ਭਾਰਤ-ਚੀਨ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ
ਪੇਈਚਿੰਗ, 1 ਅਪਰੈਲ
ਭਾਰਤ ਅਤੇ ਚੀਨ ਦੇ ਆਗੂਆਂ ਨੇ ਦੁਵੱਲੇ ਸਬੰਧਾਂ ਦੀ 75ਵੀਂ ਵਰ੍ਹੇਗੰਢ ਮੌਕੇ ਇਕ-ਦੂਜੇ ਨੂੰ ਵਧਾਈ ਸੁਨੇਹੇ ਦਿੱਤੇ ਹਨ। ਪੂਰਬੀ ਲੱਦਾਖ ’ਚ ਕਰੀਬ ਚਾਰ ਸਾਲਾਂ ਤੱਕ ਚੱਲੇ ਟਕਰਾਅ ਮਗਰੋਂ ਭਾਰਤ ਅਤੇ ਚੀਨ ਵਿਚਾਲੇ ਸੁਖਾਵੇਂ ਸਬੰਧ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੁਓ ਜਿਆਕੁਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਅੱਜ ਭਾਰਤ ਅਤੇ ਚੀਨ ਵਿਚਕਾਰ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਦਰੋਪਦੀ ਮੁਰਮੂ, ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ-ਦੂਜੇ ਨੂੰ ਵਧਾਈ ਸੁਨੇਹੇ ਭੇਜੇ ਹਨ।’’ ਗੁਓ ਨੇ ਕਿਹਾ ਕਿ ਦੋਵੇਂ ਪੁਰਾਤਨ ਸਭਿਅਤਾ ਵਾਲੇ, ਵੱਡੇ ਵਿਕਾਸਸ਼ੀਲ ਮੁਲਕ ਅਤੇ ਗਲੋਬਲ ਸਾਊਥ ਦੇ ਅਹਿਮ ਮੈਂਬਰ ਹਨ। ਉਨ੍ਹਾਂ ਕਿਹਾ ਕਿ ਦੁਵੱਲੇ ਸਬੰਧਾਂ ਦਾ ਇਤਿਹਾਸ ਇਹ ਦਰਸਾਉਂਦਾ ਹੈ ਕਿ ਇਕ-ਦੂਜੇ ਦੀ ਸਫ਼ਲਤਾ ’ਚ ਯੋਗਦਾਨ ਦੇਣ ਅਤੇ ‘ਡਰੈਗਨ ਤੇ ਹਾਥੀ’ ਦਾ ਸਾਂਝਾ ਨਾਚ ਦੋਵੇਂ ਮੁਲਕਾਂ ’ਚ ਭਾਈਵਾਲੀ ਵਧਾਉਣ ਦਾ ਸਹੀ ਮੌਕਾ ਹੈ। ਚੀਨੀ ਆਗੂ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਆਗੂਆਂ ਦੇ ਮਾਰਗ-ਦਰਸ਼ਨ ਹੇਠ ਚੀਨ, ਭਾਰਤ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹੈ ਅਤੇ ਇਹ ਰਣਨੀਤਕ ਦੁਵੱਲਾ ਭਰੋਸਾ ਵਧਾਉਣ ਦਾ ਮੌਕਾ ਹੈ ਤਾਂ ਜੋ ਵੱਖ ਵੱਖ ਖੇਤਰਾਂ ’ਚ ਸਹਿਯੋਗ ਹੋਰ ਵਧਾਇਆ ਜਾ ਸਕੇ। -ਪੀਟੀਆਈ