ਭਾਰਤ ਭਾਸ਼ਾਵਾਂ ਦੇ ਆਧਾਰ ’ਤੇ ਵੰਡ ਸਹਿਣ ਨਹੀਂ ਕਰ ਸਕਦਾ: ਧਨਖੜ
ਪੁੱਡੂਚੇਰੀ, 17 ਜੂਨ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਭਾਰਤ ਦੁਨੀਆ ਦਾ ਅਹਿਮ ਮੁਲਕ ਹੈ ਤੇ ਉਹ ਭਾਸ਼ਾਵਾਂ ਦੇ ਮੁੱਦੇ ’ਤੇ ਵੰਡ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਨੇ ਲੋਕਾਂ ਨੂੰ ਦੇਸ਼ ਦੇ ਭਵਿੱਖ ਦੇ ਭਲੇ ’ਤੇ ਵਿਚਾਰ ਕਰਨ ਅਤੇ ‘ਇਸ ਤੂਫ਼ਾਨ ਵਿੱਚੋਂ ਨਿਕਲਣ’ ਦੀ ਅਪੀਲ ਕੀਤੀ। ਉਨ੍ਹਾਂ ਨੇ ਕੌਮੀ ਸਿੱਖਿਆ ਨੀਤੀ (ਐੱਨਈਪੀ) -2020 ਲਾਗੂ ਕਰਨ ਦੀ ਵਕਾਲਤ ਵੀ ਕੀਤੀ ਤੇ ਕਿਹਾ ਕਿ ਇਹ ਸਿੱਖਿਆ ਦੇ ਖੇਤਰ ’ਚ ਅਹਿਮ ਤਬਦੀਲੀ ਲਿਆਏਗੀ, ਜਿਸ ਨਾਲ ਦੇਸ਼ ਦੇ ਵਿਕਾਸ ਨੂੰ ਰਫ਼ਤਾਰ ਮਿਲੇਗੀ। ਪੌਂਡੀਚੇਰੀ ਯੂਨੀਵਰਸਿਟੀ ’ਚ ਬੋਲਦਿਆਂ ਧਨਖੜ ਨੇ ਕਿਹਾ, ‘‘ਐੱਨਈਪੀ ਕਿਸੇ ਸਰਕਾਰ ਦੀ ਨੀਤੀ ਨਹੀਂ ਹੈ ਅਤੇ ਇਹ ਸਾਡੇ ਨੌਜਵਾਨਾਂ ਨੂੰ ਉਨ੍ਹਾਂ ਦੇ ਹੁਨਰ ਤੇ ਊਰਜਾ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਦੀ ਆਗਿਆ ਤੇ ਸਾਰੀਆਂ ਕੌਮੀ ਭਾਸ਼ਾਵਾਂ ਨੂੰ ਅਹਿਮੀਅਤ ਦਿੰਦੀ ਹੈ।’’ ਉਨ੍ਹਾਂ ਨੇ ਇਹ ਗੱਲ ਅਸਿੱਧੇ ਤੌਰ ’ਤੇ ਉਨ੍ਹਾਂ ਸਿਆਸੀ ਪਾਰਟੀਆਂ ਦੇ ਸਬੰਧ ’ਚ ਆਖੀ ਜਿਹੜੀਆਂ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਐੱਨਈਪੀ ਲਾਗੂ ਕਰਨ ਦਾ ਵਿਰੋਧ ਕਰਦੀਆਂ ਹਨ ਤੇ ਅਤੇ ਦਾਅਵਾ ਕਰਦੀਆਂ ਹਨ ਕਿ ਇਸ ਨੀਤੀ ਰਾਹੀਂ ਹਿੰਦੀ ਥੋਪਣ ਦੀ ਕੋਸ਼ਿਸ਼ ਕੀਤੀ ਗਈ ਹੈ। ਧਨਖੜ ਨੇ ਕਿਹਾ, ‘‘ਪਿਛਲੇ ਦਹਾਕੇ ’ਚ ਬੇਮਿਸਾਲ ਵਿਕਾਸ ਦੇ ਨਤੀਜੇ ਵਜੋਂ ਭਾਰਤ ਦੁਨੀਆ ਦਾ ਅਹਿਮ ਮੁਲਕ ਹੈ। ਅਸੀਂ ਭਾਸ਼ਾਵਾਂ ਨੂੰ ਲੈ ਕਿਵੇਂ ਵੰਡੇ ਜਾ ਸਕਦੇ ਹਾਂ? ਵਿਸ਼ਵ ’ਚ ਕੋਈ ਵੀ ਮੁਲਕ ਭਾਸ਼ਾਵਾਂ ਦੇ ਮਾਮਲੇ ’ਚ ਭਾਰਤ ਜਿੰਨਾ ਅਮੀਰ ਨਹੀਂ ਹੈ।’’ -ਪੀਟੀਆਈ