ਦੁਵੱਲਾ ਵਪਾਰ ਤੇ ਨਿਵੇਸ਼ ਵਧਾਉਣਗੇ ਭਾਰਤ-ਚੀਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਭਾਰਤ-ਚੀਨ ਸਰਹੱਦੀ ਮੁੱਦੇ ’ਤੇ ‘ਨਿਰਪੱਖ, ਢੁੱਕਵੇਂ ਤੇ ਇਕ-ਦੂਜੇ ਨੂੰ ਸਵੀਕਾਰ ਹੋਣ ਯੋਗ’ ਹੱਲ ਦੀ ਦਿਸ਼ਾ ’ਚ ਕੰਮ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਅਤੇ ਆਲਮੀ ਵਪਾਰ ਨੂੰ ਸਥਿਰ ਕਰਨ ਲਈ ਦੋਵਾਂ ਦੇਸ਼ਾਂ ਦੀ ਭੂਮਿਕਾ ਨੂੰ ਮਾਨਤਾ ਦਿੰਦਿਆਂ ਵਪਾਰ ਤੇ ਨਿਵੇਸ਼ ਸਬੰਧਾਂ ਦਾ ਵਿਸਤਾਰ ਕਰਨ ਦਾ ਅਹਿਦ ਲਿਆ। ਵਾਰਤਾ ਦੌਰਾਨ ਦੋਵਾਂ ਆਗੂਆਂ ਨੇ ਮੁੱਖ ਤੌਰ ’ਤੇ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਕੇਂਦਰਿਤ ਕੀਤਾ। ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ’ਤੇ 50 ਫੀਸਦ ਸਮੇਤ ਵੱਡੇ ਪੱਧਰ ’ਤੇ ਲਾਏ ਗਏ ਟੈਰਿਫ ਕਾਰਨ ਆਲਮੀ ਵਪਾਰ ’ਚ ਅੜਿੱਕਿਆਂ ਦੀ ਪਿੱਠਭੂਮੀ ’ਚ ਚੁੱਕਿਆ ਗਿਆ ਹੈ। ਮੋਦੀ ਨੇ ਜਿਨਪਿੰਗ ਨੂੰ ਐੱਸ ਸੀ ਓ ਸਿਖਰ ਸੰਮੇਲਨ ਦੀ ਕਾਮਯਾਬੀ ਲਈ ਵਧਾਈ ਦਿੰਦਿਆਂ ਉਨ੍ਹਾਂ ਨੂੰ 2026 ’ਚ ਭਾਰਤ ’ਚ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਸਿਖਰ ਸੰਮੇਲਨ ਦੇ ਇੱਕ ਪਾਸੇ ਹੋਈ ਮੀਟਿੰਗ ’ਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਚੀਨ ਸਬੰਧਾਂ ਦੇ ਲਗਾਤਾਰ ਵਿਕਾਸ ਲਈ ਸਰਹੱਦੀ ਖੇਤਰਾਂ ’ਚ ਸ਼ਾਂਤੀ ਤੇ ਸੁਹਿਰਦਤਾ ਦੇ ਮਹੱਤਵ ਨੂੰ ਉਭਾਰਿਆ ਤੇ ਕਿਹਾ ਕਿ ਨਵੀਂ ਦਿੱਲੀ ‘ਆਪਸੀ ਵਿਸ਼ਵਾਸ, ਸਨਮਾਨ ਤੇ ਸੰਵੇਦਨਸ਼ੀਲਤਾ’ ਦੇ ਆਧਾਰ ’ਤੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧ ਹੈ। ਭਾਰਤ ਵੱਲੋਂ ਜਾਰੀ ਬਿਆਨ ਅਨੁਸਾਰ ਦੋਵਾਂ ਆਗੂਆਂ ਨੇ ਦੁਵੱਲਾ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਵਧਾਉਣ, ਵਪਾਰ ਘਾਟਾ ਘਟਾਉਣ ਦੀ ਵਚਨਬੱਧਤਾ ਜ਼ਾਹਿਰ ਕੀਤੀ ਅਤੇ ਬਹੁ-ਪੱਖੀ ਮੰਚਾਂ ’ਤੇ ਦੁਵੱਲੇ, ਖੇਤਰੀ ਤੇ ਆਲਮੀ ਮੁੱਦਿਆਂ ਅਤੇ ਅਤਿਵਾਦ ਤੇ ਨਿਰਪੱਖ ਵਪਾਰ ਜਿਹੀਆਂ ਚੁਣੌਤੀਆਂ ’ਤੇ ਸਾਂਝਾ ਆਧਾਰ ਬਣਾਉਣ ’ਤੇ ਸਹਿਮਤੀ ਜ਼ਾਹਿਰ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟੈਲੀਵਿਜ਼ਨ ’ਤੇ ਆਪਣੇ ਉਦਘਾਟਨੀ ਭਾਸ਼ਣ ’ਚ ਕਿਹਾ, ‘ਸਾਡਾ ਸਹਿਯੋਗ ਦੋਵਾਂ ਦੇਸ਼ਾਂ ਦੇ 2.8 ਅਰਬ ਲੋਕਾਂ ਦੇ ਹਿੱਤਾਂ ਨਾਲ ਜੁੜਿਆ ਹੋਇਆ ਹੈ। ਇਹ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਰਾਹ ਖੋਲ੍ਹੇਗਾ।’ ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਮੋਦੀ ਤੇ ਸ਼ੀ ਨੇ ਵਿਸ਼ਵ ਵਪਾਰ ਨੂੰ ਸਥਿਰ ਕਰਨ ’ਚ ਦੋਵਾਂ ਅਰਥਚਾਰਿਆਂ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ ਅਤੇ ਦੁਵੱਲੇ ਵਪਾਰ ਤੇ ਨਿਵੇਸ਼ ਸਬੰਧਾਂ ਦਾ ਵਿਸਤਾਰ ਕਰਨ ਤੇ ਵਪਾਰ ਘਾਟਾ ਘਟਾਉਣ ਲਈ ਇੱਕ ਰਾਜਨੀਤਕ ਤੇ ਰਣਨੀਤਕ ਦਿਸ਼ਾ ’ਚ ਅੱਗੇ ਵਧਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਬਿਆਨ ’ਚ ਕਿਹਾ ਗਿਆ ਹੈ, ‘ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਚੀਨ ਦੋਵੇਂ ਹੀ ਰਣਨੀਤਕ ਖੁਦਮੁਖਤਿਆਰੀ ਚਾਹੁੰਦੇ ਹਨ ਤੇ ਇਨ੍ਹਾਂ ਸਬੰਧਾਂ ਨੂੰ ਕਿਸੇ ਤੀਜੇ ਮੁਲਕ ਦੇ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ।’ ਬਿਆਨ ’ਚ ਅੱਗੇ ਕਿਹਾ ਗਿਆ, ‘ਦੋਵੇਂ ਆਗੂਆਂ ਨੇ ਬਹੁ-ਧਿਰੀ ਮੰਚਾਂ ’ਤੇ ਅਤਿਵਾਦ ਤੇ ਨਿਰਪੱਖ ਵਪਾਰ ਜਿਹੇ ਦੁਵੱਲੇ, ਖੇਤਰੀ ਤੇ ਆਲਮੀ ਮੁੱਦਿਆਂ ਤੇ ਚੁਣੌਤੀਆਂ ਲਈ ਸਾਂਝੇ ਆਧਾਰ ਦਾ ਵਿਸਤਾਰ ਕਰਨਾ ਜ਼ਰੂਰੀ ਸਮਝਿਆ।’ ਇੱਕ ਸੋਸ਼ਲ ਮੀਡੀਆ ਪੋਸਟ ’ਚ ਮੋਦੀ ਨੇ ਸ਼ੀ ਨਾਲ ਆਪਣੀ ਗੱਲਬਾਤ ਨੂੰ ‘ਉਸਾਰੂ’ ਦੱਸਿਆ। ਉਨ੍ਹਾਂ ਕਿਹਾ, ‘ਅਸੀਂ ਕਜ਼ਾਨ ’ਚ ਹੋਈ ਪਿਛਲੀ ਮੀਟਿੰਗ ਤੋਂ ਬਾਅਦ ਭਾਰਤ-ਚੀਨ ਸਬੰਧਾਂ ’ਚ ਆਈ ਸਕਾਰਾਤਮਕ ਗਤੀ ਦੀ ਸਮੀਖਿਆ ਕੀਤੀ। ਅਸੀਂ ਸਰਹੱਦੀ ਖੇਤਰਾਂ ’ਚ ਸ਼ਾਂਤੀ ਤੇ ਸੁਹਿਰਦਤਾ ਬਣਾਈ ਰੱਖਣ ਦੇ ਮਹੱਤਵ ’ਤੇ ਸਹਿਮਤ ਹੋਏ ਅਤੇ ਆਪਸੀ ਸਨਮਾਨ, ਆਪਸੀ ਹਿੱਤ ਤੇ ਆਪਸੀ ਸੰਵੇਦਨਸ਼ੀਲਤਾ ’ਤੇ ਆਧਾਰਿਤ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਕਜ਼ਾਨ ’ਚ ਹੋਈ ਆਪਣੀ ਪਿਛਲੀ ਮੀਟਿੰਗ ਮਗਰੋਂ ਦੁਵੱਲੇ ਸਬੰਧਾਂ ਨੂੰ ਮਿਲੀ ਸਕਾਰਾਤਮਕ ਗਤੀ ਅਤੇ ਉਸ ’ਚ ਹੋ ਰਹੀ ਲਗਾਤਾਰ ਪ੍ਰਗਤੀ ਦਾ ਸਵਾਗਤ ਕੀਤਾ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਦੇਸ਼ ਵਿਕਾਸ ਦੇ ਭਾਈਵਾਲ ਹਨ ਨਾ ਕਿ ਵਿਰੋਧੀ ਅਤੇ ਉਨ੍ਹਾਂ ਦੇ ਮੱਤਭੇਦ ਵਿਵਾਦਾਂ ’ਚ ਨਹੀਂ ਬਦਲਣੇ ਚਾਹੀਦੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਪਿਛਲੇ ਸਾਲ (ਪੂਰਬੀ ਲੱਦਾਖ ਦੇ ਵਿਵਾਦਤ ਬਿੰਦੂਆਂ ਤੋਂ) ਸੈਨਿਕਾਂ ਦੀ ਸਫ਼ਲ ਵਾਪਸੀ ਤੇ ਸਰਹੱਦੀ ਖੇਤਰ ’ਚ ਸ਼ਾਂਤੀ ਤੇ ਸੁਹਿਰਦਤਾ ਦੀ ਬਹਾਲੀ ’ਤੇ ਤਸੱਲੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, ‘ਦੋਵਾਂ ਆਗੂਆਂ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਦੋ ਵਿਸ਼ੇਸ਼ ਪ੍ਰਤੀਨਿਧੀਆਂ ਵਿਚਾਲੇ ਹੋਈ ਵਾਰਤਾ ’ਚ ਲਏ ਗਏ ਅਹਿਮ ਫ਼ੈਸਲਿਆਂ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵੀ ਹਮਾਇਤ ਦੇਣ ’ਤੇ ਸਹਿਮਤੀ ਜਤਾਈ।’ ਮੋਦੀ ਤੇ ਸ਼ੀ ਨੇ ਕੈਲਾਸ਼ ਮਾਨਸਰੋਵਰ ਯਾਤਰਾ ਅਤੇ ਸੈਲਾਨੀ ਵੀਜ਼ਾ ਦੀ ਬਹਾਲੀ ਦੇ ਆਧਾਰ ’ਤੇ ਸਿੱਧੀਆਂ ਉਡਾਣਾਂ ਤੇ ਵੀਜ਼ਾ ਸਹੂਲਤ ਰਾਹੀਂ ਲੋਕਾਂ ਵਿਚਾਲੇ ਸਬੰਧ ਮਜ਼ਬੂਤ ਕਰਨ ਦੀ ਲੋੜ ਨੂੰ ਵੀ ਉਭਾਰਿਆ। -ਪੀਟੀਆਈ
ਮੋਦੀ ਨੇ ਟਰੰਪ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਹਮਾਇਤ ਦੇਣ ਤੋਂ ਕੀਤਾ ਸੀ ਇਨਕਾਰ
ਵਾਸ਼ਿੰਗਟਨ ਡੀਸੀ: ‘ਨਿਊਯਾਰਕ ਟਾਈਮਜ਼’ ਦੀ ਇੱਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 17 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਦੌਰਾਨ ਭਾਰਤ-ਪਾਕਿਸਤਾਨ ਵਿਚਾਲੇ ਫੌਜੀ ਸੰਘਰਸ਼ ਖਤਮ ਕਰਨ ਦੇ ਆਧਾਰ ’ਤੇ ਨੋਬੇਲ ਸ਼ਾਂਤੀ ਪੁਰਸਕਾਰ ਨਾਮਜ਼ਦਗੀ ਲਈ ਉਨ੍ਹਾਂ ਦੀ ਹਮਾਇਤ ਮੰਗੀ ਸੀ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਵੀਕਾਰ ਨਹੀਂ ਕੀਤਾ ਸੀ ਅਤੇ ਟਰੰਪ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਦੋਵਾਂ ਮੁਲਕਾਂ ਵਿਚਾਲੇ ਜੰਗਬੰਦੀ ਭਾਰਤ ਤੇ ਪਾਕਿ ਵਿਚਾਲੇ ਸਹਿਮਤੀ ਨਾਲ ਹੋਈ ਸੀ। ਰਿਪੋਰਟ ਅਨੁਸਾਰ ਮੋਦੀ ਵੱਲੋਂ ਟਰੰਪ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਹਮਾਇਤ ਦੇਣ ਤੋਂ ਕੀਤੇ ਗਏ ਇਨਕਾਰ ਨੇ ਦੋਵਾਂ ਮੁਲਕਾਂ ਵਿਚਾਲੇ ਸਬੰਧ ਵਿਗਾੜਨ ’ਚ ਅਹਿਮ ਭੂਮਿਕਾ ਨਿਭਾਈ ਹੈ। ਮੁਜੀਬ ਮਸ਼ਾਲ, ਟਾਇਲਰ ਪੇਜਰ ਤੇ ਅਨੁਪ੍ਰੀਤਾ ਦਾਸ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ’ਤੇ ਗੱਲਬਾਤ ਦੌਰਾਨ ਟਰੰਪ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਉਨ੍ਹਾਂ ਨੂੰ ਫੌਜੀ ਸੰਘਰਸ਼ ਖਤਮ ਹੋਣ ’ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਵਾਲਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਦੱਸਿਆ ਕਿ ਹਾਲੀਆ ਜੰਗਬੰਦੀ ’ਚ ਅਮਰੀਕਾ ਦੀ ਸ਼ਮੂਲੀਅਤ ਦਾ ਕੋਈ ਲੈਣਾ-ਦੇਣਾ ਨਹੀਂ ਹੈ। -ਏਐੱਨਆਈ
ਐੱਸ ਸੀ ਓ ਸਿਖਰ ਸੰਮੇਲਨ ਦੇ ਐਲਾਨਨਾਮੇ ’ਤੇ ਸਭ ਦੀਆਂ ਨਜ਼ਰਾਂ
ਨਵੀਂ ਦਿੱਲੀ (ਉਜਵਲ ਜਲਾਲੀ): ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਸਿਖਰ ਸੰਮੇਲਨ ਭਲਕੇ 1 ਸਤੰਬਰ ਨੂੰ ਨੇਪਰੇ ਚੜ੍ਹ ਜਾਵੇਗਾ। ਨਵੀਂ ਦਿੱਲੀ ਦਾ ਧਿਆਨ ਸਾਂਝੇ ਐਲਾਨਨਾਮੇ ਦੇ ਸ਼ਬਦਾਂ ਅਤੇ ਖਾਸ ਤੌਰ ’ਤੇ ਅਤਿਵਾਦ ਦੇ ਸੰਦਰਭ ’ਤੇ ਕੇਂਦਰਿਤ ਹੈ। ਭਾਰਤ ਨੂੰ ਆਸ ਹੈ ਕਿ ਇਸ ਦਸਤਾਵੇਜ਼ ’ਚ ਸਰਹੱਦ ਪਾਰੋਂ ਹੁੰਦੇ ਅਤਿਵਾਦ ਖ਼ਿਲਾਫ਼ ਸਖਤ ਰੁਖ਼ ਅਪਣਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਖਰ ਸੰਮੇਲਨ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਦੇਸ਼ ਮੰਤਰਾਲੇ ਦੇ ਸਿਖਰਲੇ ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਐੱਸ ਸੀ ਓ ਅਧੀਨ ਖੇਤਰੀ ਸਹਿਯੋਗ ਨੂੰ ਹੁਲਾਰਾ ਦੇਣ ਦੇ ਭਾਰਤ ਦੇ ਨਜ਼ਰੀਏ ਦੀ ਰੂਪ-ਰੇਖਾ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ ਜੂਨ ’ਚ ਕਿੰਗਦਾਓ ’ਚ ਹੋਈ ਐੱਸ ਸੀ ਓ ਰੱਖਿਆ ਮੰਤਰੀਆਂ ਦੀ ਮੀਟਿੰਗ ’ਚ ਭਾਰਤ ਨੇ ਸਰਹੱਦ ਪਾਰੋਂ ਹੁੰਦੇ ਅਤਿਵਾਦ ਦਾ ਕੋਈ ਜ਼ਿਕਰ ਨਾ ਹੋਣ ਦਾ ਹਵਾਲਾ ਦਿੰਦਿਆਂ ਸਾਂਝੇ ਬਿਆਨ ’ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹ ਸੰਮੇਲਨ ਪਹਿਲਗਾਮ ਹਮਲੇ ਤੋਂ ਕੁਝ ਦਿਨ ਬਾਅਦ ਹੋਇਆ ਸੀ।