ਭਾਰਤ ਨੇ ਬੰਗਲਾਦੇਸ਼ ਤੋਂ ਜੂਟ ਦਰਾਮਦ ’ਤੇ ਪਾਬੰਦੀ ਲਾਈ
ਨਵੀਂ ਦਿੱਲੀ, 28 ਜੂਨ
ਭਾਰਤ ਨੇ ਬੰਗਲਾਦੇਸ਼ ਤੋਂ ਦਰਾਮਦ ਹੋਣ ਵਾਲੀ ਜੂਟ ਅਤੇ ਸਹਾਇਕ ਫਾਈਬਰ ਉਤਪਾਦਾਂ ’ਤੇ ਪਾਬੰਦੀ ਲਾ ਦਿੱਤੀ ਹੈ ਜੋ ਹੁਣ ਤੋਂ ਹੀ ਲਾਗੂ ਹੋ ਗਈ ਹੈ। ਇਹ ਫੈਸਲਾ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਤਣਾਅ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਹ ਪਾਬੰਦੀ ਮਹਾਰਾਸ਼ਟਰ ਦੇ ਨਹਾਵਾ ਸ਼ੇਵਾ ਬੰਦਰਗਾਹ ਨੂੰ ਛੱਡ ਕੇ ਦੇਸ਼ ਭਰ ਦੀਆਂ ਬੰਦਰਗਾਹਾਂ ’ਤੇ ਲਾਈ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵਣਜ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਫ ਫਾਰਨ ਟਰੇਡ ਨੇ ਅੱਜ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਸਾਫਟਾ (ਦੱਖਣੀ ਏਸ਼ਿਆਈ ਮੁਕਤ ਵਪਾਰ ਖੇਤਰ) ਦੇ ਉਪਬੰਧਾਂ ਤਹਿਤ ਬੰਗਲਾਦੇਸ਼ ਤੋਂ ਭਾਰਤ ਆਉਣ ਵਾਲੀ ਜੂਟ ਨੂੰ ਡਿਊਟੀ ਮੁਕਤ ਰੱਖਿਆ ਗਿਆ ਹੈ। ਹਾਲਾਂਕਿ, ਭਾਰਤੀ ਜੂਟ ਉਦਯੋਗ ਲੰਬੇ ਸਮੇਂ ਤੋਂ ਗੁਆਂਢੀ ਦੇਸ਼ ਤੋਂ ਜੂਟ ਉਤਪਾਦਾਂ ਦੇ ਆਉਣ ਨਾਲ ਪ੍ਰਭਾਵਿਤ ਰਿਹਾ ਹੈ ਕਿਉਂਕਿ ਬੰਗਲਾਦੇਸ਼ ਧਾਗੇ, ਫਾਈਬਰ ਅਤੇ ਥੈਲਿਆਂ ਸਬੰਧੀ ਉਤਪਾਦਾਂ ’ਤੇ ਸਬਸਿਡੀ ਦਿੰਦਾ ਆ ਰਿਹਾ ਹੈ ਜਿਸ ਕਾਰਨ ਇਹ ਪਦਾਰਥ ਭਾਰਤ ਦੇ ਉਤਪਾਦਾਂ ਤੋਂ ਸਸਤੇ ਪੈਂਦੇ ਹਨ ਤੇ ਲੋਕ ਬੰਗਲਾਦੇਸ਼ ਤੋਂ ਆਉਣ ਵਾਲੇ ਉਤਪਾਦਾਂ ਨੂੰ ਤਰਜੀਹ ਦਿੰਦੇ ਹਨ।
ਭਾਰਤ ਸਰਕਾਰ ਇਹ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੰਗਲਾਦੇਸ਼ ਦੇ ਬਰਾਮਦਕਾਰ ਇਹ ਉਤਪਾਦ ਕਿਸੇ ਹੋਰ ਦੇਸ਼ ਰਾਹੀਂ ਭਾਰਤ ਨਾ ਭੇਜ ਸਕਣ। ਪੀਟੀਆਈ