੂਨ ਤੱਕ, ਫਿਰ 24 ਜੁਲਾਈ ਤੱਕ ਅਤੇ ਫਿਰ ਇੱਕ ਹੋਰ ਮਹੀਨੇ ਲਈ ਵਧਾ ਦਿੱਤੀ ਗਈ ਸੀ। -ਪੀਟੀਆਈ