ਮਾਲਦੀਵ ਦੀ ਹਮਾਇਤ ਲਈ ਭਾਰਤ ਵਚਨਬੱਧ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਦੋ ਰੋਜ਼ਾ ਦੌਰੇ ਦੌਰਾਨ ਅੱਜ ਕਿਹਾ ਕਿ ਭਾਰਤ ਮਾਲਦੀਵ ਦੇ ਲੋਕਾਂ ਦੀਆਂ ਇੱਛਾਵਾਂ ਦਾ ਸਮਰਥਨ ਕਰਨ ਅਤੇ ਸਾਡੇ ਗ੍ਰਹਿ ਦੇ ਬਿਹਤਰ ਭਵਿੱਖ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ, ਮਾਲਦੀਵ ਨਾਲ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਉਤਸ਼ਾਹਿਤ ਹੈ। ਇਸ ਦੌਰਾਨ ਉਨ੍ਹਾਂ ਮਾਲਦੀਵ ਦੇ ਉਪ ਰਾਸ਼ਟਰਪਤੀ ਹੁਸੈਨ ਮੁਹੰਮਦ ਲਤੀਫ਼ ਸਣੇ ਦੇਸ਼ ਦੇ ਪ੍ਰਮੁੱਖ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ। ਉਨ੍ਹਾਂ ਲਤੀਫ਼ ਨਾਲ ਭਾਰਤ-ਮਾਲਦੀਵ ਸਬੰਧਾਂ ਦੇ ਮੁੱਖ ਥੰਮ੍ਹਾਂ ਬਾਰੇ ਚਰਚਾ ਕੀਤੀ।
ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਸਾਡੇ ਦੇਸ਼ ਬੁਨਿਆਦੀ ਢਾਂਚੇ, ਤਕਨਾਲੋਜੀ, ਜਲਵਾਯੂ ਬਦਲਾਅ, ਊਰਜਾ ਆਦਿ ਵਰਗੇ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਰਹੇ ਹਨ। ਇਹ ਸਾਡੇ ਦੇਸ਼ ਦੇ ਲੋਕਾਂ ਲਈ ਕਾਫੀ ਫਾਇਦੇਮੰਦ ਹੈ। ਅਸੀਂ ਆਗਾਮੀ ਸਾਲਾਂ ਵਿੱਚ ਇਸ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਲਈ ਉਤਸ਼ਾਹਿਤ ਹਾਂ।’’ ਪ੍ਰਧਾਨ ਮੰਤਰੀ ਨੇ ਮਾਲਦੀਵ ਦੇ ਆਜ਼ਾਦੀ ਦਿਹਾੜੇ ਦੀ 60ਵੀਂ ਵਰ੍ਹੇਗੰਢ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਦੋਹਾਂ ਧਿਰਾਂ ਨੇ ਡੂੰਘੇ ਅਤੇ ਵਿਸ਼ੇਸ਼ ਸਬੰਧਾਂ ਬਾਰੇ ਵਿਚਾਰ-ਚਰਚਾ ਕੀਤੀ। ਉਪ ਰਾਸ਼ਟਰਪਤੀ ਲਤੀਫ਼ ਨੇ ਲੋੜ ਦੇ ਸਮੇਂ ਮਾਲਦੀਵ ਨੂੰ ਭਾਰਤ ਦੀ ਨਿਰੰਤਰ ਸਹਾਇਤਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।’’ ਲਤੀਫ਼ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨੂੰ ਮਿਲਣਾ ਸਨਮਾਨ ਵਾਲੀ ਗੱਲ ਹੈ। ਮੋਦੀ ਨੇ ਪੀਪਲਜ਼ ਮਜਲਿਸ (ਮਾਲਦੀਵੀਅਨ ਸੰਸਦ) ਦੇ ਸਪੀਕਰ ਅਬਦੁਲ ਰਹੀਮ ਅਬਦੁੱਲਾ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ-ਮਾਲਦੀਵ ਦੀ ਡੂੰਘੀ ਦੋਸਤੀ ਜਿਸ ਵਿੱਚ ਸਾਡੀਆਂ ਸਬੰਧਤ ਸੰਸਦਾਂ ਦੇ ਨਜ਼ਦੀਕੀ ਸਬੰਧ ਸ਼ਾਮਲ ਹਨ, ਬਾਰੇ ਗੱਲਬਾਤ ਕੀਤੀ ਗਈ।’’ ਉਨ੍ਹਾਂ 20ਵੀਂ ਮਜਲਿਸ ਵਿੱਚ ਭਾਰਤ-ਮਾਲਦੀਵ ਸੰਸਦੀ ਦੋਸਤੀ ਸਮੂਹ ਦੇ ਗਠਨ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ, ਮਾਲਦੀਵ ਵਿੱਚ ਸਮਰੱਥਾ ਨਿਰਮਾਣ ’ਚ ਸਹਾਇਤਾ ਕਰਨ ਲਈ ਵਚਨਬੱਧ ਹੈ।’’ਸਪੀਕਰ ਨੇ ਮਾਲਦੀਵ ਅਤੇ ਦੋਵੇ ਲੋਕਤੰਤਰਾਂ ਵਿਚਾਲੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਭਾਰਤ ਦੀ ਨਿਰੰਤਰ ਵਚਨਬੱਧਤਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨਾਲ ਵੀ ਮੁਲਾਕਾਤ ਕੀਤੀ। ਨਸ਼ੀਦ ਨੇ ਕਿਹਾ ਕਿ ਉਹ ਹਮੇਸ਼ਾ ਭਾਰਤ-ਮਾਲਦੀਵ ਦੀ ਡੂੰਘੀ ਦੋਸਤੀ ਦੇ ਮਜ਼ਬੂਤ ਸਮਰਥਕ ਰਹੇ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਨਾਲ ਵੀ ਇੱਕ ਸਾਰਥਕ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੂਈਜ਼ੂ ਨਾਲ ਵਿਆਪਕ ਗੱਲਬਾਤ ਕੀਤੀ ਅਤੇ ਟਾਪੂ ਰਾਸ਼ਟਰ ਲਈ 4,850 ਕਰੋੜ ਰੁਪਏ ਦੀ ਲਾਈਨ ਆਫ ਕ੍ਰੈਡਿਟ ਦਾ ਐਲਾਨ ਕੀਤਾ। ਅੱਜ ਦੇਰ ਸ਼ਾਮ ਤਾਮਿਲਨਾਡੂ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੇ ਤੂਤੀਕੋਰਿਨ ਸ਼ਹਿਰ ਵਿੱਚ 4900 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਉਦਘਾਟਨ ਕੀਤੇ। ਇਸ ਦੌਰਾਨ ਉਨ੍ਹਾਂ ਤਾਮਿਲਨਾਡੂ ਪ੍ਰਤੀ ਐੱਨਡੀਏ ਸਰਕਾਰ ਦੀਆਂ ਵਚਨਬੱਧਤਾਵਾਂ ਨੂੰ ਦੁਹਰਾਇਆ।
ਮਾਲਦੀਵ ਦੇ ਆਜ਼ਾਦੀ ਦਿਹਾੜਾ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਾਲਦੀਵ ਦੇ 60ਵੇਂ ਆਜ਼ਾਦੀ ਦਿਹਾੜੇ ਸਬੰਧੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀੇ। ਕੁਝ ਸਮੇਂ ਦੀ ਬੇਚੈਨੀ ਤੋਂ ਬਾਅਦ ਇਹ ਦੁਵੱਲੇ ਸਬੰਧਾਂ ਵਿੱਚ ਨਵੀਂ ਗਤੀ ਦਾ ਸੰਕੇਤ ਹੈ। ਸਮਾਰੋਹ ਵਾਲੀ ਥਾਂ ਅਤੇ ਮਾਲਦੀਵ ਦੀ ਰਾਜਧਾਨੀ ਵਿੱਚ ਸਥਿਤ ਪ੍ਰਸਿੱਧ ਰਿਪਬਲਿਕ ਸਕੁਐਰ ’ਚ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸੀਨੀਅਰ ਮੰਤਰੀਆਂ ਨੇ ਮੋਦੀ ਦਾ ਸਵਾਗਤ ਕੀਤਾ। 50 ਮਿੰਟ ਤੋਂ ਵੱਧ ਚੱਲੇ ਇਸ ਸਮਾਰੋਹ ਤੋਂ ਬਾਅਦ ਮੋਦੀ ਨੇ ਕਿਹਾ ਕਿ ਭਾਰਤ ਮਾਲਦੀਵ ਦੇ ਲੋਕਾਂ ਦੀਆਂ ਇੱਛਾਵਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਭਾਰਤ ਅਤੇ ਮਾਲਦੀਵ ਆਪਸੀ ਸਤਿਕਾਰ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਤੇ ਆਰਥਿਕ ਆਦਾਨ-ਪ੍ਰਦਾਨ ਦੇ ਲੰਬੇ ਇਤਿਹਾਸ ’ਤੇ ਆਧਾਰਤ ਮਜ਼ਬੂਤ ਭਾਈਵਾਲੀ ਸਾਂਝੀ ਕਰਦੇ ਹਨ।’’