India, China hold diplomatic talks; ਭਾਰਤ ਤੇ ਚੀਨ ਵੱਲੋਂ ਕੰਟਰੋਲ ਰੇਖਾ ’ਤੇ ਹਾਲਾਤ ਦੀ ਨਜ਼ਰਸਾਨੀ
ਨਵੀਂ ਦਿੱਲੀ, 5 ਦਸੰਬਰ
ਭਾਰਤ ਅਤੇ ਚੀਨ ਨੇ ਪੂਰਬੀ ਲੱਦਾਖ ’ਚ ਵਾਪਰੀਆਂ ਘਟਨਾਵਾਂ ਤੋਂ ਸਬਕ ਲੈਂਦਿਆਂ ਅੱਜ ਕੂਟਨੀਤਕ ਪੱਧਰ ’ਤੇ ਵਾਰਤਾ ਕਰਕੇ ਅਸਲ ਕੰਟਰੋਲ ਰੇਖਾ ’ਤੇ ਹਾਲਾਤ ਦੀ ਨਜ਼ਰਸਾਨੀ ਕੀਤੀ। ਦੋਵਾਂ ਮੁਲਕਾਂ ਨੇ ਦੇਪਸਾਂਗ ਅਤੇ ਡੈਮਚੌਕ ਤੋਂ ਫੌਜ ਪਿੱਛੇ ਹਟਾਉਣ ਦੇ ਹਾਲੀਆ ਸਮਝੌਤੇ ਦੀ ਪਾਲਣਾ ਦੀ ਪੁਸ਼ਟੀ ਵੀ ਕੀਤੀ। ਇਸ ਦੌਰਾਨ ਚੀਨੀ ਵਫ਼ਦ ਦੇ ਆਗੂ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਵੀ ਮੁਲਾਕਾਤ ਕੀਤੀ। ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਵਿਚਾਰ ਵਟਾਂਦਰੇ ਅਤੇ ਤਾਲਮੇਲ ਸਬੰਧੀ ਕਾਰਜਕਾਰੀ ਪ੍ਰਬੰਧ ਦੇ ਢਾਂਚੇ ਤਹਿਤ ਦਿੱਲੀ ’ਚ ਵਾਰਤਾ ਹੋਈ। ਦੋਵੇਂ ਮੁਲਕਾਂ ਨੇ ਵਿਸ਼ੇਸ਼ ਨੁਮਾਇੰਦਿਆਂ ਦੀ ਅਗਲੀ ਮੀਟਿੰਗ ਲਈ ਵੀ ਸਹਿਮਤੀ ਜਤਾਈ ਹੈ। ਪੂਰਬੀ ਲੱਦਾਖ ’ਚ ਫੌਜਾਂ ਦੀ ਵਾਪਸੀ ਮੁਕੰਮਲ ਹੋਣ ਮਗਰੋਂ ਇਹ ਪਹਿਲੀ ਵਾਰਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਨੇ ਹੁਣ ਜਿਹੇ ਹੋਏ ਸਮਝੌਤੇ ਤਹਿਤ ਫੌਜਾਂ ਦੀ ਆਪੋ-ਆਪਣੀਆਂ ਥਾਵਾਂ ’ਤੇ ਵਾਪਸੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ 2020 ਦੀਆਂ ਘਟਨਾਵਾਂ ਤੋਂ ਸਿੱਖੇ ਸਬਕ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਅਜਿਹੀਆਂ ਘਟਨਾਵਾਂ ਦੁਹਰਾਈਆਂ ਨਾ ਜਾਣ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਨੇ ਨਿਯਮਤ ਤੌਰ ’ਤੇ ਕੂਟਨੀਤਕ ਅਤੇ ਫੌਜੀ ਪੱਧਰ ’ਤੇ ਵਾਰਤਾ ਕਰਨ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ। -ਪੀਟੀਆਈ