ਭਾਰਤ ਨੇ 50 ਤੋਂ ਘੱਟ ਹਥਿਆਰ ਵਰਤ ਕੇ ਪਾਕਿ ਦੀਆਂ ਗੋਡਣੀਆਂ ਲੁਆਈਆਂ: ਹਵਾਈ ਫ਼ੌਜ
ਹਵਾਈ ਫ਼ੌਜ ਦੇ ਉਪ ਮੁਖੀ ਏਅਰ ਮਾਰਸ਼ਲ ਨਰਮਦੇਸ਼ਵਰ ਤਿਵਾੜੀ ਨੇ ਅੱਜ ਦੱਸਿਆ ਕਿ ਭਾਰਤੀ ਹਵਾਈਫ਼ੌਜ ਵੱਲੋਂ ਸਾਵਧਾਨੀ ਨਾਲ ਚੁਣੇ ਗਏ ਪਾਕਿਸਤਾਨ ਦੇ ਫੌਜੀ ਟਿਕਾਣਿਆਂ ’ਤੇ ਦਾਗੇ ਗਏ 50 ਤੋਂ ਵੀ ਘੱਟ ਹਥਿਆਰਾਂ ਕਾਰਨ 10 ਮਈ ਨੂੰ ਦੁਪਹਿਰ ਤੱਕ ਇਸਲਾਮਾਬਾਦ ਨੂੰ ਫੌਜੀ ਸੰਘਰਸ਼ ਖਤਮ ਕਰਨ ਦੀ ਅਪੀਲ ਕਰਨੀ ਪਈ। ਏਅਰ ਮਾਰਸ਼ਲ ਤਿਵਾੜੀ ਨੇ ਇਸ ਮਿਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ 9 ਤੇ 10 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੇ ਹਮਲੇ ਤੋਂ ਬਾਅਦ ਕੀਤੇ ਗਏ ਇਨ੍ਹਾਂ ਹਮਲਿਆਂ ਨਾਲ ਭਾਰਤੀ ਹਵਾਈਫ਼ੌਜ ਪਾਕਿਸਤਾਨੀ ਫ਼ੌਜ ’ਤੇ ‘ਪੂਰਾ ਦਬਦਬਾ’ ਬਣਾਉਣ ’ਚ ਕਾਮਯਾਬ ਰਹੀ। ਐੱਨ ਡੀ ਟੀ ਵੀ ਰੱਖਿਆ ਸੰਮੇਲਨ ’ਚ ਤਿਵਾੜੀ ਨੇ ਕਿਹਾ, ‘ਮੈਂ ਤੁਹਾਨੂੰ ਦਸ ਦੇਵਾਂ ਕਿ ਇਹ ਸਾਡੇ ਲਈ ਇੱਕ ਅਹਿਮ ਪ੍ਰਾਪਤੀ ਸੀ ਕਿ 50 ਤੋਂ ਘੱਟ ਹਥਿਆਰਾਂ ਨਾਲ ਅਸੀਂ ਪੂਰਾ ਦਬਦਬਾ ਕਾਇਮ ਕਰਨ ’ਚ ਕਾਮਯਾਬ ਰਹੇ। ਅਜਿਹਾ ਪਹਿਲਾਂ ਕਦੀ ਨਹੀਂ ਹੋਇਆ।’
ਅਪਰੇਸ਼ਨ ਸਿੰਧੂਰ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਹਵਾਈਫ਼ੌਜ ਅਧਿਕਾਰੀ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਜਿਹੜੇ ਪਾਕਿਸਤਾਨੀ ਟਿਕਾਣੇ ‘ਤਬਾਹ’ ਕੀਤੇ ਗਏ, ਉਨ੍ਹਾਂ ’ਚੋਂ ਕੁਝ 1971 ਦੀ ਜੰਗ ਦੌਰਾਨ ਵੀ ਨਿਸ਼ਾਨਾ ਨਹੀਂ ਬਣਾਏ ਗਏ ਸਨ। ਉਨ੍ਹਾਂ ਕਿਹਾ, ‘ਅਸੀਂ ਹਰ ਹਥਿਆਰ ਦੀ ਵਰਤੋਂ ਕੀਤੀ ਅਤੇ ਇਹ ਸਾਡੇ ਯੋਜਨਾ ਬਣਾਉਣ ਵਾਲਿਆਂ ਤੇ ਮੁਹਿੰਮ ਨੂੰ ਅੰਜਾਮ ਦੇਣ ਵਾਲਿਆਂ ਦੀ ਸਮਰੱਥਾ ਦਾ ਸਬੂਤ ਹੈ।’ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ’ਚ ਭਾਰਤ ਨੇ 7 ਮਈ ਨੂੰ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ, ਜਿਸ ’ਚ ਪਾਕਿਸਤਾਨ ਦੇ ਕੰਟਰੋਲ ਹੇਠਲੇ ਇਲਾਕਿਆਂ ’ਚ ਅਤਿਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।