INDIA BLOC MEET ਜਵਾਬ ਦੇਣ ਤੋਂ ਟਾਲਾ ਵੱਟ ਰਹੀ ਹੈ ਕੇਂਦਰ ਸਰਕਾਰ: ਇੰਡੀਆ ਗੱਠਜੋੜ
INDIA bloc parties hold online meeting ahead of Monsoon sessionਇੰਡੀਆ ਗੱਠਜੋੜ ਦੇ ਆਗੂਆਂ ਨੇ ਅੱਜ ਆਨਲਾਈਨ ਮੀਟਿੰਗ ਕੀਤੀ ਤੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਸੱਤਾਧਿਰ ਪਾਰਟੀ ਵਿਰੋਧੀ ਪਾਰਟੀਆਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੀ ਹੈ। ਕਾਂਗਰਸ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੌਨਸੂਨ ਸੈਸ਼ਨ ਦੌਰਾਨ ਸਦਨ ਠੀਕ ਢੰਗ ਨਾਲ ਚੱਲੇ ਪਰ ਸਰਕਾਰ ਨੂੰ ਵਿਰੋਧੀ ਪਾਰਟੀਆਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਵਿਚ ਮੌਜੂਦ ਰਹਿਣ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸੰਸਦ ਵਿੱਚ ਪਹਿਲਗਾਮ ਹਮਲਾ, ਟਰੰਪ ਦਾ ਜੰਗਬੰਦੀ ਦਾ ਦਾਅਵਾ, ਬਿਹਾਰ ਮਾਮਲਾ, ਹੱਦਬੰਦੀ ਸਣੇ ਅੱਠ ਵੱਡੇ ਮੁੱਦੇ ਉਠਾਏਗੀ। ਉਨ੍ਹਾਂ ਕਿਹਾ ਕਿ ਅੱਜ ਦੀ ਆਨਲਾਈਨ ਮੀਟਿੰਗ ਤੋਂ ਬਾਅਦ ਇੰਡੀਆ ਗੱਠਜੋੜ ਦੇ ਮੈਂਬਰ ਇਕੱਠੇ ਹੋ ਕੇ ਮੀਟਿੰਗ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਲੋਕਾਂ ’ਤੇ ਅਣਐਲਾਨੀ ਅਮਰਜੈਂਸੀ ਲਾਈ ਜਾ ਰਹੀ ਹੈ।
ਕਾਂਗਰਸ ਦੇ ਸੀਨੀਅਰ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਮੀਟਿੰਗ ਬਹੁਤ ਹੀ ਸੁਹਿਰਦਤਾ ਭਰੇ ਮਾਹੌਲ ’ਚ ਹੋਈ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਇਹ ਸਹਿਮਤੀ ਵੀ ਬਣੀ ਹੈ ਕਿ ਵਿਦੇਸ਼ ਨੀਤੀ, ਚੀਨ ਤੇ ਗਾਜ਼ਾ ਦਾ ਵਿਸ਼ਾ ਵੀ ਸੈਸ਼ਨ ’ਚ ਉਠਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਜਿਸ ਤਰ੍ਹਾਂ ਦੇਸ਼ ਦੇ ਹਿੱਤਾਂ ਨੂੰ ਅਣਗੌਲਿਆਂ ਕਰ ਰਹੀ ਹੈ, ਉਸ ਖ਼ਿਲਾਫ਼ ਵਿਰੋਧੀ ਧਿਰ ਇਕਜੁੱਟ ਹੈ। ਆਮ ਆਦਮੀ ਪਾਰਟੀ ਦੇ ਗੱਠਜੋੜ ਤੋਂ ਦੂਰੀ ਬਣਾਉਣ ਸਬੰਧੀ ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਅੱਜ ਕੁੱਲ 24 ਪਾਰਟੀਆਂ ਮੀਟਿੰਗ ’ਚ ਸ਼ਾਮਲ ਹੋਈਆਂ। ਉਨ੍ਹਾਂ ਕਿਹਾ ਕਿ ਸੰਸਦ ’ਚ ਰੁਕਾਵਟ ਨੂੰ ਟਾਲਣ ਤੇ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਵਿਰੋਧੀ ਧਿਰ ਦੀ ਨਹੀਂ, ਸਰਕਾਰ ਦੀ ਹੈ।