INDIA-EU-FTA: ਭਾਰਤ ਤੇ ਯੂਰੋਪੀਅਨ ਯੂਨੀਅਨ ਵੱਲੋਂ ਮੁਕਤ ਵਪਾਰ ਸਮਝੌਤੇ ਸਬੰਧੀ ਗੱਲਬਾਤ ਤੇਜ਼ ਕਰਨ ’ਤੇ ਚਰਚਾ
ਦੋਵਾਂ ਧਿਰਾਂ ਵੱਲੋਂ free trade agreement ਨੂੰ ਅੰਤਿਮ ਰੁੂਪ ਦੇਣ ਲਈ ਇਸ ਸਾਲ ਦੇ ਅੰਤ ਤੱਕ ਦੀ ਸਮਾਂਹੱਦ ਤੈਅ; ਆਰਥਿਕ ਸਬੰਧ ਗੂੜ੍ਹੇ ਹੋਣ ਤੇ ਖੁਸ਼ਹਾਲ ਭਾਰਤ-ਯੂਰੋਪੀਅਨ ਯੂਨੀਅਨ ਭਾਈਵਾਲੀ ਵਧਣ ਦੀ ਉਮੀਦ: ਪਿਯੂਸ਼ ਗੋਇਲ
Advertisement
ਨਵੀਂ ਦਿੱਲੀ, 1 ਮਾਰਚ
ਭਾਰਤ ਅਤੇ ਯੂਰੋਪੀਅਨ ਯੂਨੀਅਨ (European Union) ਨੇ ਮੁਕਤ ਵਪਾਰ ਸਮਝੌਤੇ (free trade agreement) (ਐੱਫਟੀਏ/FTA) ਨੂੰ ਅੰਤਿਮ ਰੁੂਪ ਦੇਣ ਲਈ ਇਸ ਸਾਲ ਦੇ ਅੰਤ ਤੱਕ ਦੀ ਸਮਾਂਹੱਦ ਤੈਅ ਕੀਤੀ ਹੈ। ਇਸ ਦੇ ਨਾਲ ਹੀ ਦੋਵਾਂ ਧਿਰਾਂ ਦੀਆਂ ਟੀਮਾਂ ਨੇ ਤਵਾਜ਼ਨਦਾਰ ਤੇ ਬਰਾਬਰ ਲਾਹੇਵੰਦ ਸਮਝੌਤੇ ਸਬੰਧੀ ਕੋਸ਼ਿਸ਼ਾਂ ’ਚ ਤੇਜ਼ੀ ਲਿਆਉਣ ਲਈ ਅੱਜ ਚਰਚਾ ਕੀਤੀ। ਮੁੰਬਈ ’ਚ ਇਹ ਬੈਠਕ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਈਯੂ ਦੇ ਵਪਾਰ ਤੇ ਆਰਥਿਕ ਸੁਰੱਖਿਆ ਕਮਿਸ਼ਨਰ ਮਾਰੋਸ ਸੇਵਕੋਵਿਕ ਵਿਚਾਲੇ ਦੋਵਾਂ ਧਿਰਾਂ ਦੇ ਅਧਿਕਾਰੀਆਂ ਨਾਲ ਹੋਈ।
ਗੋਇਲ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਸਾਡੀ ਚਰਚਾ ਤਵਾਜ਼ਨਦਾਰ ਅਤੇ ਸਾਵੇਂ ਲਾਭਕਾਰੀ ਮੁਕਤ ਵਪਾਰ ਸਮਝੌਤੇ (free trade agreement) ਦੀ ਦਿਸ਼ਾ ’ਚ ਕੋਸ਼ਿਸ਼ਾਂ ਤੇਜ਼ ਕਰਨ ’ਤੇ ਕੇਂਦਰਤ ਸੀ। ਆਰਥਿਕ ਸਬੰਧ ਗੂੜ੍ਹੇ ਕਰਨ ਤੇ ਖੁਸ਼ਹਾਲ ਭਾਰਤ-ਯੂਰੋਪੀਅਨ ਯੂਨੀਅਨ ਸੰਘ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ।’’
ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਟੈਕਸ ਨੀਤੀ ’ਤੇ ਵਧਦੇ ਫਿਕਰਾਂ ਦੌਰਾਨ 28 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ (European Commission President Ursula von der Leyen) ਨੇ ਇਸ ਸਾਲ ਦੇ ਅੰਤ ਤੱਕ ਐੱਫਟੀਏ ਨੂੰ ਅੰਤਿਮ ਰੂਪ ਦੇਣ ’ਤੇ ਸਹਿਮਤੀ ਜਤਾਈ ਸੀ। ਦੋਵਾਂ ਧਿਰਾਂ ਵਿਚਾਲੇ 10 ਤੋਂ 14 ਮਾਰਚ ਤੱਕ ਬਰੱਸਲਜ਼ ’ਚ ਮੁਕਤ ਵਪਾਰ ਸਮਝੌਤੇ ਲਈ ਦਸਵੇਂ ਗੇੜ ਦੀ ਗੱਲਬਾਤ ਹੋਣੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵੱਧ ਟੈਕਸ ਲਾਉਣ ਦੀ ਧਮਕੀ ਦੇ ਮੱਦੇਨਜ਼ਰ ਦੋਵਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਕਾਫੀ ਅਹਿਮ ਹੈ। ਮੌਜੂਦਾ ਅਨਿਸ਼ਚਿਤ ਆਲਮੀ ਆਰਥਿਕ ਸਥਿਤੀ ’ਚ ਭਾਰਤ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਹੈ। ਕਾਬਿਲੇਗੌਰ ਹੈ ਕਿ ਜੂਨ 2022 ’ਚ ਭਾਰਤ ਅਤੇ 27 ਮੁਲਕਾਂ ਦੀ ਯੂਰੋਪੀਅਨ ਯੂਨੀਅਨ ਨੇ ਅੱਠ ਸਾਲਾਂ ਤੋਂ ਵੱਧ ਦੇ ਵਕਫ਼ੇ ਮਗਰੋਂ ਗੱਲਬਾਤ ਬਹਾਲ ਕੀਤੀ ਸੀ। ਬਾਜ਼ਾਰਾਂ ਨੂੰ ਖੋਲ੍ਹਣ ਦੇ ਪੱਧਰ ’ਤੇ ਮਤਭੇਦਾਂ ਕਾਰਨ 2013 ’ਚ ਇਹ ਗੱਲਬਾਤ ਰੁਕ ਗਈ ਸੀ। -ਪੀਟੀਆਈ
Advertisement
Advertisement
×